ਨਾਡਾ ਵੱਲੋਂ ਵਿਨੇਸ਼ ਨੂੰ ਨੋਟਿਸ

ਨਾਡਾ ਵੱਲੋਂ ਵਿਨੇਸ਼ ਨੂੰ ਨੋਟਿਸ


ਨਵੀਂ ਦਿੱਲੀ, 25 ਸਤੰਬਰ

ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਅੱਜ ਪਹਿਲਵਾਨ ਵਿਨੇਸ਼ ਫੋਗਾਟ ਨੂੰ ਉਸ ਦੀ ਰਹਿਣ ਦੀ ਜਗ੍ਹਾ ਬਾਰੇ ਜਾਣਕਾਰੀ ਦੇਣ ਵਿੱਚ ਨਾਕਾਮ ਰਹਿਣ ਲਈ ਨੋਟਿਸ ਭੇਜ ਕੇ 14 ਦਿਨਾਂ ਵਿੱਚ ਜਵਾਬ ਮੰਗਿਆ ਹੈ। ਨਾਡਾ ਦੇ ਰਜਿਸਟਰਡ ਟੈਸਟਿੰਗ ਪੂਲ (ਆਰਟੀਪੀ) ਵਿੱਚ ਰਜਿਸਟਰਡ ਸਾਰੇ ਖਿਡਾਰੀਆਂ ਨੂੰ ਡੋਪ ਟੈਸਟ ਲਈ ਆਪਣੀ ਉਪਲਬਧਤਾ ਬਾਰੇ ਸੂਚਿਤ ਕਰਨਾ ਜ਼ਰੂਰੀ ਹੈ ਅਤੇ ਵਿਨੇਸ਼ ਵੀ ਇਨ੍ਹਾਂ ਖਿਡਾਰੀਆਂ ਵਿੱਚ ਸ਼ਾਮਲ ਹੈ, ਜੇ ਖਿਡਾਰੀ ਨੇ ਜਿਸ ਸਥਾਨ ਦੀ ਜਾਣਕਾਰੀ ਦਿੱਤੀ ਹੈ ਉਹ ਉਸ ਸਥਾਨ ’ਤੇ ਨਹੀਂ ਹੁੰਦਾ ਤਾਂ ਇਸ ਨੂੰ ਟਿਕਾਣੇ ਦੀ ਜਾਣਕਾਰੀ ਦੇਣ ਵਿੱਚ ਅਸਫਲ ਰਹਿਣਾ ਮੰਨਿਆ ਜਾਂਦਾ ਹੈ। ਆਪਣੇ ਨੋਟਿਸ ਵਿੱਚ ਨਾਡਾ ਨੇ ਪਹਿਲਵਾਨ ਤੋਂ ਸਿਆਸਤਦਾਨ ਬਣੀ ਵਿਨੇਸ਼ ਨੂੰ ਦੱਸਿਆ ਕਿ ਉਸ ਨੇ ਆਪਣੀ ਰਿਹਾਇਸ਼ ਦੀ ਜਾਣਕਾਰੀ ਨਾ ਦੇਣ ਦੀ ਗਲਤੀ ਕੀਤੀ ਹੈ ਕਿਉਂਕਿ ਉਹ 9 ਸਤੰਬਰ ਨੂੰ ਸੋਨੀਪਤ ਦੇ ਖਰਖੋਦਾ ਪਿੰਡ ਵਿੱਚ ਆਪਣੇ ਘਰ ਵਿੱਚ ਡੋਪ ਟੈਸਟ ਲਈ ਉਪਲਬਧ ਨਹੀਂ ਸੀ।

ਵਿਨੇਸ਼ ਨੇ ਪੈਰਿਸ ਓਲੰਪਿਕ ’ਚ ਫਾਈਨਲ ਵਿੱਚ ਜਗ੍ਹਾ ਬਣਾਉਣ ਦੇ ਬਾਵਜੂਦ ਜ਼ਿਆਦਾ ਭਾਰ ਹੋਣ ਕਾਰਨ ਤਗ਼ਮਾ ਨਾ ਮਿਲਣ ਦੀ ਨਿਰਾਸ਼ਾ ਤੋਂ ਬਾਅਦ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਵਿਨੇਸ਼ ਅਤੇ ਉਸ ਦਾ ਸਾਥੀ ਪਹਿਲਵਾਨ ਬਜਰੰਗ ਪੂਨੀਆ ਹਾਲ ਹੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਵਿਨੇਸ਼ ਜੁਲਾਨਾ ਹਲਕੇ ਤੋਂ ਹਰਿਆਣਾ ਵਿਧਾਨ ਸਭਾ ਚੋਣਾਂ ਲੜ ਰਹੀ ਹੈ ਅਤੇ ਇਨ੍ਹੀਂ ਦਿਨੀਂ ਚੋਣ ਪ੍ਰਚਾਰ ਵਿੱਚ ਰੁੱਝੀ ਹੋਈ ਹੈ। -ਪੀਟੀਆਈ

The post ਨਾਡਾ ਵੱਲੋਂ ਵਿਨੇਸ਼ ਨੂੰ ਨੋਟਿਸ appeared first on Punjabi Tribune.



Source link