ਸੇਬੀ ਮੁਖੀ ਮਾਧਵੀ ਬੁੱਚ ਨੇ ਲੋਕ ਲੇਖਾ ਕਮੇਟੀ ਅੱਗੇ ਨਾ ਭਰੀ ਹਾਜ਼ਰੀ, ਮੀਟਿੰਗ ਹੋਈ ਮੁਲਤਵੀ

ਸੇਬੀ ਮੁਖੀ ਮਾਧਵੀ ਬੁੱਚ ਨੇ ਲੋਕ ਲੇਖਾ ਕਮੇਟੀ ਅੱਗੇ ਨਾ ਭਰੀ ਹਾਜ਼ਰੀ, ਮੀਟਿੰਗ ਹੋਈ ਮੁਲਤਵੀ


ਨਵੀਂ ਦਿੱਲੀ, 24 ਅਕਤੂਬਰ
ਸ਼ੇਅਰ ਬਾਜ਼ਾਰ ਦੇ ਨੇਮਬੰਦੀ ਅਦਾਰੇ ਸੇਬੀ ਦੀ ਮੁਖੀ ਮਾਧਵੀ ਪੁਰੀ ਬੁੱਚ (SEBI chairperson Madhabi Puri Buch) ਵੀਰਵਾਰ ਨੂੰ ਸੰਸਦ ਦੀ ਲੋਕ ਲੇਖਾ ਕਮੇਟੀ (Parliament’s Public Accounts Committee – PAC) ਅੱਗੇ ਪੇਸ਼ ਨਾ ਹੋਈ, ਜਿਸ ਕਾਰਨ ਕਮੇਟੀ ਦੇ ਮੁਖੀ ਕਾਂਗਰਸ ਦੇ ਕੇਸੀ ਵੇਣੂਗੋਪਾਲ ਨੂੰ ਮੀਟਿੰਗ ਮੁਲਤਵੀ ਕਰਨੀ ਪਈ। ਦੂਜੇ ਪਾਸੇ ਹਾਕਮ ਧਿਰ ਐੱਨਡੀਏ ਦੇ ਮੈਂਬਰਾਂ ਨੇ ਵੇਣੂਗੋਪਾਲ ਉਤੇ ‘ਇਕਪਾਸੜ’ ਫ਼ੈਸਲੇ ਲੈਣ ਦੇ ਦੋਸ਼ ਲਾਉਂਦਿਆਂ ਇਸ ਸਬੰਧੀ ਲੋਕ ਸਭਾ ਸਪੀਕਰ ਕੋਲ ਵਿਰੋਧ ਦਰਜ ਕਰਵਾਇਆ ਹੈ।
ਵੇਣੂਗੋਪਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਮੇਟੀ ਨੂੰ ਸਵੇਰੇ 9.30 ਵਜੇ ਬੁੱਚ ਤੋਂ ਸੁਨੇਹਾ ਮਿਲਿਆ ਕਿ ਉਹ ਤੇ ਉਨ੍ਹਾਂ ਦੀ ਟੀਮ ‘ਜ਼ਰੂਰੀ’ ਰੁਝੇਵਿਆਂ ਕਾਰਨ ਕਮੇਟੀ ਅੱਗੇ ਅੱਜ ਪੇਸ਼ ਨਹੀਂ ਹੋ ਸਕਣਗੇ। ਵੇਣੂਗੋਪਾਲ ਨੇ ਬੁੱਚ ਦੇ ਇਸ ਫ਼ੈਸਲੇ ਨਾਲ ਅਸਹਿਮਤੀ ਜ਼ਾਹਰ ਕੀਤੀ ਅਤੇ ਕਿਹਾ ਕਿ ਸੇਬੀ ਮੁਖੀ ਨੇ ਪੇਸ਼ੀ ਤੋਂ ਛੋਟ ਦੀ ਆਪਣੀ ਬੇਨਤੀ ਖ਼ਾਰਜ ਕਰ ਦਿੱਤੇ ਜਾਣ ਤੋਂ ਬਾਅਦ ਅੱਜ ਕਮੇਟੀ ਅੱਗੇ ਹਾਜ਼ਰ ਹੋਣ ਦੀ ਪੁਸ਼ਟੀ ਕੀਤੀ ਸੀ।
ਉਨ੍ਹਾਂ ਕਿਹਾ, ‘‘ਇਕ ਔਰਤ ਦੀ ਬੇਨਤੀ ਉਤੇ ਗ਼ੌਰ ਕਰਦਿਆਂ ਅਸੀਂ ਇਹ ਮੀਟਿੰਗ ਕਿਸੇ ਹੋਰ ਦਿਨ ਕੀਤੇ ਜਾਣ ਲਈ ਮੁਲਤਵੀ ਕਰਨਾ ਬਿਹਤਰ ਸਮਝਿਆ ਹੈ।’’ ਇਸ ਦੇ ਨਾਲ ਹੀ ਉਹ ਤੇ ਵਿਰੋਧੀ ਧਿਰ ਦੇ ਹੋਰ ਕਮੇਟੀ ਮੈਂਬਰ ਛੇਤੀ ਹੀ ਮੀਟਿੰਗ ਵਾਲੇ ਸਥਾਨ ਤੋਂ ਰਵਾਨਾ ਹੋ ਗਏ, ਜਦੋਂਕਿ ਇਸ ਤੋਂ ਪਹਿਲਾਂ ਹਾਕਮ ਤੇ ਵਿਰੋਧੀ ਧਿਰ ਦੇ ਮੈਂਬਰਾਂ ਦੌਰਾਨ ਤਿੱਖੀ ਬਹਿਸਬਾਜ਼ੀ ਹੋਈ। ਵਿਰੋਧੀ ਧਿਰ ਦੇ ਇਕ ਮੈਂਬਰ ਨੇ ਕਿਹਾ ਕਿ ਮੀਟਿੰਗ ਸ਼ੁਰੂ ਹੋਣ ਤੋਂ ਮਹਿਜ਼ ਦੋ ਘੰਟੇ ਤੋਂ ਵੀ ਘੱਟ ਸਮਾਂ ਰਹਿ ਜਾਣ ਉਤੇ ਬੁੱਚ ਵੱਲੋਂ ਹਾਜ਼ਰ ਨਾ ਹੋਣ ਦਾ ਕੀਤਾ ਗਿਆ ਫ਼ੈਸਲਾ ਸੰਸਦੀ ਕਮੇਟੀ ਦਾ ਤੌਹੀਨ ਹੈ।
ਦੂਜੇ ਪਾਸੇ ਭਾਜਪਾ ਮੈਂਬਰਾਂ ਨੇ ਦੋਸ਼ ਲਾਇਆ ਕਿ ਵੇਣੂਗੋਪਾਲ, ਜੋ ਕਾਂਰਸ ਦੇ ਸੀਨੀਅਰ ਆਗੂ ਹਨ, ਨੇ ਉਨ੍ਹਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਨਹੀਂ ਦਿੱਤਾ। ਉਨ੍ਹਾਂ ਨੇ ਕਮੇਟੀ ਮੁਖੀ ਉਤੇ ‘ਆਪਣੇ ਆਪ ਹੀ’ ਫ਼ੈਸਲੇ ਲੈਣ ਦੇ ਦੋਸ਼ ਵੀ ਲਾਏ। -ਪੀਟੀਆਈ

The post ਸੇਬੀ ਮੁਖੀ ਮਾਧਵੀ ਬੁੱਚ ਨੇ ਲੋਕ ਲੇਖਾ ਕਮੇਟੀ ਅੱਗੇ ਨਾ ਭਰੀ ਹਾਜ਼ਰੀ, ਮੀਟਿੰਗ ਹੋਈ ਮੁਲਤਵੀ appeared first on Punjabi Tribune.



Source link