ਨਵੀਂ ਦਿੱਲੀ, 7 ਨਵੰਬਰ
ਨਦੀਆਂ-ਦਰਿਆਵਾਂ ਵਿਚ ਗੰਦਾ ਪਾਣੀ ਮਿਲਣ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਵੱਲੋਂ ਸਮੇਂ ਸਮੇਂ ਸਿਰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਜਾਂਦੇ ਰਹੇ ਹਨ। ਪਰ ਇਸ ਤਰ੍ਹਾਂ ਘਟਨਾਵਾਂ ਨੂੰ ਮੁਕੰਮਲ ਤੌਰ ’ਤੇ ਠੱਲ੍ਹ ਨਹੀਂ ਪੈ ਰਹੀ। ਹਾਲ ਹੀ ਦੀ ਇਕ ਰਿਪੋਰਟ ਵਿਚ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (DPCC) ਨੇ ਗ੍ਰੀਨ ਟ੍ਰਿਬਿਉੂਨਲ ਨੂੰ ਸੂਚਿਤ ਕੀਤਾ ਹੈ ਕਿ ਹਰਿਆਣਾ ਤੋਂ ਆਉਣ ਵਾਲਾ ਅਤੇ ਯਮੁਨਾ ਨਦੀ ਵਿਚ ਮਿਲਣ ਵਾਲਾ ਵਧੇਰੇ ਪ੍ਰਦੂਸ਼ਿਤ ਨਾਲਾ ਬੁਰਾੜੀ ਵਿਚ ਸੈਂਕੜੇ ਮਛਲੀਆਂ ਦੇ ਮੌਤ ਲਈ ਜ਼ਿੰਮੇਵਾਰ ਹੈ। ਇਸ ਤੋਂ ਪਹਿਲਾਂ ਐੱਨਜੀਟੀ ਨੇ ਇਕ ਅਖਬਾਰ ਦੀ ਖ਼ਬਰ ਦੇ ਹਵਾਲੇ ਨਾਲ ਕਾਰਵਾਈ ਅਮਲ ਵਿਚ ਲਿਆਂਦੀ ਸੀ, ਜਿਸ ਵਿਚ ਲਿਖਿਆ ਗਿਆ ਸੀ ਕਿ ਇਸ ਸਾਲ ਜੁਲਾਈ ਵਿਚ ਯਮੁਨਾ ਨਦੀ ਵਿਚ ਸੈਂਕੜੇ ਮੱਛੀਆਂ ਮਰੀਆਂ ਪਾਈਆਂ ਗਈਆਂ ਜਿਸ ਕਾਰਨ ਬੁਰਾੜੀ ਖੇਤਰ ਵਿਚ ਬਦਬੂ ਫੈਲ ਗਈ ਸੀ।
ਐੱਨਜੀਟੀ ਨੇ ਡੀਪੀਸੀਸੀ ਨੂੰ ਘਟਨਾ ਸਥਾਨ ਦਾ ਨਿਰੀਖਣ ਕਰ ਲਈ ਨਿਰਦੇਸ਼ ਦਿੱਤੇ ਸਨ। ਮੰਗਲਵਾਰ ਨੂੰ ਡੀਪੀਸੀਸੀ ਨੇ ਸੌਂਪੀ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਹਰਿਆਣਾ ਦੇ ਇਕ ਨਾਲੇ ਜਿਸ ਨੂੰ ਡ੍ਰੇਨ ਨੰਬਰ 8 ਵੀ ਕਿਹਾ ਜਾਂਦਾ ਹੈ, ਦਾ ਪਾਣੀ ਆ ਕੇ ਉਸ ਸਥਾਨ ’ਤੇ ਯਮੁਨਾ ਵਿਚ ਮਿਲਦਾ ਹੈ। ਪਾਣੀ ਦੇ ਨਮੂਨਿਆਂ ਦੇ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ ਡੀਪੀਸੀਸੀ ਨੇ ਕਿਹਾ ਕਿ ਨਾਲੇ ਦਾ ਪਾਣੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਸੀ ਅਤੇ ਜਦੋਂ ਇਹ ਪਾਣੀ ਨਦੀ ਵਿਚ ਮਿਲਿਆ ਤਾਂ ਉਸ ਨੇ ਨਦੀ ਦੇ ਪਾਣੀ ਨੂੰ ਵੀ ਖਰਾਬ ਕਰ ਦਿੱਤਾ। ਮਾਨਸੂਨ ਤੋਂ ਪਹਿਲਾਂ ਨਦੀ ਵਿਚ ਮਿਲੇ ਇਸ ਪਾਣੀ ਕਾਰਨ ਮੱਛੀਆਂ ਦੀ ਮੌਤ ਹੋ ਗਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਰਿਆਣਾ ਪਰਦੂਸ਼ਣ ਕੰਟਰੋਲ ਬੋਰਡ ਅਤੇ ਹਰਿਆਣਾ ਸਰਕਾਰ ਨੂੰ ਇਸ ਨਾਲੇ ਵਿਚਲਾ ਪ੍ਰਦੂਸ਼ਣ ਰੋਕਣ ਦੀ ਲੋੜ ਹੈ। ਪੀਟੀਆਈ
The post Pollution in Yamuna River: ਯਮੁਨਾ ਵਿਚ ਪ੍ਰਦੂਸ਼ਿਤ ਨਾਲੇ ਦਾ ਪਾਣੀ ਮਿਲਣ ਨਾਲ ਮੱਛੀਆਂ ਦੀ ਮੌਤ ਹੋਈ: ਡੀਪੀਸੀਸੀ appeared first on Punjabi Tribune.