ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਵੱਲੋਂ ਡੀਸੀ ਖ਼ਿਲਾਫ਼ ਮਤਾ

ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਵੱਲੋਂ ਡੀਸੀ ਖ਼ਿਲਾਫ਼ ਮਤਾ


ਕੇਪੀ ਸਿੰਘ
ਗੁਰਦਾਸਪੁਰ, 1 ਅਕਤੂਬਰ
ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਡਿਪਟੀ ਕਮਿਸ਼ਨਰ ਓਮਾ ਸ਼ੰਕਰ ਗੁਪਤਾ ਵਿਰੁੱਧ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ’ਚ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਦਾ ਅਪਮਾਨ ਕਰਨ ਦੇ ਦੋਸ਼ ਹੇਠ ਵਿਸ਼ੇਸ਼ ਅਧਿਕਾਰ ਮਤਾ ਪਾ ਦਿੱਤਾ ਹੈ। ਉਨ੍ਹਾਂ ਨੇ ਐੱਸਪੀ (ਹੈੱਡਕੁਆਰਟਰ) ਜੁਗਰਾਜ ਸਿੰਘ, ਏਡੀਸੀ (ਵਿਕਾਸ) ਗੁਰਪ੍ਰੀਤ ਸਿੰਘ ਭੁੱਲਰ ਅਤੇ ਏਡੀਸੀ (ਜਨਰਲ) ਸੁਰਿੰਦਰ ਸਿੰਘ ਨੂੰ ਗਵਾਹ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਡੀਸੀ ਦਫ਼ਤਰ ਵਿੱਚ ਘਟਨਾ ਵਾਪਰਨ ਸਮੇਂ ਇਹ ਸਾਰੇ ਅਧਿਕਾਰੀ ਮੌਜੂਦ ਸਨ। ਦੱਸਣਯੋਗ ਹੈ ਕਿ ਸੰਸਦ ਮੈਂਬਰਾਂ ਨੂੰ ਵਿਸ਼ੇਸ਼ ਅਧਿਕਾਰ ਅਤੇ ਛੋਟਾਂ ਮਿਲਦੀਆਂ ਹਨ ਜੋ ਉਨ੍ਹਾਂ ਦੇ ਫ਼ਰਜ਼ਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀਆਂ ਹਨ। ਇੱਕ ਵਿਸ਼ੇਸ਼ ਅਧਿਕਾਰ ਪ੍ਰਸਤਾਵ ਸੰਸਦ ਮੈਂਬਰਾਂ ਵੱਲੋਂ ਦਿੱਤੀ ਜਾਣ ਵਾਲੀ ਰਸਮੀ ਸ਼ਿਕਾਇਤ ਹੈ ਜੋ ਉਨ੍ਹਾਂ ਦੇ ਅਧਿਕਾਰਾਂ, ਸ਼ਕਤੀਆਂ ਅਤੇ ਸਨਮਾਨ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਕਾਰਵਾਈ ਨੂੰ ਚੁਣੌਤੀ ਦਿੰਦੀ ਹੈ। ਜ਼ਿਕਰਯੋਗ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ ਸਹਿਤ ਕਾਂਗਰਸੀਆਂ ਵੱਲੋਂ ਦਿੱਤੇ ਇੱਕ ਧਰਨੇ ਮਗਰੋਂ ਡੀਸੀ ਨੂੰ ਮਿਲਣ ਗਏ ਸਨ। ਕਾਂਗਰਸੀ ਵਰਕਰਾਂ ਦੀ ਸ਼ਿਕਾਇਤ ਸੀ ਕਿ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇਤਰਾਜ਼ਹੀਣਤਾ ਸਰਟੀਫਿਕੇਟ (ਐਨਓਸੀ) ਨਹੀਂ ਦਿੱਤਾ ਜਾ ਰਿਹਾ। ਰੰਧਾਵਾ ਨੇ ਇਲਜ਼ਾਮ ਲਗਾਇਆ ਕਿ ਡੀਸੀ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਦਫ਼ਤਰੋਂ ਚਲੇ ਜਾਣ ਲਈ ਕਿਹਾ। ਦੂਸਰੇ ਪਾਸੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਉਨ੍ਹਾਂ ਕਿਸੇ ਨੂੰ ਬਾਹਰ ਜਾਣ ਲਈ ਨਹੀਂ ਕਿਹਾ। ਡੀਸੀ ਅਨੁਸਾਰ ਜਦੋਂ ਸੁਖਜਿੰਦਰ ਰੰਧਾਵਾ ਉਨ੍ਹਾਂ ਨਾਲ ਚਰਚਾ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਚਾਹ ਦਿੱਤੀ ਗਈ। ਉਹ ਕਦੇ ਵੀ ਕਿਸੇ ਐੱਮਪੀ ਅਤੇ ਵਿਧਾਇਕ ਨੂੰ ਆਪਣਾ ਦਫ਼ਤਰ ਛੱਡਣ ਲਈ ਕਹਿਣ ਬਾਰੇ ਸੋਚ ਵੀ ਨਹੀਂ ਸਕਦੇ। ਪ੍ਰਤਾਪ ਬਾਜਵਾ ਨੇ ਦੋਸ਼ ਲਗਾਇਆ ਕਿ ‘ਆਪ’ ਦੇ ਇੱਕ ਮੌਜੂਦਾ ਵਿਧਾਇਕ ਨੇ ਇਸ ਜ਼ਿਲ੍ਹੇ ਦੇ ਸਾਰੇ ਪੰਚਾਇਤ ਸਕੱਤਰਾਂ ਨੂੰ ਅਸਲ ਵਿੱਚ ਅਗਵਾ ਕਰ ਲਿਆ ਅਤੇ ਉਨ੍ਹਾਂ ਨੂੰ ਆਪਣੇ ਘਰ ਵਿੱਚ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਉਹ ਇਸ ਬਾਰੇ ਡੀਸੀ ਨੂੰ ਦੱਸਣਾ ਚਾਹੁੰਦੇ ਸਨ ਪਰ ਅਧਿਕਾਰੀ ਇਸ ਗੱਲ ਨੂੰ ਸੁਣਨ ਦੀ ਬਜਾਏ ਹੋਰ ਹੀ ਬਹਾਨੇ ਬਣਾਉਂਦਾ ਰਿਹਾ ਅਤੇ ਕੋਈ ਜਵਾਬ ਨਹੀਂ ਦਿੱਤਾ।

The post ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਵੱਲੋਂ ਡੀਸੀ ਖ਼ਿਲਾਫ਼ ਮਤਾ appeared first on Punjabi Tribune.



Source link