ਮੋਦੀ, ਰਾਹੁਲ, ਖੜਗੇ ਤੇ ਹੋਰਨਾਂ ਵੱਲੋਂ ਡਾ. ਮਨਮੋਹਨ ਸਿੰਘ ਨੂੰ ਜਨਮ ਦਿਨ ਦੀ ਮੁਬਾਰਕਬਾਦ

ਮੋਦੀ, ਰਾਹੁਲ, ਖੜਗੇ ਤੇ ਹੋਰਨਾਂ ਵੱਲੋਂ ਡਾ. ਮਨਮੋਹਨ ਸਿੰਘ ਨੂੰ ਜਨਮ ਦਿਨ ਦੀ ਮੁਬਾਰਕਬਾਦ


ਨਵੀਂ ਦਿੱਲੀ, 26 ਸਤੰਬਰ
Dr Manmohan Singh Birthday: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀਰਵਾਰ ਨੂੰ 92 ਸਾਲਾਂ ਦੇ ਹੋ ਗਏ, ਜਿਸ ਦੌਰਾਨ ਕਾਂਗਰਸ ਆਗੂਆਂ ਸਮੇਤ ਵੱਖ-ਵੱਖ ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਤੋਂ ਪਹਿਲੇ ਪ੍ਰਧਾਨ ਮੰਤਰੀ ਨੂੰ ਇਸ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਉਨ੍ਹਾਂ ਦੀ ਹਲੀਮੀ, ਸਿਆਣਪ ਅਤੇ ਨਿਰਸਵਾਰਥ ਸੇਵਾ ਭਾਵਨਾ ਲਈ ਤਾਰੀਫ਼ ਕੀਤੀ ਹੈ।
ਡਾ. ਮਨਮੋਹਨ ਸਿੰਘ 2004 ਤੋਂ 2014 ਤੱਕ ਯੂਪੀਏ ਸਰਕਾਰ ਵਿਚ ਪ੍ਰਧਾਨ ਮੰਤਰੀ ਰਹੇ। ਇਸ ਤੋਂ ਪਹਿਲਾਂ ਉਹ 1991 ਤੋਂ 1996 ਤੱਕ ਪੀਵੀ ਨਰਸਿਮਹਾ ਰਾਓ ਦੇ ਪ੍ਰਧਾਨ ਮੰਤਰੀ ਹੁੰਦਿਆਂ ਦੇਸ਼ ਦੇ ਵਿੱਤ ਮੰਤਰੀ ਰਹੇ ਅਤੇ ਇਸ ਦੌਰਾਨ ਉਨ੍ਹਾਂ ਮੁਲਕ ਵਿਚ ਵਿਆਪਕ ਸੁਧਾਰਾਂ ਅਤੇ ਉਦਾਰੀਕਰਨ ਦੀਆਂ ਨੀਤੀਆਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦਾ ਜਨਮ 1932 ਵਿਚ ਲਹਿੰਦੇ ਪੰਜਾਬ ਦੇ ਚਕਵਾਲ ਜ਼ਿਲ੍ਹੇ ਦੇ ਪਿੰਡ ਗਾਹ ਵਿਚ ਹੋਇਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਇਕ ਪੋਸਟ ਰਾਹੀਂ ਡਾ. ਮਨਮੋਹਨ ਸਿੰਘ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਆਪਣੀ ਟਵੀਟ ਵਿਚ ਕਿਹਾ, ‘‘ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਨੂੰ ਜਨਮ ਦਿਨ ਦੀਆਂ ਵਧਾਈਆਂ। ਮੈਂ ਉਨ੍ਹਾਂ ਦੀ ਲੰਬੀ ਤੇ ਸਿਹਤਮੰਦ ਜ਼ਿੰਦਗੀ ਲਈ ਪ੍ਰਾਰਥਨਾ ਕਰਦਾ ਹਾਂ।’’

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਾਂਗਰਸ ਪਾਰਟੀ ਵੱਲੋਂ ਅਗਵਾਈ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਨੂੰ ਜਨਮ ਦਿਨ ਦੀ ‘ਨਿੱਘੀ’ ਮੁਬਾਰਕਬਾਦ ਦਿੱਤੀ। ਰਾਹੁਲ ਗਾਂਧੀ ਨੇ ਵੀ ਉਨ੍ਹਾਂ ਨੂੰ ‘ਐਕਸ’ ਉਤੇ ਟਵੀਟ ਕਰ ਕੇ ਵਧਾਈ ਦਿੰਦਿਆਂ ਕਿਹਾ, ‘‘ਡਾ. ਮਨਮੋਹਨ ਸਿੰਘ ਜੀ ਜਨਮ ਦਿਨ ਦੀਆਂ ਮੁਬਾਰਕਾਂ। ਸਾਡੇ ਇਸ ਦੇਸ਼ ਦੇ ਨਿਰਮਾਣ ਲਈ ਤੁਹਾਡੀ ਹਲੀਮੀ, ਸਿਆਣਪ ਅਤੇ ਨਿਰਸਵਾਰਥ ਸੇਵਾ ਭਾਵਨਾ ਮੇਰੇ ਸਮੇਤ ਕਰੋੜਾਂ ਭਾਰਤੀਆਂ ਨੂੰ ਪ੍ਰੇਰਨਾ ਦਿੰਦੀ ਹੈ। ਸਦਾ ਤੁਹਾਡੀ ਵਧੀਆ ਸਿਹਤ ਤੇ ਖ਼ੁਸ਼ਹਾਲੀ ਦੀ ਕਾਮਨਾ ਕਰਦਾ ਹਾਂ!’’

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਉਨ੍ਹਾਂ ਨੂੰ ‘ਦੇਸ਼ ਵਿਚ ਉਦਾਰੀਕਰਨ ਅਤੇ ਆਰਥਿਕ ਸੁਧਾਰਾਂ ਦੇ ਮੋਢੀ’ ਕਰਾਰ ਦਿੰਦਿਆਂ ਇਕ ਟਵੀਟ ਰਾਹੀਂ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਹੈ। -ਪੀਟੀਆਈ

The post ਮੋਦੀ, ਰਾਹੁਲ, ਖੜਗੇ ਤੇ ਹੋਰਨਾਂ ਵੱਲੋਂ ਡਾ. ਮਨਮੋਹਨ ਸਿੰਘ ਨੂੰ ਜਨਮ ਦਿਨ ਦੀ ਮੁਬਾਰਕਬਾਦ appeared first on Punjabi Tribune.





Source link