ਹਰਦੀਪ ਸਿੰਘ
ਧਰਮਕੋਟ, 4 ਅਕਤੂਬਰ
ਧਰਮਕੋਟ ਅਧੀਨ ਆਉਂਦੇ ਪਿੰਡ ਕੋਟ ਸਦਰ ਖਾਂ ’ਚ ਅੱਜ ਸਜਾਏ ਗਏ ਨਗਰ ਕੀਰਤਨ ਦੌਰਾਨ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਪਾਲਕੀ ਸਾਹਿਬ ਵਾਲਾ ਵਾਹਨ ਕਰੰਟ ਦੀ ਲਪੇਟ ਵਿੱਚ ਆ ਗਿਆ। ਇਸ ਕਾਰਨ ਮਹਿਲਾ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮਿਤ੍ਰਕਾਂ ਦੀ ਸ਼ਨਾਖ਼ਤ ਪਿੰਡ ਪੱਧਰੀ (ਫਿਰੋਜ਼ਪੁਰ) ਦੀ ਜੋਗਿੰਦਰ ਕੌਰ ਅਤੇ ਪਿੰਡ ਰੋਡੇਵਾਲ ਨੇੜੇ ਸਭਰਾਂ ਦੇ ਰਣਜੀਤ ਸਿੰਘ ਵਜੋਂ ਹੋਈ ਹੈ। ਘਟਨਾ ’ਚ ਅੱਧੀ ਦਰਜਨ ਦੇ ਕਰੀਬ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ ’ਚੋਂ ਵਿਆਹੁਤਾ ਔਰਤ ਦੀ ਹਾਲਤ ਗੰਭੀਰ ਹੈ। ਸਾਰੇ ਜ਼ਖ਼ਮੀਆਂ ਨੂੰ ਕੋਟ ਈਸੇ ਖਾਂ ਦੇ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਬਾਬਾ ਸਿੰਦਰ ਸਿੰਘ ਸਭਰਾਵਾਂ ਦੀ ਰਹਿਨੁਮਾਈ ਹੇਠ ਗੁਰਦੁਆਰਾ ਅਕਾਲਗੜ੍ਹ ਦੀ ਨਵੀਂ ਇਮਾਰਤ ਦੀ ਖੁਸ਼ੀ ਵਿੱਚ ਪਿੰਡ ਵਿੱਚ ਨਗਰ ਕੀਰਤਨ ਸਜਾਇਆ ਗਿਆ ਸੀ। ਥਾਣਾ ਕੋਟ ਈਸੇ ਖਾਂ ਦੇ ਮੁਖੀ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
The post ਨਗਰ ਕੀਰਤਨ ਦੌਰਾਨ ਕਰੰਟ ਲੱਗਣ ਕਾਰਨ ਦੋ ਮੌਤਾਂ, ਅੱਧਾ ਦਰਜਨ ਜ਼ਖ਼ਮੀ appeared first on Punjabi Tribune.