ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਸਤੰਬਰ
ਦਿੱਲੀ ਪੁਲੀਸ ਵੱਲੋਂ ਵਸੰਤ ਕੁੰਜ ਦੇ ਇੱਕ ਪਰਿਵਾਰ ਦੇ ਪੰਜ ਜੀਆਂ ਦੀਆਂ ਲਾਸ਼ਾਂ ਮਿਲਣ ਮਗਰੋਂ ਕੀਤੀ ਜਾ ਰਹੀ ਜਾਂਚ ਦੌਰਾਨ ਘਰ ਦੇ ਨੇੜੇ ਦੀ ਸੀਸੀਟੀਵੀ ਫੁਟੇਜ ਘੋਖੀ ਗਈ ਹੈ। ਇਸ ਵਿੱਚ ਇੱਕ ਵਿਅਕਤੀ ਨੀਲੇ ਮੋਮੀਕਾਗਜ਼ ਦੇ ਲਿਫਾਫੇ ਸਣੇ ਘੁੰਮਦਾ ਦਿਖਾਈ ਦਿੰਦਾ ਹੈ। ਉਹ ਵਿਅਕਤੀ 45-46 ਸਾਲਾਂ ਦਾ ਜਾਪਦਾ ਹੈ ਤੇ ਉਸ ਦੀਆਂ ਇਹ ਤਸੀਵਰਾਂ ਹੀਰਾ ਲਾਲ ਸ਼ਰਮਾ ਤੇ ਉਸ ਦੀਆਂ ਚਾਰ ਧੀਆਂ ਦੀ ਮੌਤ ਦੇ ਸਮੇਂ ਨਾਲ ਮੇਲ ਖਾਂਦੀਆਂ ਹਨ। ਉਹ ਵਿਅਕਤੀ ਸ਼ਾਮ ਨੂੰ 7 ਵਜੇ ਮਠਿਆਈ ਦੇ ਡੱਬੇ ਨਾਲ ਦੇਖਿਆ ਗਿਆ। ਪੁਲੀਸ ਨੂੰ ਸ਼ੱਕ ਹੈ ਕਿ ਹੋ ਸਕਦਾ ਹੈ ਕਿ ਪਰਿਵਾਰ ਨੂੰ ਉਸ ਨੇ ਮਠਿਆਈ ਵਿੱਚ ਜ਼ਹਿਰ ਮਿਲਾ ਦਿੱਤਾ ਹੋਵੇ। ਗੁਆਂਢੀਆਂ ਨੇ ਜਦੋਂ ਪਰਿਵਾਰ ਨੂੰ ਆਖ਼ਰੀ ਵਾਰ ਦੇਖਿਆ ਸੀ ਤਾਂ ਉਹ ਵਿਅਕਤੀ ਇਸ ਤੋਂ ਪਹਿਲਾਂ ਉੱਥੇ ਤਸਵੀਰਾਂ ਵਿੱਚ ਦਿਖਾਈ ਦਿੰਦਾ ਹੈ। ਗੁਆਂਢੀਆਂ ਮੁਤਾਬਕ ਉਸੇ ਦਿਨ ਹੀਰਾ ਲਾਲ ਦੇ ਪਰਿਵਾਰ ਨੂੰ ਆਖ਼ਰੀ ਵਾਰ ਦੇਖਿਆ ਗਿਆ ਸੀ। ਪੁਲੀਸ ਨੇ ਹੀਰਾ ਲਾਲ ਦੇ ਕਿਰਾਏ ਦੇ ਘਰ ਵਿੱਚੋਂ ਮਠਿਆਈ ਦਾ ਡੱਬਾ, ਸਲਫਾਸ ਤੇ ਫਲਾਂ ਦੇ ਜੂਸ ਵਰਗਾ ਇੱਕ ਹੋਰ ਤਰਲ ਪਦਾਰਥ ਬਰਾਮਦ ਕੀਤਾ। ਪੰਜਾਂ ਪਰਿਵਾਰਕ ਮੈਂਬਰਾਂ ਦੇ ਸਰੀਰ ’ਤੇ ਕੋਈ ਸੱਟ ਨਹੀਂ ਸੀ ਲੱਗੀ ਤੇ ਪੁਲੀਸ ਇਸ ਨੂੰ ਸਮੂਹਿਕ ਖੁਦਕੁਸ਼ੀ ਮੰਨ ਰਹੀ ਸੀ। ਪੁਲੀਸ ਨੂੰ ਬਿਸਰਾ ਜਾਂਚ ਤੋਂ ਕਈ ਨੁਕਤਾ ਮਿਲਣ ਦੀ ਉਮੀਦ ਹੈ। ਇਕ ਹੋਰ ਗੁਆਂਢੀ ਨੇ ਵੀ ਲਾਸ਼ਾਂ ਮਿਲਣ ਦੇ ਦਿਨ ਤੋਂ ਪਹਿਲਾਂ ਫਲੈਟ ਤੋਂ ਰੌਲਾ ਸੁਣਨ ਦੀ ਸੂਚਨਾ ਦਿੱਤੀ। ਉਸ ਨੂੰ ਚੀਕਣ ਅਤੇ ਹੰਗਾਮੇ ਦੀ ਆਵਾਜ਼ ਸੁਣਾਈ ਦਿੱਤੀ ਅਤੇ ਵਿਸ਼ਵਾਸ ਕੀਤਾ ਕਿ ਧੀਆਂ ਲੜ ਰਹੀਆਂ ਸਨ।
The post ਪਰਿਵਾਰ ਦੇ ਪੰਜ ਜੀਆਂ ਦੀ ਮੌਤ ਮਗਰੋਂ ਪੁਲੀਸ ਨੇ ਸੀਸੀਟੀਵੀ ਫੁਟੇਜ ਘੋਖੀ appeared first on Punjabi Tribune.