ਸੁਲਤਾਨ ਜੋਹੋਰ ਹਾਕੀ ਕੱਪ: ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ

ਸੁਲਤਾਨ ਜੋਹੋਰ ਹਾਕੀ ਕੱਪ: ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ


ਜੋਹੋਰ ਬਾਹਰੂ (ਮਲੇਸ਼ੀਆ), 26 ਅਕਤੂਬਰ

ਭਾਰਤ ਨੇ ਅੱਜ ਇੱਥੇ ਪੈਨਲਟੀ ਸ਼ੂਟਆਊਟ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਸੁਲਤਾਨ ਜੋਹੋਰ ਜੂਨੀਅਰ ਪੁਰਸ਼ ਹਾਕੀ ਟੂਰਨਾਮੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਲਿਆ ਹੈ। ਇਹ ਮੈਚ ਨਿਰਧਾਰਿਤ ਸਮੇਂ ਵਿੱਚ 2-2 ਨਾਲ ਬਰਾਬਰ ਰਿਹਾ, ਜਿਸ ਮਗਰੋਂ ਜਿੱਤ-ਹਾਰ ਦਾ ਫ਼ੈਸਲਾ ਸ਼ੂਟਆਊਟ ਨਾਲ ਕੀਤਾ ਗਿਆ। ਸ਼ੂਟਆਊਟ ਵਿੱਚ ਭਾਰਤ ਵੱਲੋਂ ਸਟਰਾਈਕਰ ਗੁਰਜੋਤ ਸਿੰਘ, ਮਨਮੀਤ ਸਿੰਘ ਅਤੇ ਸੌਰਭ ਆਨੰਦ ਕੁਸ਼ਵਾਹਾ ਨੇ ਪੈਨਲਟੀ ਨੂੰ ਗੋਲ ਵਿੱਚ ਬਦਲਿਆ, ਜਦਕਿ ਬਿਕਰਮਜੀਤ ਸਿੰਘ ਨੇ ਸ਼ਾਨਦਾਰ ਤਿੰਨ ਬਚਾਅ ਕੇ ਭਾਰਤ ਨੂੰ ਜਿੱਤ ਦਿਵਾਈ। ਭਾਰਤ ਨੇ ਪਹਿਲੇ 20 ਮਿੰਟ ਵਿੱਚ ਹੀ ਦੋ ਗੋਲ ਕਰ ਦਿੱਤੇ ਸਨ। ਮੁਕਾਬਲੇ ਦੇ 11ਵੇਂ ਮਿੰਟ ਵਿੱਚ ਹੀ ਦਿਲਰਾਜ ਨੇ ਮੁਕੇਸ਼ ਟੋਪੋ ਦੀ ਮਦਦ ਨਾਲ ਗੋਲ ਦਾਗ਼ ਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ। ਦੂਸਰੇ ਕੁਆਰਟਰ ਵਿੱਚ ਵੀ ਭਾਰਤ ਨੇ ਮੁਕਾਬਲੇ ਵਿੱਚ ਕਬਜ਼ਾ ਬਰਕਰਾਰ ਰੱਖਿਆ। ਮਨਮੀਤ ਨੇ 20ਵੇਂ ਮਿੰਟ ਵਿੱਚ ਅਨਮੋਲ ਏਕਾ ਅਤੇ ਮੁਕੇਸ਼ ਦੀ ਮਦਦ ਨਾਲ ਮੈਦਾਨੀ ਗੋਲ ਦਾਗ਼ਿਆ। ਇਸ ਮਗਰੋਂ ਭਾਰਤ ਨੇ ਲਗਾਤਾਰ ਹਮਲੇ ਕੀਤੇ ਪਰ ਉਹ ਆਪਣੀ ਲੀਡ ਮਜ਼ਬੂਤ ਨਹੀਂ ਕਰ ਸਕਿਆ। ਤੀਸਰੇ ਕੁਆਰਟਰ ਵਿੱਚ ਕੋਈ ਟੀਮ ਗੋਲ ਨਹੀਂ ਕਰ ਸਕੀ। ਚੌਥੇ ਕੁਆਰਟਰ ਵਿੱਚ ਜੋਂਟੀ ਐਲਮਸ ਅਤੇ ਓਵੇਨ ਬਰਾਊਨ ਨੇ ਉਪਰੋਥਲੀ ਗੋਲ ਦਾਗ਼ ਕੇ ਲੀਡ ਬਰਾਬਰ ਕਰ ਦਿੱਤੀ। ਐਲਮਸ ਨੇ ਪਿਛਲੇ ਮੈਚ ਵਿੱਚ ਭਾਰਤ ਖ਼ਿਲਾਫ਼ ਗੋਲਾਂ ਦੀ ਹੈਟ੍ਰਿਕ ਲਗਾਈ ਸੀ। -ਪੀਟੀਆਈ

The post ਸੁਲਤਾਨ ਜੋਹੋਰ ਹਾਕੀ ਕੱਪ: ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ appeared first on Punjabi Tribune.



Source link