ਨਵੀਂ ਦਿੱਲੀ, 25 ਅਕਤੂਬਰ
‘ਕੌਨ ਬਨੇਗਾ ਕਰੋੜਪਤੀ’ ਦੀ ਇਨਾਮੀ ਰਾਸ਼ੀ ਲੈਣ ਦੇ ਨਾਂ ’ਤੇ ਤਾਮਿਲਨਾਡੂ ਦੇ ਇਕ ਵਸਨੀਕ ਨਾਲ 2.91 ਲੱਖ ਰੁਪਏ ਦੀ ਠੱਗੀ ਮਾਰੀ ਗਈ। ਇਸ ਮਾਮਲੇ ਸਬੰਧੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ‘ਕੌਨ ਬਨੇਗਾ ਕਰੋੜਪਤੀ’ ਦੀ 5.6 ਕਰੋੜ ਰੁਪਏ ਦਾ ਇਨਾਮੀ ਰਾਸ਼ੀ ਹਾਸਲ ਕਰਨ ਲਈ ਠੱਗਾਂ ਨੇ ਤਾਮਿਲਨਾਡੂ ਦੇ ਇਕ ਵਸਨੀਕ ਕੋਲੋਂ 2.91 ਲੱਖ ਰੁਪਏ ਹਾਸਲ ਕੀਤੇ। ਇਸ ਮਾਮਲੇ ਵਿਚ ਠੱਗੀ ਮਾਰਨ ਵਾਲਿਆਂ ਨੇ ਸੀਬਆਈ ਦੇ ਵਿਸ਼ੇਸ਼ ਏਜੰਟ ਬਣ ਕੇ ਤੇ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਦੀ ਵਰਤੋਂ ਕਰ ਕੇ ਠੱਗੀ ਮਾਰੀ ਪਰ ਠੱਗੀ ਦਾ ਪਤਾ ਲੱਗਣ ’ਤੇ ਪ੍ਰਧਾਨ ਮੰਤਰੀ ਦਫ਼ਤਰ ਨੇ ਸੀਬੀਆਈ ਨੂੰ ਇਸ ਮਾਮਲੇ ਵਿਚ ਕਾਰਵਾਈ ਤੇਜ਼ ਕਰਨ ਲਈ ਕਿਹਾ। ਇਸ ਮਾਮਲੇ ਵਿਚ ਪੀੜਤ ਦੀ ਪਛਾਣ ਤਾਮਿਲਨਾਡੂ ਦੇ ਇਰੋਡ ਦੇ ਮੁਰੂਗੇਸਨ ਵਜੋਂ ਹੋਈ ਹੈ। ਠੱਗਾਂ ਨੇ ਮੁਰੂਗੇਸਨ ਨੂੰ ਫੋਨਪੇਅ ਤੇ ਹੋਰ ਪਲੇਟਫਾਰਮ ਰਾਹੀਂ ਭੁਗਤਾਨ ਕਰਨ ਲਈ ਕਿਹਾ। ਇਨ੍ਹਾਂ ਠੱਗਾਂ ਨੇ ਕੋਲਕਾਤਾ ਵਿੱਚ ਸੀਬੀਆਈ ਦੀ ਵਿਸ਼ੇਸ਼ ਅਧਿਕਾਰੀ ਵਜੋਂ ਨੰਦਨੀ ਸ਼ਰਮਾ ਦੇ ਨਾਂ ਦਾ ਜਾਅਲੀ ਪਛਾਣ ਪੱਤਰ ਤਿਆਰ ਕੀਤਾ ਤੇ ਠੱਗੀ ਦੀ ਰਕਮ ਹਾਸਲ ਕੀਤੀ। ਪੀਟੀਆਈ
The post ‘ਕੌਨ ਬਨੇਗਾ ਕਰੋੜਪਤੀ’ ਦੇ ਨਾਂ ’ਤੇ ਤਮਿਲਨਾਡੂ ਦੇ ਵਸਨੀਕ ਨਾਲ 2.91 ਲੱਖ ਰੁਪਏ ਦੀ ਠੱਗੀ appeared first on Punjabi Tribune.