ਅਮਨਦੀਪ ਸਿੰਘ
‘‘ਕੱਲ੍ਹ ਕਾਲਜ ਬੰਦ ਹੋ ਜਾਵੇਗਾ ਤੇ ਸਭ ਆਪੋ-ਆਪਣੇ ਘਰੀਂ ਚਲੇ ਜਾਣਗੇ! ਫਿਰ ਅਸੀਂ ਕਿਵੇਂ ਮਿਲਾਂਗੇ?’’ ਹੀਰ ਵਰਗੀ ਸੋਹਣੀ-ਸੁਨੱਖੀ ਤੇ ਸੁਚੱਜੀ ਮੁਟਿਆਰ ਪ੍ਰੀਤ ਦੇ ਚਿਹਰੇ ’ਤੇ ਉਦਾਸੀ ਝਲਕ ਰਹੀ ਸੀ। ਆਪਣੇ ਰਾਂਝੇ, ਆਪਣੇ ਰੱਬ ਤੋਂ ਵਿੱਛੜਨ ਦੇ ਖ਼ਿਆਲ ਬਾਰੇ ਸੋਚ ਕੇ ਹੀ ਉਸ ਦੇ ਦਿਲ ਵਿੱਚ ਡੋਬੂੰ ਪੈਣ ਲੱਗ ਜਾਂਦੇ ਸਨ। ਉਸ ਦਾ ਮਨ ਕਰਦਾ ਸੀ ਕਿ ਉਹ ਸਦੀਵੀ ਆਪਣੇ ਪਿਆਰ ਰੌਕੀ ਨਾਲ ਹੀ ਰਹੇ।
‘‘ਕੀ ਅਸੀਂ ਵਿਆਹ ਕਰਾ ਕੇ ਇੱਕ ਨਹੀਂ ਹੋ ਸਕਦੇ?’’
‘‘ਅੱਜਕੱਲ੍ਹ ਵੀ ਲੋਕ ਜਾਤ-ਪਾਤ ਨੂੰ ਮੰਨਦੇ ਹਨ। ਸਾਡਾ ਵਿਆਹ ਹੋਣਾ ਤਾਂ ਮੁਸ਼ਕਿਲ ਹੈ, ਫਿਰ ਵੀ ਅਸੀਂ ਕੋਸ਼ਿਸ਼ ਕਰ ਕੇ ਦੇਖਾਂਗੇ!’’ ਰੌਕੀ ਬੋਲਿਆ। ਉਸ ਨੂੰ ਕਾਲਜ ਦੇ ਪਿਛਲੇ ਚਾਰ ਸਾਲ ਯਾਦ ਆ ਰਹੇ ਸਨ। ਉਹ ਰਾਂਝੇ ਵਾਂਗ ਬਹੁਤ ਵਧੀਆ ਵੰਝਲੀ ਵਜਾਉਂਦਾ ਸੀ ਤੇ ਉਹ ਬਹੁਤ ਵਧੀਆ ਗਾਉਂਦੀ ਸੀ। ਪੰਜਾਬ ਦੀ ਸੰਗੀਤ ਨੂੰ ਦੇਣ ਰਾਗ ਭੈਰਵੀ ਵਿੱਚ ਜਦੋਂ ਉਹ ਹੀਰ ਗਾਉਂਦੀ ਸੀ ਤੇ ਉਹ ਵੰਝਲੀ ਵਜਾਉਂਦਾ ਸੀ ਤਾਂ ਸੁਣਨ ਵਾਲਿਆਂ ਦੇ ਦਿਲ ਅੰਦਰ ਕੁਝ ਹੋ ਜਾਂਦਾ ਸੀ ਤੇ ਉਹ ਉਸ ਦੀ ਮਿੱਠੀ ਆਵਾਜ਼, ਵੰਝਲੀ ਦੀ ਤਾਨ ਤੇ ਰਾਗ ਦੇ ਸੁਰਾਂ ਵਿੱਚ ਗੁੰਮ ਹੋ ਜਾਂਦੇ ਸਨ। ਕਾਲਜ ਵਿੱਚ ਉਨ੍ਹਾਂ ਨੇ ਯੂਥ ਫੈਸਟੀਵਲਾਂ ਵਿੱਚ ਇਕੱਠੇ ਅਨੇਕਾਂ ਇਨਾਮ ਜਿੱਤੇ।
ਓਹੀ ਹੋਇਆ ਜਿਸ ਦਾ ਉਨ੍ਹਾਂ ਨੂੰ ਡਰ ਸੀ। ਉਨ੍ਹਾਂ ਦਾ ਵਿਆਹ ਨਹੀਂ ਹੋ ਸਕਿਆ। ਮਾਪੇ ਨਹੀਂ ਮੰਨੇ ਤੇ ਉਹਦੇ ਕੈਦੋਂ ਵਰਗੇ ਚਾਚੇ ਨੇ ਕੈਨੇਡਾ ਰਹਿੰਦੇ ਮੁੰਡੇ ਦੀ ਦੱਸ ਪਾਈ। ਉਸ ਨੇ ਇੱਕ ਚੰਗੀ ਔਲਾਦ ਦਾ ਫ਼ਰਜ਼ ਨਿਭਾਉਂਦਿਆਂ ਆਪਣੇ ਮਾਪਿਆਂ ਨੂੰ ਨਾਰਾਜ਼ ਨਹੀਂ ਸੀ ਕਰਿਆ। ਉਹ ਹੈਰੀ ਨਾਲ ਵਿਆਹ ਕਰਵਾ ਕੇ ਕੈਨੇਡਾ ਪਹੁੰਚ ਗਈ। ਕੈਨੇਡਾ, ਨਵਾਂ ਦੇਸ਼, ਉਸ ਨੂੰ ਬਹੁਤ ਔਖਾ ਲੱਗਿਆ! ਉੱਪਰੋਂ ਸਰਦੀਆਂ ਦਾ ਬਰਫ਼ੀਲਾ ਮੌਸਮ ਉਸ ਨੂੰ ਚੰਗਾ ਨਹੀਂ ਲੱਗ ਰਿਹਾ ਸੀ। ਪਹਿਲਾਂ-ਪਹਿਲਾਂ ਤਾਂ ਕਪਾਹ ਦੀਆਂ ਫੁੱਟੀਆਂ ਵਰਗੀ ਬਰਫ਼ ਨੇ ਉਸ ਦੇ ਦਿਲ ਨੂੰ ਲੁਭਾਇਆ, ਪਰ ਫਿਰ ਰੋਜ਼ ਦੀ ਬਰਫ਼, ਉਹ ਵੀ ਦੋ-ਦੋ ਫੁੱਟ ਉੱਚੀ, ਜਗ੍ਹਾ-ਜਗ੍ਹਾ ਸੜਕਾਂ ਸਾਫ਼ ਕਰਕੇ ਬਰਫ਼ ਦੇ ਲੱਗੇ ਢੇਰ ਤੇ ਉਨ੍ਹਾਂ ਦੇ ਵਿੱਚ ਮਿਲੀ ਮਟਿਆਲੀ ਮਿੱਟੀ ਤੇ ਕਾਲਾ ਗੰਦ, ਉਸ ਨੂੰ ਬਿਲਕੁਲ ਚੰਗਾ ਨਹੀਂ ਲੱਗਿਆ। ਉਲਟਾ ਉਸ ਨੂੰ ਘਰ ਦਾ ਡ੍ਰਾਈਵ-ਵੇ ਵੀ ਆਪ ਸਾਫ਼ ਕਰਨਾ ਪੈਂਦਾ ਸੀ ਤਾਂ ਜੋ ਉਸ ਦਾ ਪਤੀ ਸਵੇਰੇ ਸਮੇਂ ਸਿਰ ਕੰਮ ’ਤੇ ਜਾ ਸਕੇ।
ਉਸ ਦਾ ਪਤੀ ਪਹਿਲਾਂ ਤਾਂ ਉਸ ਨੂੰ ਚੰਗਾ ਲੱਗਿਆ, ਉਹ ਉਸ ਨਾਲ ਬਹੁਤ ਪਿਆਰ ਨਾਲ ਪੇਸ਼ ਆਇਆ, ਪਰ ਜਿਵੇਂ ਹੀ ਹਨੀਮੂਨ ਪੀਰੀਅਡ ਖ਼ਤਮ ਹੋਇਆ ਤਾਂ ਉਸ ਦੇ ਅਸਲੀ ਤੇਵਰ ਸਾਹਮਣੇ ਆ ਗਏ। ਉਹ ਸ਼ਰਾਬ ਪੀ ਕੇ ਰੋਜ਼ ਘਰ ਆਉਣ ਲੱਗਿਆ। ਇੱਕ ਦੋ ਵਾਰ ਉਸ ਉੱਤੇ ਹੱਥ ਉਠਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਸ ਨੇ ਜਿਗਰਾ ਭਰ ਕੇ ਉਸ ਨੂੰ ਰੋਕਿਆ ਤਾਂ ਉਸ ਨੇ ਮੁੜ ਅਜਿਹੀ ਜੁਰੱਅਤ ਨਹੀਂ ਕੀਤੀ। ਉਸ ਦੀ ਸੱਸ ਨਾਲ ਤਾਂ ਉਸ ਦੀ ਪਹਿਲੇ ਦਿਨ ਤੋਂ ਹੀ ਨਹੀਂ ਬਣੀ ਸੀ, ਵੈਸੇ ਵੀ ਸੱਸ-ਨੂੰਹ ਦੀ ਸੰਸਾਰ ਵਿੱਚ ਕਦੇ ਨਹੀਂ ਬਣੀ, ਭਾਗਾਂ ਵਾਲੇ ਨੇ ਉਹ ਘਰ ਜਿੱਥੇ ਸੱਸ-ਨੂੰਹ ਦਾ ਰਿਸ਼ਤਾ ਮਾਂ-ਧੀ ਵਰਗਾ ਹੈ! ਉਸ ਦਾ ਸਹੁਰਾ ਫਿਰ ਵੀ ਚੰਗਾ ਸੀ, ਪਰ ਉਸ ਦੀ ਘਰ ਵਿੱਚ ਕੋਈ ਨਹੀਂ ਸੁਣਦਾ ਸੀ।
ਉਨ੍ਹਾਂ ਦੇ ਘਰ ਦੀ ਮਾਲੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ ਸੀ। ਸਿਰਫ਼ ਉਸ ਦਾ ਪਤੀ ਹੀ ਕਮਾਉਣ ਵਾਲਾ ਸੀ, ਘਰ ਦਾ ਗੁਜ਼ਾਰਾ ਬੜਾ ਮੁਸ਼ਕਿਲ ਚੱਲਦਾ ਸੀ। ਕੈਨੇਡਾ ਵਿੱਚ ਬਹੁਤ ਮਹਿੰਗਾਈ ਸੀ ਤੇ ਉੱਪਰੋਂ ਮਕਾਨ ਦਾ ਕਰਜ਼ਾ ਜਿਸ ਦੀ ਕਿਸ਼ਤ ਤੀਹ ਸਾਲ ਲਗਾਤਾਰ ਹਰ ਮਹੀਨੇ ਦੇਣੀ ਪੈਂਦੀ ਸੀ। ਕੈਨੇਡਾ ਵਿੱਚ ਲੋਕ ਵੱਡੇ-ਵੱਡੇ ਮਕਾਨ ਤਾਂ ਦਿਖਾਵੇ ਲਈ ਲੈ ਲੈਂਦੇ ਹਨ, ਪਰ ਫਿਰ ਮਹੀਨਾਵਾਰ ਕਿਸ਼ਤ ਦੇਣ ਲਈ ਔਖੇ ਹੁੰਦੇ ਹਨ ਤੇ ਦੋ-ਤਿੰਨ ਨੌਕਰੀਆਂ ਕਰਦੇ ਹਨ। ਅੱਜਕੱਲ੍ਹ ਦੇ ਮਾਡਰਨ ਜ਼ਮਾਨੇ ਵਿੱਚ ਵੀ ਉਸ ਦੀ ਸੱਸ ਦਾਜ ਦੀ ਆਸ ਲਾਈ ਬੈਠੀ ਸੀ।
‘‘ਇੰਡੀਆ ਦੇ ਪੈਸਿਆਂ ਦਾ ਇੱਥੇ ਕੀ ਆਉਣਾ? ਜ਼ਮੀਨ ਤਾਂ ਹੈ, ਉਹ ਵੇਚ ਕੇ ਕਿੰਨੇ ਹੀ ਪੈਸੇ ਆ ਜਾਣੇ ਨੇ। ਪੰਜਾਬ ਵਿੱਚ ਹੁਣ ਜ਼ਮੀਨਾਂ ਦੀਆਂ ਕੀਮਤਾਂ ਬਹੁਤ ਵਧ ਗਈਆਂ ਹਨ। ਕੈਨੇਡਾ ਵਿੱਚ ਕੀ ਹੈ? ਮੰਦਾ ਫੈਲਿਆ ਹੋਇਆ ਹੈ।’’ ਉਸ ਦੀ ਸੱਸ ਹਮੇਸ਼ਾ ਕਹਿੰਦੀ ਸੀ।
‘‘ਮੈਂ ਆਪਣੇ ਮਾਪਿਆਂ ਤੋਂ ਹੋਰ ਪੈਸੇ ਨਹੀਂ ਮੰਗ ਸਕਦੀ। ਪਹਿਲਾਂ ਹੀ ਉਨ੍ਹਾਂ ਨੇ ਬਹੁਤ ਦੇ ਦਿੱਤਾ ਹੈ, ਕਿੰਨਾ ਸੋਨਾ ਪਾਇਆ, ਸਾਰਾ ਵਿਆਹ ਦਾ ਖ਼ਰਚਾ ਕੀਤਾ, ਹਵਾਈ ਜਹਾਜ਼ ਦੀਆਂ ਟਿਕਟਾਂ, ਲੱਖਾਂ ਰੁਪਏ ਲੱਗ ਗਏ ਹੋਣੇ ਨੇ।’’
‘‘ਹਾਏ, ਕਿੰਨੀ ਮੂੰਹ-ਫੱਟ ਹੈ। ਬਿਲਕੁਲ ਵੀ ਤਮੀਜ਼ ਨਹੀਂ ਵੱਡਿਆਂ ਨਾਲ ਗੱਲ ਕਰਨ ਦੀ।’’
ਇੰਝ ਉਹ ਉਸ ਨੂੰ ਰੋਜ਼ ਤੰਗ ਕਰਨ ਲੱਗੇ। ਘਰ ਵਿੱਚ ਕਲੇਸ਼ ਦਾ ਮਾਹੌਲ ਬਣ ਗਿਆ। ਅਜੀਬ ਜਿਹਾ ਤਣਾਅ ਹਰ ਵੇਲੇ ਫੈਲਿਆ ਰਹਿੰਦਾ। ਉਹ ਜਿਵੇਂ ਇਕੱਲੀ ਰਹਿ ਗਈ ਸੀ। ਇਕੱਲਤਾ ਉਸ ਨੂੰ ਖਾ ਰਹੀ ਸੀ। ਕਿਸ ਨੂੰ ਦਿਲ ਦਾ ਹਾਲ ਸੁਣਾਏ? ਉਸ ਦਾ ਮਾਨਸਿਕ ਤੌਰ ’ਤੇ ਸ਼ੋਸ਼ਣ ਹੋ ਰਿਹਾ ਸੀ। ਕੋਈ ਘਰ ਵਿੱਚ ਚੱਜ ਨਾਲ ਨਹੀਂ ਸੀ ਗੱਲ ਕਰਦਾ। ਉਸ ਦਾ ਪਤੀ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਦੇਰ ਰਾਤ ਨੂੰ ਆਉਂਦਾ ਸੀ। ਵੀਕਐਂਡ ’ਤੇ ਆਪਣੇ ਆਵਾਰਾ ਤੇ ਨਸ਼ੇੜੀ ਮਿੱਤਰਾਂ ਨਾਲ ਹੀ ਰਹਿੰਦਾ ਸੀ। ਰਹਿ-ਰਹਿ ਕੇ ਉਸ ਨੂੰ ਰੌਕੀ ਦੀ ਪਿਆਰ ਭਰੀ ਯਾਦ ਆਉਂਦੀ ਰਹਿੰਦੀ ਸੀ, ਪਰ ਹੁਣ ਉਹ ਉਸ ਤੋਂ ਬਹੁਤ ਦੂਰ ਆ ਚੁੱਕੀ ਸੀ ਤੇ ਉਸ ਨੂੰ ਭੁੱਲ ਜਾਣਾ ਚਾਹੁੰਦੀ ਸੀ। ਪਰ ਆਪਣੇ ਪਿਆਰ ਨੂੰ ਕੋਈ ਕਿਵੇਂ ਭੁੱਲ ਸਕਦੈ, ਉਹ ਵੀ ਕਾਲਜ ਦੇ ਦਿਨਾਂ ਦੇ ਪਿਆਰ ਨੂੰ, ਜਦੋਂ ਅਸੀਂ ਭਰ-ਜੋਬਨ ਵਿੱਚ ਹੁੰਦੇ ਹਾਂ, ਜਦੋਂ ਦੁਨੀਆ ਫੁੱਲਾਂ ਦਾ ਇੱਕ ਬਾਗ਼ ਲੱਗਦੀ ਹੈ, ਪਰ ਅਸੀਂ ਭੁੱਲ ਜਾਂਦੇ ਹਾਂ ਕਿ ਫੁੱਲਾਂ ਨਾਲ ਕੰਡੇ ਵੀ ਹੁੰਦੇ ਹਨ। ਫਿਰ ਵੀ ਉਹ ਆਪਣੇ ਪਿਆਰ ਦੀ ਮਿੱਠੀ ਯਾਦ ਵਿੱਚ ਭਿੱਜੀ ਰਹਿੰਦੀ ਸੀ। ਆਪਣੀ ਸੁਰਤ ਹਰ ਵੇਲੇ ਆਪਣੇ ਪਿਆਰ ਦੀ ਯਾਦ ਵਿੱਚ ਟਿਕਾਈ ਰੱਖਦੀ ਸੀ, ਜਿਵੇਂ ਉਹ ਉਸ ਦਾ ਰੱਬ ਹੋਵੇ! ਪਰ ਫਿਰ ਰੋਜ਼ ਦਾ ਤਣਾਅ ਉਸ ਨੂੰ ਵੱਡ-ਵੱਢ ਕੇ ਖਾਣ ਲੱਗਦਾ।
ਪਤੀ ਦੀ ਸ਼ਰਾਬ ਦੀ ਆਦਤ, ਨਮੋਸ਼ੀ, ਉਦਾਸੀਨਤਾ ਤੇ ਸੱਸ ਦੇ ਤਾਅਨੇ-ਮਿਹਣੇ ਉਸ ਨੂੰ ਮਾਨਸਿਕ ਤੌਰ ’ਤੇ ਬਹੁਤ ਪਰੇਸ਼ਾਨ ਕਰਦੇ ਸਨ। ਉਹ ਇੰਡੀਆ ਵੀ ਫੋਨ ਘੱਟ ਹੀ ਕਰਦੀ ਸੀ। ਉਸ ਦੇ ਮਾਪੇ ਤਾਂ ਜਿਵੇਂ ਉਸ ਨੂੰ ਭੁੱਲ ਹੀ ਗਏ ਸਨ। ਉਹ ਵੀ ਉਨ੍ਹਾਂ ਨੂੰ ਆਪਣਾ ਦੁੱਖ ਦੱਸ ਕੇ ਪਰੇਸ਼ਾਨ ਨਹੀਂ ਸੀ ਕਰਨਾ ਚਾਹੁੰਦੀ। ਉਂਝ ਵੀ ਸਮੇਂ ਦਾ ਫ਼ਰਕ ਹੋਣ ਕਰਕੇ ਇੰਡੀਆ ਘੱਟ ਹੀ ਗੱਲ ਹੁੰਦੀ ਸੀ।ਉਸ ਨੇ ਘਰ ਦੇ ਤਣਾਅ ਭਰੇ ਮਾਹੌਲ ਤੋਂ ਬਾਹਰ ਜਾਣ ਲਈ ਕੰਮ ਕਰਨਾ ਚਾਹਿਆ, ਪਰ ਘਰਵਾਲਿਆਂ ਨੇ ਉਸ ਨੂੰ ਇਜਾਜ਼ਤ ਨਹੀਂ ਦਿੱਤੀ। ਕੈਨੇਡਾ ਵਰਗੇ ਮੁਲਕ ਵਿੱਚ ਵੀ ਉਹ ਸੌੜੀ ਤੇ ਦਕਿਆਨੂਸੀ ਸੋਚ ਅਪਣਾਈ ਬੈਠੇ ਸਨ।
ਮਨ ਨੂੰ ਸ਼ਾਂਤ ਕਰਨ ਲਈ ਉਸ ਨੇ ਗੁਰਦੁਆਰੇ ਜਾਣ ਦੀ ਇੱਛਾ ਪ੍ਰਗਟ ਕੀਤੀ, ਉਨ੍ਹਾਂ ਨੇ ਜਾਣ ਤਾਂ ਦੇ ਦਿੱਤਾ, ਪਰ ਉਸ ਦੀ ਸੱਸ ਵੀ ਨਾਲ ਗਈ। ਗੁਰਦੁਆਰਾ ਸਾਹਿਬ ਜਾ ਕੇ ਉਸ ਨੂੰ ਬਹੁਤ ਸ਼ਾਂਤੀ ਮਿਲੀ। ਸ਼ਬਦ-ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਨੇ ਉਸ ਦੇ ਮਨ ਵਿੱਚ ਇੱਕ ਨਵੀਂ ਆਸ ਦੀ ਜੋਤ ਜਗਾਈ। ਉਸ ਨੇ ਆਪਣੇ ਚੰਗੇ ਦਿਨਾਂ ਲਈ ਅਰਦਾਸ ਕੀਤੀ, ਪਰਿਵਾਰ ਦੀ ਸੁਖ-ਸ਼ਾਂਤੀ ਲਈ ਵੀ, ਉਸ ਪਰਿਵਾਰ ਲਈ ਵੀ ਜੋ ਉਸ ਨੂੰ ਆਪਣਾ ਨਹੀਂ ਸੀ ਸਮਝਦਾ।ਆਪਣਾ ਸਮਾਂ ਲੇਖੇ ਲਾਉਣ ਲਈ ਉਸ ਨੇ ਗੁਰਦੁਆਰਾ ਸਾਹਿਬ ਵਿੱਚ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣਾ ਤੇ ਸ਼ਬਦ-ਕੀਰਤਨ ਸਿਖਾਉਣਾ ਸ਼ੁਰੂ ਕਰ ਦਿੱਤਾ, ਪਰ ਉਸ ਦੀ ਸੱਸ ਹਰ ਵੇਲੇ ਉਸ ਦੇ ਨਾਲ ਚਿਪਕੀ ਰਹਿੰਦੀ ਸੀ। ਉਸ ਨੇ ਬਾਹਰਲੇ ਮੁਲਕਾਂ ਵਿੱਚ ਗੁਰਦੁਆਰਿਆਂ ਤੇ ਹੋਰ ਧਾਰਮਿਕ ਸਥਾਨਾਂ ਦੀ ਮਹੱਤਤਾ ਸਮਝੀ। ਉਹ ਕਮਿਊਨਿਟੀ ਸੈਂਟਰ ਦੀ ਲੋੜ ਵੀ ਪੂਰੀ ਕਰਦੇ ਸਨ ਤੇ ਹਮ-ਖ਼ਿਆਲ ਲੋਕਾਂ ਦੇ ਸਮਾਜੀਕਰਨ ਦੀ ਜ਼ਰੂਰਤ ਵੀ। ਉਸ ਦੀਆਂ ਇੱਕ-ਦੋ ਸਹੇਲੀਆਂ ਵੀ ਬਣ ਗਈਆਂ ਸਨ। ਇੱਕ ਸਹੇਲੀ ਦੇ ਵਿਆਹ ਲਈ ਉਸ ਦੇ ਮਾਪੇ ਆਪਣੀ ਰਾਤ ਦਾ ਹੀ ਖ਼ਾਸ ਮੁੰਡਾ ਲੱਭ ਰਹੇ ਸਨ।
‘‘ਇੱਥੇ ਵੀ ਜਾਤ-ਪਾਤ ਚੱਲਦੀ ਹੈ।’’
‘‘ਕਿਉਂ ਨਹੀਂ। ਬਹੁਤ ਵੱਡੇ ਪੱਧਰ ’ਤੇ ਪਰ ਅੰਦਰ-ਖਾਤੇ ਹੀ, ਸਾਹਮਣੇ ਨਹੀਂ ਕਰ ਸਕਦੇ ਕਿਉਂਕਿ ਇਹ ਵਿਤਕਰਾ ਅਤੇ ਅਪਰਾਧ ਹੈ। ਇੱਥੇ ਵੱਸਦੇ ਇੰਡੀਅਨ ਲੋਕਾਂ ਦੇ ਜਾਤ-ਪਾਤ ’ਤੇ ਇੱਕ ਨਵੀਂ ਰਿਪੋਰਟ ਵੀ ਆਈ ਹੈ ਜਿਸ ਅਨੁਸਾਰ ਜਾਤ-ਪਾਤ ਆਧਾਰਿਤ ਭੇਦਭਾਵ ਕੈਨੇਡਾ ਦੇ ਸਾਊਥ-ਏਸ਼ੀਅਨ ਇਮੀਗ੍ਰੈਂਟਸ (ਪਰਵਾਸੀਆਂ) ਦਾ ਸਭ ਤੋਂ ਪਹਿਲਾ ਅਨੁਭਵ ਹੈ, ਜਿੱਥੇ ਟੁੱਟੇ-ਰਿਸ਼ਤੇ ਤੇ ਵਿਆਹ, ਅਖੌਤੀ ਨੀਵੀਂ ਜਾਤ ਨੂੰ ਗਾਲ੍ਹਾਂ ਕੱਢਣੀਆਂ, ਸਕੂਲਾਂ ਵਿੱਚ ਡਰਾਉਣਾ-ਧਮਕਾਉਣਾ ਆਮ ਸੀ, ਤੇ ਇਹ ਹੁਣ ਵੀ ਹੈ ਪਰ ਦਿਖਦਾ ਨਹੀਂ।’’ ਸੁਣ ਕੇ ਉਹ ਬਹੁਤ ਹੈਰਾਨ ਹੋਈ, ਪਰ ਉਸ ਨਾਲ ਹੱਡ-ਬੀਤੀ ਸੀ ਜੋ ਜੱਗ-ਬੀਤੀ ਵੀ ਸੀ।
ਵੈਸੇ ਵੀ ਉਸ ਨੇ ਦੇਖਿਆ ਕਿ ਇੱਥੇ ਜਾਤ-ਪਾਤ ਹੀ ਨਹੀਂ ਦੇਸ਼, ਧਰਮ, ਰੰਗ-ਭੇਦ ਵੀ ਆਮ ਹੀ ਸੀ, ਪਰ ਸੂਖ਼ਮ ਤੌਰ ’ਤੇ ਕਿਉਂਕਿ ਸਪੱਸ਼ਟ ਤੌਰ ’ਤੇ ਭੇਦ-ਭਾਵ ਤਾਂ ਜੁਰਮ ਸੀ। ਲੋਕ ਆਪਣੇ-ਆਪਣੇ ਕੁੱਪਾਂ (Silos) ਵਿੱਚ ਹੀ ਬੈਠੇ ਰਹਿੰਦੇ ਸਨ। ਗੋਰੇ ਗੋਰਿਆਂ ਨਾਲ, ਪੰਜਾਬੀ ਪੰਜਾਬੀਆਂ ਨਾਲ ਤੇ ਹੋਰ ਧਰਮ, ਦੇਸ਼, ਰੰਗ ਦੇ ਲੋਕ ਆਪਣੇ ਰੰਗਾਂ ਨਾਲ ਹੀ ਜੁੜੇ ਰਹਿੰਦੇ ਸਨ। ਉਹ ਵੀ ਤਾਂ ਹਰ ਪਲ ਆਪਣੇ ਰੰਗ ਰੌਕੀ ਨੂੰ ਲੋੜਦੀ ਸੀ। ਹਰ ਵੇਲੇ ਉਸ ਨੂੰ ਯਾਦ ਕਰਦੀ ਰਹਿੰਦੀ ਸੀ। ਉੱਧਰ ਰੌਕੀ ਪੰਜਾਬ ਵਿੱਚ ਆਪਣੇ ਮਹਿਬੂਬ ਦਾ ਇੱਕ ਦੀਦਾਰ ਪਾਉਣ ਲਈ ਕੈਨੇਡਾ ਜਾਣ ਦੀ ਤਿਆਰੀ ਖਿੱਚਣ ਲੱਗਿਆ। ਆਈਲੈੱਟਸ ਕਰਨ ਦੀ ਤਾਂ ਉਸ ਵਿੱਚ ਹਿੰਮਤ ਨਹੀਂ ਸੀ। ਉਹ ਇੱਕ ਸੰਗੀਤ ਗਰੁੱਪ ਵਿੱਚ ਸ਼ਾਮਲ ਹੋ ਕੇ ਕੈਨੇਡਾ ਪਹੁੰਚ ਗਿਆ। ਪਰ ਹੁਣ ਉਹ ਪ੍ਰੀਤ ਨੂੰ ਕਿਸ ਤਰ੍ਹਾਂ ਲੱਭੇ? ਕੈਨੇਡਾ ਵਿੱਚ ਹਰ ਇੱਕ ਸ਼ਹਿਰ ਵਿੱਚ ਉਨ੍ਹਾਂ ਦੇ ਸੰਗੀਤ ਗਰੁੱਪ ਨੇ ਧੂਮਾਂ ਪਾਈਆਂ। ਉਸ ਦੀ ਵੰਝਲੀ ਦੀ ਹੂਕ ਨੇ ਵੀ, ਪਰ ਜਦੋਂ ਉਨ੍ਹਾਂ ਦਾ ਗਰੁੱਪ ਪ੍ਰੀਤ ਦੇ ਸ਼ਹਿਰ ਪਹੁੰਚਿਆ ਤਾਂ ਉਸ ਨੂੰ ਉਮੀਦ ਸੀ ਕਿ ਸ਼ਾਇਦ ਪ੍ਰੀਤ ਵੀ ਆਪਣੇ ਪਤੀ ਨਾਲ ਉਨ੍ਹਾਂ ਦਾ ਸ਼ੋਅ ਦੇਖਣ ਆਏ, ਪਰ ਪ੍ਰੀਤ ਕਿੱਥੇ ਆ ਸਕਦੀ ਸੀ। ਉਨ੍ਹਾਂ ਨੇ ਉੱਥੇ ਅਜੇ ਇੱਕ-ਦੋ ਹਫ਼ਤੇ ਰਹਿਣਾ ਸੀ, ਪਰ ਕਿਵੇਂ-ਨਾ-ਕਿਵੇਂ ਉਸ ਨੇ ਉਸ ਦਾ ਪਤਾ ਲੱਭ ਲਿਆ।
ਇੱਕ ਦਿਨ ਉਹ ਕੁਝ ਵੇਚਣ ਦਾ ਭੇਸ ਵਟਾ ਤੇ ਫਰਿਆਦੀ ਬਣ ਕੇ ਪ੍ਰੀਤ ਦੇ ਘਰ ਦਸਤਕ ਦੇਣ ਗਿਆ। ਖ਼ੁਸ਼ਕਿਸਮਤੀ ਨਾਲ ਪ੍ਰੀਤ ਘਰ ਇਕੱਲੀ ਹੀ ਸੀ ਤੇ ਆਰਾਮ ਕਰ ਰਹੀ ਸੀ। ਘੰਟੀ ਦੀ ਆਵਾਜ਼ ਸੁਣ ਕੇ ਅੱਧੀ-ਨੀਂਦ ਵਿੱਚੋਂ ਉੱਠ ਕੇ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਹੈਰਾਨ ਰਹਿ ਗਈ। ਰੌਕੀ ਨੂੰ ਸਾਹਮਣੇ ਦੇਖ ਕੇ ਉਸ ਨੂੰ ਲੱਗਿਆ ਕਿ ਸ਼ਾਇਦ ਉਹ ਕੋਈ ਸੁਫ਼ਨਾ ਦੇਖ ਰਹੀ ਹੋਵੇ।
‘‘ਤੈਨੂੰ ਇਸ ਤਰ੍ਹਾਂ ਨਹੀਂ ਆਉਣਾ ਚਾਹੀਦਾ। ਹੁਣ ਅਸੀਂ ਕਦੇ ਨਹੀਂ ਮਿਲ ਸਕਦੇ।’’ ਉਸ ਨੇ ਹਕੀਕਤ ਦਾ ਅਹਿਸਾਸ ਕਰਦਿਆਂ ਰੌਕੀ ਨੂੰ ਕਿਹਾ। ‘‘ਸੌਰੀ, ਮੇਰੇ ਬੇਚੈਨ ਮਨ ਤੋਂ ਤੇਰੀ ਇੱਕ ਝਲਕ ਦੇਖਣ ਤੋਂ ਰਿਹਾ ਨਾ ਗਿਆ। ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ, ਪਰ ਮੈਂ ਤੇਰਾ ਇੰਤਜ਼ਾਰ ਉਮਰ ਭਰ ਕਰਾਂਗਾ। ਮੈਨੂੰ ਪਤਾ ਹੈ ਕਿ ਅਸੀਂ ਹੁਣ ਸ਼ਾਇਦ ਹੀ ਮਿਲ ਸਕਾਂਗੇ। ਅਸੀਂ ਭੱਜ ਵੀ ਨਹੀਂ ਸਕਦੇ।’’
‘‘ਚੱਲ, ਕੋਈ ਗੱਲ ਨਹੀਂ ਰੱਬ-ਰਾਖਾ!’’ ਉਸ ਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਉਸ ਦੀ ਸੱਸ ਨਾ ਆ ਜਾਵੇ, ਜੋ ਕਿੱਟੀ-ਪਾਰਟੀ ’ਤੇ ਗਈ ਹੋਈ ਸੀ। ਰੌਕੀ ਚਲਾ ਗਿਆ। ਪ੍ਰੀਤ ਨੂੰ ਲੱਗਿਆ ਕਿ ਸੱਚਮੁੱਚ ਹੀ ਉਸ ਨੇ ਕੋਈ ਸੁਫ਼ਨਾ ਹੀ ਦੇਖਿਆ, ਪਰ ਸੁਫ਼ਨੇ ਵਿੱਚ ਤਾਂ ਰੌਕੀ ਉਸ ਨੂੰ ਨਿੱਤ ਨਜ਼ਰ ਆਉਂਦਾ ਸੀ। ਇਹ ਸੱਚਮੁੱਚ ਹੀ ਹਕੀਕਤ ਸੀ। ਰੌਕੀ ਨੂੰ ਦੇਖ ਕੇ ਉਸ ਦਾ ਦਿਲ ਸਰਸ਼ਾਰ ਹੋ ਗਿਆ। ਸੋਹਣੇ ਦੀ ਇੱਕ ਝਲਕ ਹੀ ਉਮਰ ਕੱਟਣ ਲਈ ਕਾਫ਼ੀ ਸੀ, ਪਰ ਅਗਲੇ ਦਿਨ ਉਸ ਦਾ ਮਨ ਬੇਚੈਨ ਹੋਣਾ ਸ਼ੁਰੂ ਹੋ ਗਿਆ ਤੇ ਉਹ ਸੋਚਣ ਲੱਗੀ ਕਿ ਕੋਈ ਅਜਿਹੀ ਵਿਧ ਬਣ ਜਾਏ ਕਿ ਉਹ ਤੇ ਰੌਕੀ ਇਕੱਠੇ ਹੋ ਸਕਣ। ਹੈਰੀ ਤੇ ਉਸ ਦੇ ਵਿਆਹ ਨੂੰ ਹੁਣ ਦੋ ਸਾਲ ਤੋਂ ਵੀ ਵੱਧ ਸਮਾਂ ਹੋ ਚੁੱਕਾ ਸੀ, ਪਰ ਅਜੇ ਉਨ੍ਹਾਂ ਦੇ ਕੋਈ ਬੱਚਾ ਨਹੀਂ ਸੀ। ਉਸ ਦੇ ਪਤੀ ਕੋਲ ਉਸ ਲਈ ਕੋਈ ਸਮਾਂ ਨਹੀਂ ਸੀ, ਉਹ ਤਾਂ ਹਰ ਵਕਤ ਆਪਣੇ ਨਸ਼ੇੜੀ ਮਿੱਤਰਾਂ ਕੋਲ ਹੀ ਰਹਿੰਦਾ ਸੀ ਤੇ ਹੁਣ ਉਸ ਨੇ ਸਪ੍ਰੋਟਸ ਗੈਂਬਲਿੰਗ ਦੀ ਲਤ ਹੋਰ ਲਗਾ ਲਈ ਸੀ ਜਿਸ ਨਾਲ ਉਹ ਆਪਣੇ ਕੀਮਤੀ ਪੈਸੇ ਵੀ ਗੁਆ ਰਿਹਾ ਸੀ। ਉਲਟਾ ਉਸ ਦੀ ਸੱਸ ਉਸ ਨੂੰ ਅਜੇ ਤੱਕ ਕੋਈ ਬੱਚਾ ਨਾ ਹੋਣ ਤੇ ਹੋਰ ਤਾਅਨੇ-ਮਿਹਣੇ ਮਾਰਨ ਲੱਗੀ। ਅਜਿਹਾ ਮਾਨਸਿਕ ਤੇ ਜਿਸਮਾਨੀ ਤਣਾਅ ਹੁਣ ਉਸ ਤੋਂ ਹੋਰ ਨਹੀਂ ਸੀ ਝੱਲਿਆ ਜਾ ਰਿਹਾ। ਉਸ ਨੇ ਆਪਣੀ ਸਹੇਲੀ ਨੂੰ ਆਪਣੇ ਦਿਲ ਦੀ ਗੱਲ ਦੱਸੀ।
‘‘ਤੈਨੂੰ ਅਲੱਗ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਹੜੇ ਰਿਸ਼ਤੇ ਤੁਹਾਨੂੰ ਮਾਨਸਿਕ ਤੇ ਜਿਸਮਾਨੀ ਤੌਰ ’ਤੇ ਪਰੇਸ਼ਾਨ ਕਰਦੇ ਹਨ ਤੇ ਤੁਹਾਡੇ ਨਾਲ ਬਦਸਲੂਕੀ ਕਰਦੇ ਹਨ, ਉਨ੍ਹਾਂ ਨੂੰ ਨਿਭਾਉਣ ਦੀ ਕੀ ਫਾਇਦਾ? ਘਰੇਲੂ ਹਿੰਸਾ ਲਈ ਤਾਂ ਕੈਨੇਡਾ ਦੇ ਕਾਨੂੰਨ ਬਹੁਤ ਚੰਗੇ ਹਨ।’’‘‘ਹਾਂ, ਮੈਂ ਰੌਕੀ ਨਾਲ ਭੱਜ ਨਹੀਂ ਸਕਦੀ ਤੇ ਆਪਣੇ ਮਾਤਾ-ਪਿਤਾ ਦੀ ਇੱਜ਼ਤ ਮਿੱਟੀ ਵਿੱਚ ਨਹੀਂ ਰੋਲ ਸਕਦੀ।’’
‘‘ਤੈਨੂੰ ਭੱਜਣ ਲਈ ਕੌਣ ਕਹਿ ਰਿਹਾ ਹੈ। ਤੈਨੂੰ ਬਸ ਫ਼ੈਸਲਾ ਲੈਣਾ ਹੈ ਕਿ ਤੂੰ ਅਜਿਹੇ ਬਦਸਲੂਕੀ ਭਰੇ ਰਿਸ਼ਤਿਆਂ ਨੂੰ ਰੱਖਣਾ ਹੈ ਕਿ ਨਹੀਂ।’’‘‘ਠੀਕ ਹੈ, ਮੈਂ ਸੋਚਦੀ ਹਾਂ।’’
ਉਸ ਨੇ ਬਹੁਤ ਸੋਚਿਆ। ਉਹ ਹਰ ਵੇਲੇ ਆਪਣੇ ਰਾਂਝੇ ਰੱਬ ਨੂੰ ਯਾਦ ਕਰਦੀ ਸੀ ਤੇ ਉਸ ਨੂੰ ਹੀ ਮਿਲਣਾ ਲੋਚਦੀ ਸੀ। ਰੌਕੀ ਵਿੱਚੋਂ ਉਸ ਨੂੰ ਰਾਂਝਾ ਦਿਖਦਾ ਸੀ, ਰੱਬ ਦੇ ਦੀਦਾਰ ਹੁੰਦੇ ਸਨ ਤੇ ਉਹ ਇੱਕ ਮਾਧਿਅਮ ਸੀ ਰੱਬ ਤੱਕ ਅਪੜਨ ਦਾ। ਉਸ ਨੇ ਹਾਲਾਤ ਨਾਲ ਸਮਝੌਤਾ ਕਰ ਕੇ ਹੈਰੀ ਨਾਲ ਪਿਆਰ ਭਰਿਆ ਜੀਵਨ ਬਿਤਾ ਕੇ ਰੱਬ ਰਾਂਝੇ ਨਾਲ ਮਿਲਣਾ ਸੋਚਿਆ ਸੀ, ਪਰ ਅਜਿਹਾ ਨਹੀਂ ਸੀ ਹੋ ਸਕਿਆ! ਪਤਾ ਨਹੀਂ ਕਿਹੜੀ ਚੀਜ਼ ਹੈਰੀ ਨੂੰ ਉਸ ਤੋਂ ਦੂਰ ਕਰ ਰਹੀ ਸੀ। ਕੀ ਉਸ ਦਾ ਕਿਸੇ ਹੋਰ ਨਾਲ ਸਬੰਧ ਤਾਂ ਨਹੀਂ ਸੀ? ਉਸ ਨੇ ਕਈ ਵਾਰ ਉਸ ਨਾਲ ਗੱਲ ਕਰਕੇ ਸਮਝਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਟੱਸ ਤੋਂ ਮੱਸ ਨਾ ਹੋਇਆ। ਅਜਿਹਾ ਲੱਗ ਰਿਹਾ ਸੀ ਕਿ ਨਸ਼ੇ ਦੀ ਆਦਤ ਉਸ ਦੇ ਦਿਲੋ-ਦਿਮਾਗ਼ ’ਤੇ ਹਾਵੀ ਸੀ। ਜਿਸ ਨੂੰ ਕੋਈ ਨਹੀਂ ਸੀ ਹਟਾ ਸਕਦਾ। ਹਾਂ! ਹੈਰੀ ਚਾਹੇ ਤਾਂ ਆਪ ਹੀ ਨਸ਼ੇ ਤੋਂ ਮੁਕਤੀ ਪਾ ਸਕਦਾ ਸੀ।
ਓੜਕ ਅਣਮੰਨੇ ਮਨ ਨਾਲ ਉਸ ਨੇ ਹੈਰੀ ਤੋਂ ਅਲੱਗ ਹੋਣ ਦਾ ਔਖਾ ਫ਼ੈਸਲਾ ਲੈ ਹੀ ਲਿਆ। ਉਸ ਦੀ ਸਹੇਲੀ ਨੇ ਉਸ ਦੀ ਬਹੁਤ ਮਦਦ ਕੀਤੀ। ਉਸ ਨੇ ਪ੍ਰੀਤ ਦਾ ਕੈਨੇਡਾ ਵਿੱਚ ਪੀੜਤ ਔਰਤਾਂ ਦੀ ਮਦਦ ਕਰਨ ਵਾਲੀ ਸੰਸਥਾ ਨਾਲ ਰਾਬਤਾ ਕਰਵਾਇਆ। ਜਿਨ੍ਹਾਂ ਨੇ ਉਸ ਦੀ ਹਮਦਰਦੀ ਨਾਲ ਮਦਦ ਕੀਤੀ। ਕੈਨੇਡਾ ਦੇ ਤਲਾਕ ਐਕਟ ਅਨੁਸਾਰ ਤਲਾਕ ਹੋ ਸਕਦਾ ਹੈ ਜੇ ਇਨ੍ਹਾਂ ਸ਼ਰਤਾਂ ਵਿੱਚੋਂ ਇੱਕ ਲਾਗੂ ਹੁੰਦੀ ਹੈ: ਵਿਆਹੁਤਾ ਜੋੜਾ ਘੱਟੋ-ਘੱਟ ਇੱਕ ਸਾਲ ਤੋਂ ਵੱਖ ਰਹਿੰਦਾ ਹੈ, ਪਤੀ ਜਾਂ ਪਤਨੀ ਦੂਜੇ ਜੀਵਨ ਸਾਥੀ ਨਾਲ ਸਰੀਰਕ ਜਾਂ ਮਾਨਸਿਕ ਤੌਰ ’ਤੇ ਬੇਰਹਿਮੀ ਕਰਦਾ ਹੈ, ਪਤੀ ਜਾਂ ਪਤਨੀ ਨੇ ਵਿਭਚਾਰ ਕੀਤਾ ਹੈ। ਉਸ ਦਾ ਅਲੱਗ ਹੋਣ ਦਾ ਫ਼ੈਸਲਾ ਸੁਣ ਕੇ ਹੈਰੀ ਤੇ ਉਸ ਦੀ ਸੱਸ ਤਾਂ ਹੱਕੇ-ਬੱਕੇ ਰਹਿ ਗਏ ਤੇ ਹੈਰਾਨ ਪਰੇਸ਼ਾਨ ਹੋ ਗਏ, ਪਰ ਉਹ ਕੁਝ ਨਹੀਂ ਸੀ ਕਰ ਸਕਦੇ। ਉਸ ਦੇ ਨਾਲ ਉਸ ਦੀ ਸਹੇਲੀ, ਸੰਸਥਾ ਤੇ ਕੈਨੇਡਾ ਦਾ ਕਾਨੂੰਨ ਖੜ੍ਹਾ ਸੀ। ਉਹ ਸੰਸਥਾ ਦੁਆਰਾ ਦਿੱਤੀ ਸੁਰੱਖਿਅਤ ਜਗ੍ਹਾ ’ਤੇ ਰਹਿਣ ਲੱਗੀ ਤੇ ਤਲਾਕ ਲਈ ਪੇਪਰ ਫਾਈਲ ਕਰ ਦਿੱਤੇ। ਸਾਰਾ ਖ਼ਰਚਾ ਵੀ ਸੰਸਥਾ ਨੇ ਹੀ ਝੱਲਿਆ। ਆਪਣਾ ਰੋਜ਼ ਦਾ ਖ਼ਰਚਾ ਚਲਾਉਣ ਲਈ ਉਸ ਨੇ ਇੱਕ ਸਟੋਰ ਵਿੱਚ ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਰੌਕੀ ਨਾਲ ਵੀ ਸੰਪਰਕ ਕੀਤਾ ਜੋ ਹੁਣ ਪੰਜਾਬ ਪਹੁੰਚ ਚੁੱਕਾ ਸੀ।
‘‘ਜੀ ਕਰਦਾ ਮੈਂ ਹੁਣੇ ਹੀ ਤੇਰੇ ਕੋਲ ਉੱਡ ਕੇ ਆ ਜਾਵਾਂ।’’ ਉਹ ਖ਼ੁਸ਼ੀ ਨਾਲ ਬੋਲਿਆ।
‘‘ਤੂੰ ਨਹੀਂ ਮੈਂ ਆਵਾਂਗੀ ਉੱਡ ਕੇ।’’
ਇੱਕ ਸਾਲ ਬਾਅਦ ਉਸ ਦਾ ਤਲਾਕ ਹੋ ਗਿਆ। ਇਸ ਸਾਰੇ ਝਮੇਲੇ ਵਿੱਚ ਉਸ ਨੇ ਆਪਣਾ ਧਿਆਨ ਨਹੀਂ ਭਟਕਣ ਦਿੱਤਾ, ਸੰਗੀਤ ਤੇ ਸਿਮਰਨ ਦੀ ਬਰਕਤ ਨਾਲ, ਕੀਰਤਨ ਕਰਦਿਆਂ, ਸੁਣਦਿਆਂ ਤੇ ਪੜ੍ਹਾਉਂਦਿਆਂ ਤੇ ਸਭ ਤੋਂ ਵੱਧ ਆਪਣੀ ਸਹੇਲੀ ਦੇ ਸਹਿਯੋਗ ਨਾਲ ਔਖਾ ਸਮਾਂ ਕੱਟ ਲਿਆ। ਆਪਣੀ ਸਹੇਲੀ ਤੇ ਸੰਸਥਾ ਦਾ ਧੰਨਵਾਦ ਕਰ ਕੇ ਉਸ ਨੇ ਪੰਜਾਬ ਜਾਣ ਦੀ ਟਿਕਟ ਬੁੱਕ ਕਰਵਾ ਦਿੱਤੀ। ਇੱਕ ਸਾਲ ਵਿੱਚ ਉਸ ਨੇ ਆਪਣੀ ਟਿਕਟ ਜੋਗੇ ਪੈਸੇ ਇਕੱਠੇ ਕਰ ਲਏ ਸਨ। ਉਹ ਆਪਣੀ ਸਹੇਲੀ, ਸੰਸਥਾ ਤੇ ਕੈਨੇਡੀਅਨ ਸਰਕਾਰ ’ਤੇ ਹੋਰ ਬੋਝ ਨਹੀਂ ਸੀ ਪਾਉਣਾ ਚਾਹੁੰਦੀ।
ਪੰਜਾਬ ਪਹੁੰਚ ਕੇ ਉਸ ਨੇ ਆਪਣੇ ਘਰਦਿਆਂ ਨੂੰ ਸਾਰੀ ਗੱਲ ਦੱਸੀ। ਸੁਣ ਕੇ ਉਹ ਬਹੁਤ ਹੈਰਾਨ ਹੋਏ, ਪਰ ਖ਼ੁਸ਼ ਵੀ ਹੋਏ ਕਿ ਉਹ ਸੁੱਖ-ਸਵੀਲੀ ਘਰ ਪਰਤ ਆਈ ਹੈ। ਉਸ ਦੇ ਮਾਪੇ ਰੌਕੀ ਨਾਲ ਉਸ ਦਾ ਵਿਆਹ ਕਰਨ ਲਈ ਮੰਨ ਗਏ, ਪਰ ਉਸ ਦਾ ਕੈਦੋਂ ਚਾਚਾ ਅਜੇ ਵੀ ਖਾਰ ਖਾਈ ਬੈਠਾ ਸੀ। ਪਰ ਉਸ ਨੇ ਪਰਵਾਹ ਨਹੀਂ ਸੀ ਕੀਤੀ। ਉਸ ਦੇ ਅੰਦਰੋਂ ਆਵਾਜ਼ ਆਈ।
‘‘ਜੇ ਅੱਜ ਮੈਨੂੰ ਜ਼ਹਿਰੀਲਾ ਲੱਡੂ ਵੀ ਖਾਣਾ ਪੈ ਜਾਏ ਤਾਂ ਮੈਂ ਹੱਸ ਕੇ ਖਾ ਲਵਾਂ, ਮੇਰਾ ਰੱਬ ਮੈਨੂੰ ਆਪੇ ਰੱਖ ਲਊ!’’ ਪਰ ਅਜਿਹਾ ਕੁਝ ਨਹੀਂ ਹੋਇਆ…ਤੇ ਉਨ੍ਹਾਂ ਦਾ ਵਿਆਹ ਪ੍ਰਵਾਨ ਚੜ੍ਹਿਆ। ਉਸ ਨੇ ਸੰਗੀਤ ਤੇ ਪੜ੍ਹਾਉਣ ਦੇ ਆਪਣੇ ਸ਼ੌਕ ਨੂੰ ਪੂਰਾ ਕਰਦਿਆਂ ਸੰਗੀਤ ਅਧਿਆਪਕ ਦੀ ਨੌਕਰੀ ਵੀ ਸ਼ੁਰੂ ਕਰ ਦਿੱਤੀ। ਰੌਕੀ ਤਾਂ ਸੰਗੀਤ ਗਰੁੱਪ ਵਿੱਚ ਸ਼ਾਮਿਲ ਸੀ ਹੀ। ਉਨ੍ਹਾਂ ਨੇ ਇੱਕ-ਦੂਜੇ ਨੂੰ ਪਾ ਕੇ ਪਿਆਰ ਨਾਲ ਰਹਿੰਦਿਆਂ, ਗੀਤ-ਸੰਗੀਤ ਨਾਲ ਇਬਾਦਤ ਕਰਦਿਆਂ, ਇਸ ਧਰਤੀ ’ਤੇ ਹੀ ਸਵਰਗ ਦੇ ਦੀਦਾਰ ਕਰ ਲਏ।
ਸੰਪਰਕ: amanysingh<\@>gmail.com
The post ਰਾਂਝਾ ਰਾਂਝਾ ਕਰਦੀ ਨੀਂ… appeared first on Punjabi Tribune.