ਸ੍ਰੀਨਗਰ, 28 ਸਤੰਬਰ
Encounter in J&K’s Kulgam: ਜੰਮੂ-ਕਸ਼ਮੀਰ ਵਿਚ ਦੱਖਣੀ ਕਸ਼ਮੀਰ ਸਥਿਤ ਕੁਲਗਾਮ ਜ਼ਿਲ੍ਹੇ ਵਿਚ ਸੁਰੱਖਿਆ ਦਸਤਿਆਂ ਨਾਲ ਹੋਏ ਮੁਕਾਬਲੇ ਵਿਚ ਦੋ ਅਣਪਛਾਤੇ ਅਤਿਵਾਦੀ ਮਾਰੇ ਗਏ ਅਤੇ ਐੱਸਪੀ ਰੈਂਕ ਦੇ ਇਕ ਪੁਲੀਸ ਅਫ਼ਸਰ ਸਣੇ ਪੰਜ ਸੁਰੱਖਿਆ ਜਵਾਨ ਜ਼ਖ਼ਮੀ ਹੋ ਗਏ। ਚਾਰ ਜ਼ਖ਼ਮੀ ਜਵਾਨਾਂ ਵਿਚੋਂ ਤਿੰਨ ਫ਼ੌਜ ਤੇ ਇਕ ਪੁਲੀਸ ਨਾਲ ਸਬੰਧਤ ਹੈ। ਪੁਲੀਸ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਲਗਾਮ ਜ਼ਿਲ੍ਹੇ ਦੇ ਆਦੀਗਾਮ ਇਲਾਕੇ ਵਿਚ ਦਹਿਸ਼ਤਗਰਦਾਂ ਦੀ ਮੌਜੂਦਗੀ ਦੀ ਸੂਹ ਮਿਲਣ ਉਤੇ ਸੁਰੱਖਿਆ ਦਸਤਿਆਂ ਨੇ ਅੱਜ ਤੜਕਸਾਰ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਦਹਿਸ਼ਤਗਰਦਾਂ ਵੱਲੋਂ ਗੋਲੀ ਚਲਾਏ ਜਾਣ ਕਾਰਨ ਦੋਵੇਂ ਧਿਰਾਂ ਦਰਮਿਆਨ ਮੁਕਾਬਲਾ ਸ਼ੁਰੂ ਹੋ ਗਿਆ।
ਗੋਲੀਬਾਰੀ ਦੌਰਾਨ ਪੁਲੀਸ ਦੇ ਐਡੀਸ਼ਨਲ ਐੱਸਪੀ (ਟਰੈਫਿਕ) ਮੁਮਤਾਜ਼ ਅਲੀ ਅਤੇ ਚਾਰ ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਮਾਮੂਲੀ ਜ਼ਖ਼ਮ ਹੋਏ ਹਨ। ਇਸ ਦੌਰਾਨ ਦੋ ਅਣਪਛਾਤੇ ਦਹਿਸ਼ਤਗਰਦ ਮਾਰੇ ਗਏ। ਸਲਾਮਤੀ ਦਸਤਿਆਂ ਵੱਲੋਂ ਮਾਰੇ ਗਏ ਦਹਿਸ਼ਗਰਦਾਂ ਦੀ ਪਛਾਣ ਅਤੇ ਉਨ੍ਹਾਂ ਦੇ ਗਰੁੱਪ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -ਪੀਟੀਆਈ
The post ਜੰਮੂ-ਕਸ਼ਮੀਰ: ਮੁਕਾਬਲੇ ’ਚ ਦੋ ਦਹਿਸ਼ਤਗਰਦ ਹਲਾਕ, ਐੱਸਪੀ ਸਣੇ 5 ਜਵਾਨ ਜ਼ਖ਼ਮੀ appeared first on Punjabi Tribune.