ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 24 ਅਕਤੂਬਰ
Punjab Bypolls: ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਵੀਰਵਾਰ ਨੂੰ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ, ਆਪਣੇ ਪਤੀ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰਨਾਂ ਸਮੇਤ ਚੋਣ ਅਧਿਕਾਰੀ ਗਿਦੜਬਾਹਾ ਦੇ ਦਫਤਰ ’ਚ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਅੰਮ੍ਰਿਤਾ ਵੜਿੰਗ ਭਾਵੇਂ ਖੁਦ ਪਹਿਲੀ ਵਾਰ ਚੋਣ ਲੜ ਰਹੇ ਹਨ ਪਰ ਉਨ੍ਹਾਂ ਆਪਣੇ ਪਤੀ ਰਾਜਾ ਵੜਿੰਗ ਲਈ ਕਈ ਚੋਣ ਮੁਹਿੰਮਾਂ ’ਚ ਮੋਹਰੀ ਰੋਲ ਅਦਾ ਕੀਤਾ ਹੈ।
ਕੰਪਿਊਟਰ ਸਾਇੰਸ ਦੀ ਮਾਸਟਰ ਡਿਗਰੀ ਪਾਸ ਅੰਮ੍ਰਿਤਾ ਵੜਿੰਗ ਦੀ ਕਾਰੋਬਾਰ ’ਚ ਚੰਗੀ ਪਕੜ ਹੈ। ਵੜਿੰਗ ਪਰਿਵਾਰ ਕੋਲ ਏਕਮ ਹੌਸਪਿਟੈਲਟੀ ਕੁਰੂਕਸ਼ੇਤਰ, ਅੰਮ੍ਰਿਤਾ ਈਵੈਂਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਫਰੀਦਕੋਟ, ਮੰਨਤ ਹਵੇਲੀ ਕੁਰੂਕਸ਼ੇਤਰ ਕੰਪਨੀਆਂ, ਪਿੰਡ ਵੜਿੰਗ ਵਿਖੇ 53 ਕਿਲੇ ਜ਼ਮੀਨ, ਮੁਕਤਸਰ ਵਿਖੇ 5 ਪਲਾਟ ਤੇ ਘਰ ਮੌਜੂਦ ਹੈ, ਜਿਸ ਦੀ ਬਜ਼ਾਰੀ ਕੀਮਤ ਕਰੀਬ 10 ਕਰੋੜ ਰੁਪਏ ਹੈ। ਇਸੇ ਤਰ੍ਹਾਂ ਵੜਿੰਗ ਜੋੜੇ ਕੋਲ 8 ਕਰੋੜ ਰੁਪਏ ਤੋਂ ਵੱਧ ਦਾ ਸਰਮਾਇਆ ਹੈ ਜਿਸ ਵਿੱਚੋ ਕਰੀਬ 4.61 ਕਰੋੜ ਰੁਪਏ ਅੰਮ੍ਰਿਤਾ ਦੇ ਹਿੱਸੇ ਹਨ। ਇਸਦੇ ਨਾਲ ਹੀ ਦੋਹਾਂ ਜੀਆਂ ਸਿਰ ਕਰੀਬ 4.72 ਕਰੋੜ ਰੁਪਏ ਦਾ ਕਰਜ਼ਾ ਅਤੇ ਦੇਣਦਾਰੀਆਂ ਹਨ।
ਅੰਮ੍ਰਿਤਾ ਨੇ 65.69 ਲੱਖ ਰੁਪਏ 6 ਕੰਪਨੀਆਂ ’ਚ ਵੀ ਲਾਏ ਹੋਏ ਹਨ। ਉਸਦੇ ਆਪਣੇ ਕੋਲ ਕੋਈ ਵਾਹਨ ਨਹੀਂ, ਪਤੀ ਕੋਲ ਦੋ ਸਕਾਰਪੀਓ ਗੱਡੀਆਂ ਹਨ। ਗਹਿਣਿਆਂ ਦੀ ਸ਼ੌਕੀਨ ਅੰਮ੍ਰਿਤਾ ਕੋਲ ਅੱਧਾ ਕਿਲੋ ਸੋਨੇ ਦੇ 33 ਲੱਖ ਰੁਪਏ ਦੇ ਗਹਿਣੇ ਹਨ ਜਦੋਂ ਕਿ ਰਾਜਾ ਵੜਿੰਗ ਕੋਲ 100 ਗ੍ਰਾਮ ਸੋਨੇ ਦੇ ਗਹਿਣੇ ਹਨ।
ਅੰਮ੍ਰਿਤਾ ਦੀ ਆਮਦਨ ਪੰਜ ਸਾਲਾਂ ’ਚ ਚਾਰ ਗੁਣਾ ਵਧੀ
ਕਾਰੋਬਾਰ ਨਾਲ ਜੁੜੀ ਅੰਮ੍ਰਿਤਾ ਵੜਿੰਗ ਦੀ ਆਮਦਨ ਹਰ ਵਰ੍ਹੇ ਵਧਦੀ ਜਾ ਰਹੀ ਹੈ। 2019-20 ਵਿੱਚ ਉਨ੍ਹਾਂ ਦੀ ਆਮਦਨ 19.48 ਲੱਖ ਰੁਪਏ ਸੀ ਜੋ 2023-24 ਵਿੱਚ 4 ਗੁਣਾ ਵਧ ਕੇ 77.47 ਲੱਖ ਰੁਪਏ ਹੋ ਗਈ ਹੈ, ਜਦੋਂ ਕਿ ਰਾਜਾ ਵੜਿੰਗ ਦੀ 2019-20 ਵਿੱਚ ਆਮਦਨ 19.40 ਕਰੋੜ ਰੁਪਏ ਸੀ ਜੋ ਕਿ 2023-24 ਵਿੱਚ ਕਰੀਬ ਢਾਈ ਗੁਣਾ ਵਧਕੇ 57 ਲੱਖ ਰੁਪਏ ਹੋ ਗਈ ਹੈ।
ਦੇਖੋ ਵੀਡੀਓ:
#WATCH श्री मुक्तसर साहिब, पंजाब: गिद्दड़बाहा विधानसभा सीट से कांग्रेस उम्मीदवार अमृता वारिंग ने विधानसभा उपचुनाव के लिए अपना नामांकन दाखिल किया। pic.twitter.com/yuwZ3ATdkX
— ANI_HindiNews (@AHindinews) October 24, 2024
The post Video: ਗਿੱਦੜਬਾਹਾ: ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਵੱਲੋਂ ਨਾਮਜ਼ਦਗੀ ਪੱਤਰ ਦਾਖਲ appeared first on Punjabi Tribune.