ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 22 ਅਕਤੂਬਰ
ਬਲਾਕ ਸ਼ਹਿਣਾ ਦੇ ਪਿੰਡ ਭਗਤਪੁਰਾ ਮੌੜ ਤੋਂ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸੱਸ ਅਤੇ ਨੂੰਹ ਦੀ ਲੜਾਈ ਵਾਟਰ ਵਰਕਸ ਦੀ ਟੈਂਕੀ ਅਤੇ ਟਾਵਰ ਤੱਕ ਪਹੁੰਚ ਗਈ। ਝਗੜਾ ਹੋਣ ਤੋਂ ਬਾਅਦ ਸੱਸ ਟੈਂਕੀ ’ਤੇ ਚੜ੍ਹ ਕੇ ਅਤੇ ਨੂੰਹ ਟਾਵਰ ’ਤੇ ਚੜ੍ਹ ਕੇ ਵਿਰੋਧ ਜਤਾਉਣ ਲੱਗੀ। ਪ੍ਰਾਪਤ ਜਾਣਕਾਰੀ ਅਨੁਸਾਰ ਨੂੰਹ ਨੇ ਘਰ ਵਿੱਚ ਲੜਾਈ-ਝਗੜਾ ਹੋਣ ਦੀ ਸ਼ਿਕਾਇਤ ਥਾਣਾ ਸ਼ਹਿਣਾ ਵਿਖੇ ਦਿੱਤੀ ਸੀ ਜਿਸ ਉਪਰੰਤ ਥਾਣਾ ਸ਼ਹਿਣਾ ਦੀ ਪੁਲੀਸ ਅੱਜ ਦੋ ਵਿਅਕਤੀਆਂ ਨੂੰ ਥਾਣੇ ਲੈ ਗਈ। ਇਸ ਦਾ ਵਿਰੋਧ ਕਰਦਿਆਂ ਦੇ ਵਿਰੋਧ ਕਰਿਆਂ ਸਹੁਰਾ ਪਰਿਵਾਰ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਉਨ੍ਹਾਂ ਕਿਹਾ ਕਿ ਨੂੰਹ ਵੱਲੋਂ ਸੱਸ ਦੀ ਕੁੱਟਮਾਰ ਕੀਤੀ ਗਈ ਅਤੇ ਉਲਟਾ ਪੁਲੀਸ ਸਾਡੇ ਹੀ ਮੈਂਬਰਾਂ ਨੂੰ ਥਾਣੇ ਲੈ ਗਈ|
ਉਨ੍ਹਾਂ ਕਿਹਾ ਕਿ ਸਿਆਸੀ ਬਦਲਾਖੋਰੀ ਕਾਰਨ ਸਾਨੂੰ ਇਸ ਕੇਸ ਨਾਲ ਜੋੜਿਆ ਗਿਆ ਅਤੇ ਥਾਣੇ ਭੇਜ ਕੇ ਜ਼ਲੀਲ ਕੀਤਾ ਗਿਆ। ਜਿਸ ਕਾਰਨ ਸਾਨੂੰ ਵਾਰਟਰ ਵਰਕਸ ਦੀ ਟੈਂਕੀ ’ਤੇ ਚੜਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੇ ਮੈਂਬਰਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਸਾਨੂੰ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਸੰਘਰਸ਼ ਨਹੀਂ ਛੱਡਾਂਗੇ।
ਉਧਰ ਦੂਜੇ ਪਾਸੇ ਨੂੰਹ ਵੀ ਅਨਾਜ ਮੰਡੀ ਵਿੱਚ ਇਕ ਟਾਵਰ ’ਤੇ ਚੜ੍ਹ ਕੇ ਆਪਣਾ ਵਿਰੋਧ ਜਤਾਉਣ ਲੱਗੀ, ਉਸਨੇ ਕਿਹਾ ਕਿ ਸਾਡੇ ਕੇਸ ਨੂੰ ਸਿਆਸੀ ਰੰਗ ਦੇ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਾਡੇ ਨਾਲ ਕੁੱਟਮਾਰ ਕੀਤੀ ਗਈ ਹੈ, ਜੇਕਰ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਅਸੀਂ ਸੰਘਰਸ਼ ਨਹੀਂ ਛੱਡਾਂਗੇ। ਇਸ ਦੌਰਾਨ ਥਾਣਾ ਸ਼ਹਿਣਾ ਦੀ ਪੁਲੀਸ ਵੀ ਮੌਜੂਦ ਸੀ। ਐਸਐਚਓ ਅਮ੍ਰਿਤਪਾਲ ਨੇ ਕਿਹਾ ਕਿ ਦੋਵਾਂ ਧਿਰਾਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
The post ਸੱਸ-ਨੂੰਹ ਦੀ ਲੜਾਈ, ਸੱਸ ਨੇ ਟੈਂਕੀ ਅਤੇ ਨੂੰਹ ਨੇ ਟਾਵਰ ’ਤੇ ਕੀਤੀ ਚੜ੍ਹਾਈ appeared first on Punjabi Tribune.