ਇਜ਼ਰਾਇਲ ਦੇ ਫ਼ਲਸਤੀਨੀਆਂ ਖ਼ਿਲਾਫ਼ ਹਮਲੇ ਦੇ ਵਿਰੋਧ ਵਿੱਚ ਕਨਵੈਨਸ਼ਨ ਅਤੇ ਮੁਜ਼ਾਹਰਾ

ਇਜ਼ਰਾਇਲ ਦੇ ਫ਼ਲਸਤੀਨੀਆਂ ਖ਼ਿਲਾਫ਼ ਹਮਲੇ ਦੇ ਵਿਰੋਧ ਵਿੱਚ ਕਨਵੈਨਸ਼ਨ ਅਤੇ ਮੁਜ਼ਾਹਰਾ


ਪਾਲ ਸਿੰਘ ਨੌਲੀ
ਜਲੰਧਰ, 7 ਅਕਤੂਬਰ
Protest against Israel bombing on Gaza: ਇਜ਼ਰਾਇਲ ਵੱਲੋਂ ਫਲਸਤੀਨੀਆਂ ਦੀ ‘ਨਸਲਕੁਸ਼ੀ’ ਦੇ ਵਿਰੋਧ ’ਚ ਸਥਾਈ ਜੰਗਬੰਦੀ ਲਈ ਅਤੇ ਭਾਰਤ ਸਰਕਾਰ ਵੱਲੋਂ ਇਜ਼ਰਾਇਲ ਨੂੰ ਹਥਿਆਰ ਅਤੇ ਹੋਰ ਜੰਗੀ ਸਾਜ਼ੋ-ਸਾਮਾਨ ਦਿੱਤੇ ਜਾਣ ਦੇ ਵਿਰੋਧ ’ਚ ਅਤੇ ਫਲਸਤੀਨੀਆਂ ਨਾਲ ਯਕਜਹਿਤੀ ਪ੍ਰਗਟਾਉਣ ਲਈ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਕਨਵੈਨਸ਼ਨ ਕੀਤੀ ਗਈ ਅਤੇ ਸ਼ਹਿਰ ਵਿੱਚ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ।
ਇਸ ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ’ਚ ਰਤਨ ਸਿੰਘ ਰੰਧਾਵਾ, ਅਜਮੇਰ ਸਿੰਘ, ਰਾਜਵਿੰਦਰ ਸਿੰਘ ਰਾਣਾ, ਨਰਾਇਣ ਦੱਤ, ਰਜਿੰਦਰ ਸਿੰਘ ਮੰਡ, ਗੁਰਨਾਮ ਸਿੰਘ ਬਾਲਦ ਕਲਾਂ ਸ਼ਾਮਲ ਸਨ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਕੀਤੀ ਜਾ ਰਹੀ ਹਵਾਈ ਬੰਬਾਰੀ ਅਤੇ ਜ਼ਮੀਨੀ ਹਮਲਿਆਂ ਨਾਲ 50,000 ਤੋਂ ਵੱਧ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਗਏ ਹਨ। ਮਲਬੇ ਹੇਠ ਦੱਬੇ ਲੋਕਾਂ ਦੀ ਗਿਣਤੀ ਦਾ ਹਿਸਾਬ ਹੀ ਨਹੀਂ ਲਾਇਆ ਜਾ ਸਕਦਾ। ਦਸ ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਸਾਰੇ ਜੰਗੀ ਨਿਯਮਾਂ ਨੂੰ ਛਿੱਕੇ ਉੱਤੇ ਟੰਗ ਕੇ ਹਸਪਤਾਲਾਂ, ਸਕੂਲਾਂ ਅਤੇ ਰਿਹਾਇਸ਼ੀ ਥਾਵਾਂ ਨੂੰ ਵੀ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਪਾਣੀ, ਦਵਾਈਆਂ ਅਤੇ ਖਾਣ-ਪੀਣ ਦੇ ਸਾਜ਼ੋ-ਸਾਮਾਨ ’ਤੇ ਲਾਈਆਂ ਪਾਬੰਦੀਆਂ ਅਤਿ ਘਿਨਾਉਣੇ ਗੈਰ-ਮਾਨਵਵਾਦੀ ਇਜ਼ਰਾਇਲ ਅਤੇ ਉਸਦੇ ਸਹਿਯੋਗੀਆਂ ਦਾ ਕਰੂਪ ਚਿਹਰਾ ਸਾਰੀ ਦੁਨੀਆਂ ਸਾਹਮਣੇ ਆ ਗਿਆ ਹੈ। ਅਮਰੀਕਾ ਅਤੇ ਉਸਦੇ ਪੱਛਮੀ ਸਹਿਯੋਗੀ ਇਜ਼ਰਾਇਲ ਨੂੰ ਲਗਾਤਾਰ ਹਥਿਆਰਾਂ ਦੀ ਸਪਲਾਈ ਅਤੇ ਆਰਥਿਕ ਮੱਦਦ ਦੇ ਰਹੇ ਹਨ।
ਇਸ ਕਨਵੈਨਸ਼ਨ ਵਿੱਚ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਸਥਾਈ ਜੰਗਬੰਦੀ ਕੀਤੀ ਜਾਵੇ, ਯੂਐਨ ਦੇ ਮਤੇ ਅਨੁਸਾਰ ਫਲਸਤੀਨੀ ਇਲਾਕਿਆਂ ਵਿੱਚੋਂ ਇਜ਼ਰਾਇਲੀ ਫੌਜਾਂ ਫੌਰੀ ਤੌਰ ’ਤੇ ਵਾਪਸ ਬੁਲਾਈਆਂ ਜਾਣ, ਫਲਸਤੀਨੀਆਂ ਦੀ ਪ੍ਰਭੂਸੱਤਾ ਲਈ ਆਵਾਜ਼ ਬੁਲੰਦ ਕੀਤੀ ਜਾਵੇ। ਭਾਰਤ ਸਰਕਾਰ ਹਥਿਆਰ ਅਤੇ ਹੋਰ ਜੰਗੀ ਸਾਮਾਨ ਦੀ ਸਪਲਾਈ ਬੰਦ ਕਰੇ ਅਤੇ ਇਜ਼ਰਾਇਲ ਨਾਲੋਂ ਸਫ਼ਾਰਤੀ ਸਬੰਧ ਤੋੜ ਕੇ ਫ਼ਲਸਤੀਨੀ ਲੋਕਾਂ ਦੀ ਹਮਾਇਤ ਕਰੇ।
ਇਸ ਕਨਵੈਨਸ਼ਨ ਨੂੰ ਆਰਐਮਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀਪੀਆਈ (ਐਮ-ਐਲ) ਨਿਊ ਡੈਮੋਕਰੇਸੀ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਖਟਕੜ, ਸੀਪੀਆਈ (ਐਮ-ਐਲ) ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰ, ਇਨਕਲਾਬੀ ਕੇਂਦਰ ਪੰਜਾਬ ਦੇ ਕੰਵਲਜੀਤ ਖੰਨਾ, ਸੀਪੀਆਈ ਦੇ ਰਸ਼ਪਾਲ ਕੈਲੇ, ਐਮਸੀਪੀਆਈ (ਯੂ) ਦੇ ਮੰਗਤ ਰਾਮ ਲੌਂਗੋਵਾਲ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਕੁਲਵਿੰਦਰ ਸਿੰਘ ਵੜੈਚ ਨੇ ਕੀਤਾ।

The post ਇਜ਼ਰਾਇਲ ਦੇ ਫ਼ਲਸਤੀਨੀਆਂ ਖ਼ਿਲਾਫ਼ ਹਮਲੇ ਦੇ ਵਿਰੋਧ ਵਿੱਚ ਕਨਵੈਨਸ਼ਨ ਅਤੇ ਮੁਜ਼ਾਹਰਾ appeared first on Punjabi Tribune.



Source link