ਮੈਂ ਕਾਂਗਰਸੀ ਹਾਂ, ਦੋ ਤਿੰਨ ਦਿਨਾਂ ਵਿਚ ਪ੍ਰਚਾਰ ਸ਼ੁਰੂ ਕਰਾਂਗੀ: ਕੁਮਾਰੀ ਸ਼ੈਲਜਾ

ਮੈਂ ਕਾਂਗਰਸੀ ਹਾਂ, ਦੋ ਤਿੰਨ ਦਿਨਾਂ ਵਿਚ ਪ੍ਰਚਾਰ ਸ਼ੁਰੂ ਕਰਾਂਗੀ: ਕੁਮਾਰੀ ਸ਼ੈਲਜਾ


ਨਵੀਂ ਦਿੱਲੀ, 23 ਸਤੰਬਰ

Haryana Elections: ਕਾਂਗਰਸ ਜਨਰਲ ਸਕੱਤਰ ਕੁਮਾਰੀ ਸ਼ੈਲਜਾ ਬਾਰੇ ਪਾਰਟੀ ਤੋਂ ਨਰਾਜ਼ਗੀ ਦੀਆਂ ਖਬਰਾਂ ਵਿਚਕਾਰ ਉਨ੍ਹਾਂ ਸੋਮਵਾਰ ਨੂੰ ਕਿਹਾ ਕਿ ਉਹ ਕਾਂਗਰਸੀ ਹਨ ਅਤੇ ਅਗਲੇ 2-3 ਦਿਨਾਂ ਵਿਚ ਪ੍ਰਚਾਰ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਵਿਚ 100 ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ, ਪਰ ਉਹ ਪਾਰਟੀ ਦੇ ਅੰਦਰ ਦੀਆਂ ਗੱਲਾਂ ਹਨ। ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਅਤੇ ਮਜ਼ਬੂਤ ਕਰਨ ਲਈ ਅਸੀਂ ਹਮੇਸ਼ਾ ਮਿਹਨਤ ਕੀਤੀ ਹੈ, ਤਾਂ ਜੋ ਹਰਿਆਣਾ ਦੇ ਲੋਕਾਂ ਦੀ ਲੜਾਈ ਲੜ ਸਕੀਏ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਉਹ ਅਗਲੇ 2-3 ਦਿਨ ਵਿਚ ਪ੍ਰਚਾਰ ਸ਼ੁਰੂ ਕਰਨਗੇ। ਭਾਜਪਾ ਵੱਲੋਂ ਕੀਤੀ ਗਈ ਟਿੱਪਣੀ ਬਾਰੇ ਉਨ੍ਹਾਂ ਕਿਹਾ ਕਿ ਮੈਂ ਚੁੱਪ ਸੀ ਇਸ ਲਈ ਉਹ ਅਜਿਹੀਆਂ ਗੱਲਾਂ ਕਰਦੇ ਹਨ, ਉਨ੍ਹਾਂ ਨੂੰ ਅਤੇ ਸਭ ਨੂੰ ਪਤਾ ਹੈ ਕੁਮਾਰੀ ਸ਼ੈਲਜਾ ਕਾਂਗਰਸੀ ਹੈ। ਜ਼ਿਕਰਯੋਗ ਹੈ ਕਿ ਦਲਿਤ ਆਗੂ ਦੇ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਪ੍ਰਚਾਰ ਤੋਂ ਦੂਰ ਰਹਿਣ ਕਾਰਨ ਭਾਜਪਾ ਕਾਂਗਰਸ ਪਾਰਟੀ ’ਤੇ ਲਗਾਤਰ ਨਿਸ਼ਾਨੇ ਸੇਧ ਰਹੀ ਹੈ।

 

 

ਉਧਰ ਹਰਿਆਣਾ ਵਿਧਾਨ ਸਭਾ ਚੋਣਾਂ ਸਬੰਧੀ ਜਾਰੀ ਪ੍ਰਚਾਰ ਵਿਚਕਾਰ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਸੋਮਵਾਰ ਨੂੰ ਦਲਿਤ ਆਗੂਆਂ ਨੂੰ ਕਾਂਗਰਸ ਅਤੇ ਹੋਰ ਜਾਤੀਵਾਦੀ ਪਾਰਟੀਆਂ ਨਾਲ ਸਬੰਧ ਤੋੜਨ ਅਤੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੇ ਦਿਖਾਏ ਰਾਹ ’ਤੇ ਚੱਲਣ ਦੀ ਅਪੀਲ ਕੀਤੀ ਹੈ।
ਮਾਇਆਵਤੀ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਕਾਂਗਰਸੀ ਆਗੂ ਕੁਮਾਰੀ ਸ਼ੈਲਜਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਪ੍ਰਚਾਰ ਤੋਂ ਦੂਰੀ ਬਣਾ ਰੱਖੀ ਹੈ ਅਤੇ ਉਨ੍ਹਾਂ ਦੇ ਨਾਰਾਜ਼ ਹੋਣ ਬਾਰੇ ਕਿਆਸ ਲਾਏ ਜਾ ਰਹੇ ਹਨ।

ਉੱਤਰ ਪ੍ਰਦੇਸ਼ ਵੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ‘ਐਕਸ’ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਦੇਸ਼ ਵਿਚ ਹੁਣ ਤੱਕ ਦੇ ਰਾਜਨਿਤੀਕ ਘਟਨਾਕ੍ਰਮ ਤੋਂ ਸਬਿਤ ਹੁੰਦਾ ਹੈ ਕਿ ਕਾਂਗਰਸ ਅਤੇ ਜਾਤੀਵਾਦੀ ਪਾਰਟੀਆਂ ਨੁੰ ਆਪਣੇ ਬੁਰੇ ਦਿਨਾਂ ਵਿਚ ਕੁੱਝ ਸਮੇਂ ਲਈ ਦਲਿਤਾਂ ਦੇ ਮੁੱਖ ਮੰਤਰੀ ਅਤੇ ਸੰਗਠਨ ਆਦਿ ਦੇ ਅਹੁਦਿਆਂ ’ਤੇ ਰੱਖਣ ਦੀ ਜਰੂਰ ਯਾਦ ਆਉਂਦੀ ਹੈ। ਪਰ ਇਹ ਪਾਰਟੀਆਂ ਆਪਣੇ ਚੰਗੇ ਦਿਨਾਂ ’ਚ ਇਨ੍ਹਾਂ ’ਚੋਂ ਜ਼ਿਆਦਾਤਰ ਨੂੰ ਪਾਸੇ ਕਰ ਦਿੰਦੀਆਂ ਹਨ ਅਤੇ ਉਨ੍ਹਾਂ ਦੀ ਥਾਂ ’ਤੇ ਜਾਤੀਵਾਦੀ ਲੋਕਾਂ ਨੂੰ ਉਨ੍ਹਾਂ ਅਹੁਦਿਆਂ ’ਤੇ ਬਿਠਾਇਆ ਜਾਂਦਾ ਹੈ, ਜਿਵੇਂ ਕਿ ਇਸ ਸਮੇਂ ਹਰਿਆਣਾ ‘ਚ ਦੇਖਿਆ ਜਾ ਰਿਹਾ ਹੈ। ਮਾਇਆਵਤੀ ਨੇ ਕਾਂਗਰਸ ਸਮੇਤ ਹੋਰ ਪਾਰਟੀਆਂ ‘ਤੇ ਦਲਿਤ ਨੇਤਾਵਾਂ ਦੀ ਸੰਕਟ ਦੇ ਸਮੇਂ ਵਿਚ ਵਰਤੋਂ ਕਰਨ ਦਾ ਦੋਸ਼ ਵੀ ਲਗਾਇਆ। ਪੀਟੀਆਈ

The post ਮੈਂ ਕਾਂਗਰਸੀ ਹਾਂ, ਦੋ ਤਿੰਨ ਦਿਨਾਂ ਵਿਚ ਪ੍ਰਚਾਰ ਸ਼ੁਰੂ ਕਰਾਂਗੀ: ਕੁਮਾਰੀ ਸ਼ੈਲਜਾ appeared first on Punjabi Tribune.





Source link