ਨਵੀਂ ਦਿੱਲੀ, ਨਵੰਬਰ 11
ਵਿਸਤਾਰਾ (Vistara) ਦਾ ਏਅਰ ਇੰਡੀਆ ਨਾਲ ਰਲੇੇਵੇਂ ਦੇ ਚਲਦਿਆਂ ਅੱਜ ਵਿਸਤਾਰਾ(Vistara) ਦੀ ਆਖਰੀ ਉਡਾਣ ਹੈ, ਇਸ ਦੌਰਾਨ ਵਿਸਤਾਰਾ ਨਾਲ ਜੁੜੇ ਯਾਤਰੀ ਆਪਣੀ ਆਖਰੀ ਉਡਾਣ ਦੇ ਭਾਵਨਾਤਮਕ ਤਜ਼ਰਬਿਆਂ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕਰ ਰਹੇ ਹਨ। ਵਿਸਤਾਰਾ ਦਾ ਟਾਟਾ ਗਰੁੱਪ ਅਤੇ ਸਿੰਗਾਪੁਰ ਏਅਰਲਾਈਨਜ਼ ਦੇ ਵਿਚਕਾਰ ਇੱਕ ਸਮਝੌਤੇ ਤਹਿਤ ਪੂਰੀ ਤਰ੍ਹਾਂ ਨਾਲ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਵਿੱਚ ਰਲੇਵਾਂ ਹੋ ਜਾਵੇਗਾ।
ਇਸ ਸਬੰਧੀ ਇਕ ਯਾਤਰੀ ਚਿਰਾਗ ਨਾਇਕ ਨੇ ‘ਐਕਸ’ ’ਤੇ ਲਿਖਿਆ ਕਿ ਸ਼ਾਨਦਾਰ ਉਡਾਣਾਂ ਅਤੇ ਸ਼ਾਨਦਾਰ ਸੇਵਾ ਲਈ ਪੁਰਾਣੀਆਂ ਯਾਦਾਂ ਨਾਲ ਭਰਿਆ ਸਮਾਂ, ਜਿਸ ਨੇ ਵਿਸਤਾਰਾ(Vistara) ਨੂੰ ਭਾਰਤ ਦੀ ਸਭ ਤੋਂ ਵਧੀਆ ਏਅਰਲਾਈਨ ਬਣਾਇਆ। ਉਨ੍ਹਾਂ ਏਅਰਲਾਈਨ ਨੂੰ ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੱਤੀਆਂ। ਰਲੇਵੇਂ ਤੋਂ ਬਾਅਦ ਵਿਸਤਾਰਾ ਦੀਆਂ ਉਡਾਣਾਂ ਏਅਰ ਇੰਡੀਆ ਵੱਲੋਂ ਸੰਚਾਲਿਤ ਕੀਤੀਆਂ ਜਾਣਗੀਆਂ।
ਦੱਸਣਯੋਗ ਹੈ ਕਿ ਵਿਸਤਾਰਾ(Vistara) ਦੇ ਰੂਟ ਅਤੇ ਸਮਾਂ-ਸਾਰਣੀ ਉਹੀ ਰਹੇਗੀ ਅਤੇ ਸੇਵਾਵਾਂ ਵੀ ਉਸੇ ਚਾਲਕ ਦਲ ਵੱਲੋਂ ਹੀ ਦਿੱਤੀਆਂ ਜਾਂਦੀਆਂ ਰਹਿਣਗੀਆਂ। ਏਅਰ ਇੰਡੀਆ ਨੇ ਭਾਰਤ ਵਿੱਚ ਵੱਖ-ਵੱਖ ਪੁਆਇੰਟਾਂ ’ਤੇ ਵਾਧੂ ਸਰੋਤ ਅਲਾਟ ਕੀਤੇ ਹਨ ਅਤੇ ਪਰਿਵਰਤਨ ਦੀ ਸਹੂਲਤ ਲਈ ਭਾਈਵਾਲ ਹਵਾਈ ਅੱਡਿਆਂ ਨਾਲ ਸਹਿਯੋਗ ਕਰ ਰਿਹਾ ਹੈ।
ਏਅਰਲਾਈਨ ਨੇ ਪਿਛਲੇ ਕੁਝ ਮਹੀਨਿਆਂ ਵਿੱਚ 270,000 ਗਾਹਕ ਜਿਨ੍ਹਾਂ ਨੇ ਵਿਸਤਾਰਾ(Vistara) ਦੀਆਂ ਉਡਾਣਾਂ ਬੁੱਕ ਕੀਤੀਆਂ ਸਨ, ਨੂੰ ਏਅਰ ਇੰਡੀਆ ਵਿੱਚ ਮਾਈਗ੍ਰੇਟ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਏਐੱਨਆਈ
The post Vistara ਦੀ ਅੱਜ ਆਖਰੀ ਉਡਾਣ, ਏਅਰ ਇੰਡੀਆ ’ਚ ਹੋਵੇਗਾ ਰਲੇਵਾਂ appeared first on Punjabi Tribune.