PM Narendra Modi: ਭਾਰਤ ਦੇ ਅੰਦਰ ਤੇ ਬਾਹਰ ਦੀਆਂ ਤਾਕਤਾਂ ਦੇਸ਼ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ‘ਚ: ਮੋਦੀ

PM Narendra Modi: ਭਾਰਤ ਦੇ ਅੰਦਰ ਤੇ ਬਾਹਰ ਦੀਆਂ ਤਾਕਤਾਂ ਦੇਸ਼ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ‘ਚ: ਮੋਦੀ


ਏਕਤਾ ਨਗਰ, 31 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਦੇ ਅੰਦਰ ਅਤੇ ਬਾਹਰ ਕੁਝ ਤਾਕਤਾਂ ਦੇਸ਼ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਦੁਨੀਆਂ ਭਰ ਵਿੱਚ ਦੇਸ਼ ਦਾ ਮਾੜਾ ਅਕਸ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਅਜਿਹੇ ਹਾਲਾਤ ਵਿਚ “ਸ਼ਹਿਰੀ ਨਕਸਲੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਬੇਨਕਾਬ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। “
ਉਹ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਏਕਤਾ ਨਗਰ ਵਿਚ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੇ ਉਸਾਰੇ ਗਏ ਵਿਸ਼ਾਲ ਬੁੱਤ ‘ਸਟੈਚੂ ਆਫ਼ ਯੂਨਿਟੀ’ ਉਤੇ ਸਰਦਾਰ ਪਟੇਲ ਨੂੰ ਉਨ੍ਹਾਂ ਦੀ ਜੈਅੰਤੀ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਦੱਸਣਯੋਗ ਹੈ ਕਿ 2014 ਤੋਂ ਸਰਦਾਰ ਪਟੇਲ ਦੇ ਜਨਮ ਦਿਨ ਨੂੰ 31 ਅਕਤੂਬਰ ਨੂੰ ‘ਰਾਸ਼ਟਰੀ ਏਕਤਾ ਦਿਵਸ’ ਵਜੋਂ ਮਨਾਇਆ ਜਾਂਦਾ ਹੈ।
ਮੋਦੀ ਨੇ ਇਸ ਮੌਕੇ ਕਿਹਾ, “ਭਾਰਤ ਦੀ ਵਧਦੀ ਤਾਕਤ ਤੇ ਇਸ ਦੀਆਂ ਸਮਰੱਥਾਵਾਂ ਦੇ ਕਾਰਨ, ਅੰਦਰ ਅਤੇ ਬਾਹਰ ਦੀਆਂ ਕੁਝ ਤਾਕਤਾਂ ਦੇਸ਼ ਨੂੰ ਅਸਥਿਰ ਕਰਨ ਅਤੇ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਹ ਭਾਰਤ ਦੇ ਆਰਥਿਕ ਹਿੱਤਾਂ ਨੂੰ ਠੇਸ ਪਹੁੰਚਾਉਣਾ ਚਾਹੁੰਦੇ ਹਨ। ਉਹ ਦੁਨੀਆ ਵਿਚ ਦੇਸ਼ ਦੀ ਨਕਾਰਾਤਮਕ ਤਸਵੀਰ ਪੇਸ਼ ਕਰ ਕੇ ਵਿਦੇਸ਼ੀ ਨਿਵੇਸ਼ਕਾਂ ਨੂੰ ਗਲਤ ਸੰਦੇਸ਼ ਦੇਣਾ ਚਾਹੁੰਦੇ ਹਨ।”
ਮੋਦੀ ਨੇ ਨਾਮ ਲਏ ਬਿਨਾਂ ਕਿਹਾ ਕਿ “ਇਹ ਲੋਕ” ਇੱਕ “ਗਲਤ ਸੂਚਨਾ ਮੁਹਿੰਮ” ਰਾਹੀਂ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ ਅਤੇ ਫੌਜ ਵਿੱਚ ਵੱਖਵਾਦ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਹੋਰ ਕਿਹਾ ਕਿ ਇਹ ਲੋਕ ਦੇਸ਼ ਨੂੰ ਜਾਤ ਆਧਾਰ ‘ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਇੱਕੋ ਇੱਕ ਟੀਚਾ ਭਾਰਤੀ ਸਮਾਜ ਦੇ ਨਾਲ-ਨਾਲ ਲੋਕਾਂ ਦੀ ਏਕਤਾ ਨੂੰ ਕਮਜ਼ੋਰ ਕਰਨਾ ਹੈ।
ਉਨ੍ਹਾਂ ਕਿਹਾ ਕਿ ਉਹ ਭਾਰਤ ਨੂੰ ਇੱਕ ਵਿਕਸਤ ਦੇਸ਼ ਦੇ ਰੂਪ ਵਿੱਚ ਨਹੀਂ ਦੇਖਣਾ ਚਾਹੁੰਦੇ ਕਿਉਂਕਿ ਜੋ ਉਨ੍ਹਾਂ ਦੇ ਅਨੁਕੂਲ ਹੈ ਉਹ ਇੱਕ ਕਮਜ਼ੋਰ ਅਤੇ ਗਰੀਬ ਭਾਰਤ ਦੀ ਰਾਜਨੀਤੀ ਹੈ, ਅਜਿਹੀ “ਗੰਦੀ ਰਾਜਨੀਤੀ” ਲਗਭਗ ਪੰਜ ਦਹਾਕਿਆਂ ਤੱਕ ਚਲਦੀ ਰਹੀ ਹੈ। ਮੋਦੀ ਨੇ ਦੋਸ਼ ਲਾਇਆ ਕਿ ਭਾਵੇਂ ਇਹ ਤਾਕਤਾਂ ਹਮੇਸ਼ਾ ਲੋਕਤੰਤਰ ਅਤੇ ਸੰਵਿਧਾਨ ਦੀ ਗੱਲ ਕਰਦੀਆਂ ਹਨ ਪਰ ਅਸਲ ਵਿੱਚ ਇਹ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀਆਂ ਹਨ।
ਗ਼ੌਰਤਲਬ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਨੇ ਵਾਰ-ਵਾਰ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਸੱਤਾਧਾਰੀ ਭਾਜਪਾ ਦੁਆਰਾ ਭਾਰਤ ਦੇ ਲੋਕਤੰਤਰ ਅਤੇ ਸੰਵਿਧਾਨ ‘ਤੇ ਹਮਲਾ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ “ਸ਼ਹਿਰੀ ਨਕਸਲੀਆਂ” ਦੇ ਇਸ ਗਠਜੋੜ ਦੀ ਪਛਾਣ ਕਰਨ ਦੀ ਅਪੀਲ ਕੀਤੀ, ਜੋ ਉਨ੍ਹਾਂ ਮੁਤਾਬਕ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ, “ਜਿਵੇਂ ਕਿ ਨਕਸਲਵਾਦ ਜੰਗਲਾਂ ਵਿੱਚ ਖਤਮ ਹੋ ਰਿਹਾ ਹੈ, ਸ਼ਹਿਰੀ ਨਕਸਲੀਆਂ ਦਾ ਇੱਕ ਨਵਾਂ ਮਾਡਲ ਸਿਰ ਚੁੱਕ ਰਿਹਾ ਹੈ।… ਸਾਨੂੰ ਅਜਿਹੇ ਲੋਕਾਂ ਦੀ ਪਛਾਣ ਕਰਨ ਦੀ ਲੋੜ ਹੈ ਜੋ ਦੇਸ਼ ਨੂੰ ਤੋੜਨ ਦਾ ਸੁਪਨਾ ਦੇਖ ਰਹੇ ਹਨ। ਸਾਨੂੰ ਇਨ੍ਹਾਂ ਤਾਕਤਾਂ ਨਾਲ ਲੜਨਾ ਪਵੇਗਾ। ਅੱਜ ਸ਼ਹਿਰੀ ਨਕਸਲੀ ਉਨ੍ਹਾਂ ਲੋਕਾਂ ਨੂੰ ਵੀ ਨਿਸ਼ਾਨਾ ਬਣਾਉਂਦੇ ਹਨ ਜੋ ਕਹਿੰਦੇ ਹਨ ਕਿ ਜੇ ਤੁਸੀਂ ਇਕਜੁੱਟ ਰਹੋਗੇ ਤਾਂ ਤੁਸੀਂ ਸੁਰੱਖਿਅਤ ਰਹੋਗੇ। ਸਾਨੂੰ ਸ਼ਹਿਰੀ ਨਕਸਲੀਆਂ ਦੀ ਪਛਾਣ ਕਰਨੀ ਪਵੇਗੀ ਅਤੇ ਉਨ੍ਹਾਂ ਦਾ ਨਕਾਬ ਉਤਾਰਨਾ ਹੋਵੇਗਾ।”
ਸਰਦਾਰ ਪਟੇਲ ਦੇ ਯੋਗਦਾਨ ਨੂੰ ਯਾਦ ਕਰਦਿਆਂ ਮੋਦੀ ਨੇ ਕਿਹਾ ਕਿ ਭਾਵੇਂ ਅਜਿਹੇ ਲੋਕ ਵੀ ਸਨ ਜੋ ਆਜ਼ਾਦੀ ਤੋਂ ਬਾਅਦ ਭਾਰਤ ਦੇ ਏਕੀਕਰਨ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਸਨ, ਪਰ ਸਰਦਾਰ ਪਟੇਲ ਨੇ ਇਸਨੂੰ ਸੰਭਵ ਬਣਾਇਆ। ਉਨ੍ਹਾਂ ਕਿਹਾ ਕਿ ਦੇਸ਼ ਅਗਲੇ ਦੋ ਸਾਲਾਂ ਤੱਕ ਪਟੇਲ ਦੀ 150ਵੀਂ ਜਯੰਤੀ ਮਨਾਏਗਾ। -ਪੀਟੀਆਈ

The post PM Narendra Modi: ਭਾਰਤ ਦੇ ਅੰਦਰ ਤੇ ਬਾਹਰ ਦੀਆਂ ਤਾਕਤਾਂ ਦੇਸ਼ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ‘ਚ: ਮੋਦੀ appeared first on Punjabi Tribune.



Source link