ਕਰਮਜੀਤ ਸਿੰਘ ਚਿੱਲਾ
ਐਸਏਐਸਨਗਰ (ਮੁਹਾਲੀ), 5 ਅਕਤੂਬਰ
Panchayat Elections Punjab: ਪੰਜਾਬ ਦੇ ਰਾਜ ਚੋਣ ਕਮਿਸ਼ਨਰ ਕਮਲ ਚੌਧਰੀ ਨੇ ਮੁਹਾਲੀ ਬਲਾਕ ਅਧੀਨ ਪੈਂਦੇ ਪਿੰਡ ਜਗਤਪੁਰਾ ਦੀਆਂ ਪੰਚਾਇਤੀ ਚੋਣਾਂ ਕਰਾਉਣ ਉੱਤੇ ਰੋਕ ਲਗਾ ਦਿੱਤੀ ਹੈ। ਹੁਣ ਇਸ ਪਿੰਡ ਦੀਆਂ ਚੋਣਾਂ 15 ਅਕਤੂਬਰ ਨੂੰ ਨਹੀਂ ਹੋਣਗੀਆਂ। ਚੋਣ ਕਮਿਸ਼ਨਰ ਨੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਦਿੱਤੇ ਹੁਕਮਾਂ ਵਿਚ ਪਿੰਡ ਜਗਤਪੁਰਾ ਦੀ ਵੋਟਰ ਲਿਸਟ ਵਿੱਚ ਸ਼ਾਮਿਲ ਕੀਤੀਆਂ ਗਈਆਂ ਗੁਰੂ ਨਾਨਕ ਕਲੋਨੀ ਦੀਆਂ ਵੋਟਾਂ ਨੂੰ ਵੋਟਰ ਸੂਚੀ ਵਿੱਚੋਂ ਹਟਾ ਕੇ ਪੰਚਾਇਤੀ ਚੋਣ ਕਰਾਏ ਜਾਣ ਲਈ ਕਿਹਾ ਹੈ।
ਮੁਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਰਾਜ ਚੋਣ ਕਮਿਸ਼ਨਰ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਐਸਡੀਐਮ ਮੁਹਾਲੀ ਨੂੰ ਪੱਤਰ ਲਿਖ ਕੇ ਜਗਤਪੁਰਾ ਦੀ ਪੰਚਾਇਤੀ ਚੋਣ ਤੁਰੰਤ ਰੱਦ ਕਰਨ ਲਿਆ ਆਖਿਆ ਹੈ। ਜਗਤਪੁਰਾ ਦੇ ਭੰਗ ਹੋਈ ਪੰਚਾਇਤ ਵਿੱਚ ਅਧਿਕਾਰਿਤ ਪੰਚ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਕੁਲਦੀਪ ਸਿੰਘ ਧਨੋਆ ਵੱਲੋਂ ਆਪਣੇ ਵਕੀਲ ਡੀਕੇ ਸਾਲਦੀ ਰਾਹੀਂ ਚੋਣ ਕਮਿਸ਼ਨਰ ਕੋਲ ਪਟੀਸ਼ਨ ਦਾਇਰ ਕੀਤੀ ਗਈ ਸੀ।
ਉਨ੍ਹਾਂ ਪਿੰਡ ਦੀ ਵੋਟਰ ਸੂਚੀ ਵਿੱਚ ਗੁਰੂ ਨਾਨਕ ਕਲੋਨੀ ਦੀਆਂ ਪੰਜ ਹਜ਼ਾਰ ਤੋਂ ਵੱਧ ਵੋਟਾਂ ਸ਼ਾਮਿਲ ਕੀਤੇ ਜਾਣ ’ਤੇ ਇਤਰਾਜ਼ ਉਠਾਇਆ ਸੀ। ਉਨ੍ਹਾਂ ਵੱਲੋਂ ਪਹਿਲਾਂ ਐਸਡੀਐਮ ਅਤੇ ਡਿਪਟੀ ਕਮਿਸ਼ਨਰ ਕੋਲ ਵੀ ਕਲੋਨੀ ਦੀਆਂ ਵੋਟਾਂ ਸ਼ਾਮਿਲ ਨਾ ਕੀਤੇ ਜਾਣ ਲਈ ਸ਼ਿਕਾਇਤ ਦਰਜ ਕਰਾਈ ਗਈ ਸੀ, ਪਰ ਇਸ ਨੂੰ ਦਰਕਿਨਾਰ ਕਰਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਫ਼ਾਈਨਲ ਵੋਟਰ ਸੂਚੀ ਵਿੱਚ ਪੰਜ ਹਜ਼ਾਰ ਤੋਂ ਵਧੇਰੇ ਵੋਟਰਾਂ ਵਾਲੀ ਪਰਵਾਸੀ ਮਜ਼ਦੂਰਾਂ ਦੀ ਕਲੋਨੀ ਦੀਆਂ ਵੋਟਾਂ ਦਰਜ ਕਰ ਦਿੱਤੀਆਂ ਗਈਆਂ ਸਨ।
ਪਿੰਡ ਦੇ ਜੱਦੀ ਵਾਸ਼ਿੰਦਿਆਂ ਦੀਆਂ ਸਿਰਫ਼ 900 ਦੇ ਕਰੀਬ ਵੋਟਾਂ ਹੋਣ ਕਾਰਨ ਪਰਵਾਸੀ ਮਜ਼ਦੂਰਾਂ ਵਾਲੀ ਕਲੋਨੀ ਵਿੱਚੋਂ ਹੀ ਸਾਰੀ ਪੰਚਾਇਤ ਚੁਣੇ ਜਾਣ ਦਾ ਰਾਹ ਪੱਧਰਾ ਹੋ ਗਿਆ ਸੀ ਤੇ ਕਲੋਨੀ ਵਿੱਚੋਂ ਪੰਜ ਉਮੀਦਵਾਰਾਂ ਨੇ ਸਰਪੰਚੀ ਲਈ ਆਪਣੀ ਨਾਮਜ਼ਦਗੀ ਵੀ ਦਾਖ਼ਿਲ ਕਰਾਈ ਸੀ। ਪਟੀਸ਼ਨਰ ਨੇ ਦਲੀਲ ਦਿੱਤੀ ਸੀ ਕਿ ਇਹ ਕਲੋਨੀ ਪੁਡਾ ਦੀ ਜ਼ਮੀਨ ’ਤੇ ਵਸਾਈ ਗਈ ਸੀ। ਇਸ ਦਾ ਪਿੰਡ ਨਾਲ ਕੋਈ ਸਬੰਧ ਨਹੀਂ ਹੈ। ਕਲੋਨੀ ਵਾਸੀ ਨਗਰ ਨਿਗਮ ਮੁਹਾਲੀ ਲਈ ਵੋਟਾਂ ਪਾਉਂਦੇ ਹਨ। ਪਿੰਡ ਦੀ ਪੰਚਾਇਤ ਵਿੱਚ ਉਕਤ ਕਲੋਨੀ ਦੀ ਅੱਜ ਤੱਕ ਕਦੇ ਵੋਟ ਨਹੀਂ ਪਈ।
ਉਨ੍ਹਾਂ ਇਹ ਵੀ ਤਰਕ ਦਿੱਤਾ ਕਿ ਗਮਾਡਾ ਵੱਲੋਂ 2005 ਵਿੱਚ ਇਹ ਕਲੋਨੀਆਂ ਵਸਾਏ ਜਾਣ ਸਮੇਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਇਨ੍ਹਾਂ ਕਲੋਨੀਆਂ ਦਾ ਪਿੰਡ ਦੀ ਪੰਚਾਇਤ ਨਾਲ ਕੋਈ ਸਬੰਧ ਨਹੀਂ ਹੋਵੇਗਾ। ਪਟੀਸ਼ਨਰ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਚੋਣ ਕਮਿਸ਼ਨਰ ਨੇ ਚੋਣ ਰੱਦ ਕਰਨ ਅਤੇ ਵੋਟਰ ਸੂਚੀ ਵਿੱਚੋਂ ਕਲੋਨੀ ਦੇ ਵਸਨੀਕਾਂ ਦੇ ਨਾਮ ਕੱਢ ਕੇ ਨਵੇਂ ਸਿਰਿਉਂ ਚੋਣ ਕਰਾਏ ਜਾਣ ਦੇ ਨਿਰਦੇਸ਼ ਦਿੱਤੇ ਹਨ।
The post ਮੁਹਾਲੀ: ਚੋਣ ਕਮਿਸ਼ਨਰ ਨੇ ਪਿੰਡ ਜਗਤਪੁਰਾ ਦੀ ਪੰਚਾਇਤ ਚੋਣ ’ਤੇ ਲਗਾਈ ਰੋਕ appeared first on Punjabi Tribune.