ਬੰਗਾਲ: ਜਬਰ-ਜਨਾਹ ਪਿੱਛੋਂ ਲੜਕੀ ਦਾ ਕਤਲ; ਲੋਕਾਂ ਨੇ ਸ਼ੱਕੀ ਕੁੱਟ-ਕੁੱਟ ਕੇ ਮਾਰਿਆ

ਬੰਗਾਲ: ਜਬਰ-ਜਨਾਹ ਪਿੱਛੋਂ ਲੜਕੀ ਦਾ ਕਤਲ; ਲੋਕਾਂ ਨੇ ਸ਼ੱਕੀ ਕੁੱਟ-ਕੁੱਟ ਕੇ ਮਾਰਿਆ


ਕੋਲਕਾਤਾ, 2 ਨਵੰਬਰ
ਪੱਛਮੀ ਬੰਗਾਲ ਦੇ ਅਲੀਪੁਰਦੁਆਰ ਜ਼ਿਲ੍ਹੇ ‘ਚ ਇਕ ਲੜਕੀ ਨਾਲ ਕਥਿਤ ਤੌਰ ‘ਤੇ ਜਬਰ ਜਨਾਹ ਕੀਤੇ ਜਾਣ ਮਗਰੋਂ ਉਸ ਦਾ ਕਤਲ ਕਰ ਦਿੱਤੇ ਜਾਣ ਦੇ ਮਾਮਲੇ ਕਾਰਨ ਗੁੱਸੇ ‘ਚ ਆਏ ਪਿੰਡ ਵਾਸੀਆਂ ਨੇ ਇਕ ਕਥਿਤ ਦੋਸ਼ੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਸ਼ੁੱਕਰਵਾਰ ਬਾਅਦ ਦੁਪਹਿਰ ਫਲਕਾਟਾ ਇਲਾਕੇ ‘ਚ ਵਾਪਰੀ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੀ ਲਾਸ਼ ਇੱਕ ਛੱਪੜ ਵਿੱਚੋਂ ਮਿਲੀ ਸੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਮਾਮਲੇ ਦੇ ਕਥਿਤ ਸ਼ੱਕੀ ਇੱਕ ਵਿਅਕਤੀ ਨੂੰ ਦਰੱਖ਼ਤ ਨਾਲ ਬੰਨ੍ਹ ਦਿੱਤਾ ਅਤੇ ਉਸ ਦੀ ਭੀੜ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਪੁਲੀਸ ਨੇ ਮਾਮਲੇ ਵਿਚ ਦਖ਼ਲ ਦਿੰਦਿਆਂ ਇਸ ਚਾਲੀ ਸਾਲਾ ਵਿਅਕਤੀ ਨੂੰ ਬਚਾਇਆ ਅਤੇ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਕ ਹੋਰ ਵਿਅਕਤੀ ਜਿਸ ‘ਤੇ ਇਸ ਮਾਮਲੇ ਦਾ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ, ਨੇ ਸਥਾਨਕ ਪੁਲਸ ਥਾਣੇ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਪਿੰਡ ਵਾਸੀਆਂ ਵੱਲੋਂ ਪੀੜਤ ਲਈ ਇਨਸਾਫ਼ ਅਤੇ ਆਤਮ ਸਮਰਪਣ ਕਰਨ ਵਾਲੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕਰਦਿਆਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ।
ਇਸ ਕਾਰਨ ਇਲਾਕੇ ਵਿਚ ਕਾਫ਼ੀ ਤਣਾਅ ਬਣਿਆ ਹੋਇਆ ਹੈ। ਇਲਾਕੇ ‘ਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ ਹੈ। -ਪੀਟੀਆਈ

The post ਬੰਗਾਲ: ਜਬਰ-ਜਨਾਹ ਪਿੱਛੋਂ ਲੜਕੀ ਦਾ ਕਤਲ; ਲੋਕਾਂ ਨੇ ਸ਼ੱਕੀ ਕੁੱਟ-ਕੁੱਟ ਕੇ ਮਾਰਿਆ appeared first on Punjabi Tribune.



Source link