ਅਕਾਲ ਤਖ਼ਤ ਧਾਰਮਿਕ ਸਜ਼ਾ ਲਾਉਣ ਬਾਰੇ ਜਲਦੀ ਫੈਸਲਾ ਕਰੇ: ਸੁਖਬੀਰ ਬਾਦਲ

ਅਕਾਲ ਤਖ਼ਤ ਧਾਰਮਿਕ ਸਜ਼ਾ ਲਾਉਣ ਬਾਰੇ ਜਲਦੀ ਫੈਸਲਾ ਕਰੇ: ਸੁਖਬੀਰ ਬਾਦਲ


ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 13 ਨਵੰਬਰ

ਤਨਖਾਹੀਆ ਕਰਾਰ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਾਲ ਤਖ਼ਤ ਸਕੱਤਰੇਤ ਵਿਖੇ ਇੱਕ ਬੇਨਤੀ ਪੱਤਰ ਦਿੱਤਾ ਹੈ, ਜਿਸ ਵਿਚ ਉਨ੍ਹਾਂ ਸਬੰਧਤ ਮਾਮਲੇ ਦੀ ਅਗਲੇਰੀ ਕਾਰਵਾਈ ਜਲਦ ਕਰਨ ਲਈ ਲਿਖਿਆ ਹੈ। ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਤੇ ਹੋਰਾਂ ਨਾਲ ਅੱਜ ਇੱਥੇ ਅਕਾਲ ਤਖ਼ਤ ਦੇ ਸਕੱਤਰੇਤ ਪੁੱਜੇ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਦੱਸਿਆ ਕਿ ਉਨ੍ਹਾਂ ਅੱਜ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਇੱਕ ਪੱਤਰ ਰਾਹੀਂ ਅਪੀਲ ਕੀਤੀ ਹੈ ਕਿ ਉਨ੍ਹਾਂ ਨਾਲ ਸਬੰਧਤ ਮਾਮਲੇ ਵਿਚ ਅਗਲੇਰੀ ਕਾਰਵਾਈ ਜਲਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੁਝ ਨਿੱਜੀ ਰੁਝੇਵੇਂ ਵੀ ਹਨ, ਜਿਸ ਕਾਰਨ ਉਹ ਚਾਹੁੰਦੇ ਹਨ ਕਿ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਜਲਦੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਤਨਖਾਹੀਆ ਐਲਾਨੇ ਨੂੰ ਢਾਈ ਮਹੀਨੇ ਬੀਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਜੋ ਵੀ ਆਦੇਸ਼ ਕੀਤਾ ਜਾਵੇਗਾ ਉਹ ਸਿਰ ਮੱਥੇ ਪ੍ਰਵਾਨ ਕਰਨਗੇ।

ਸੁਖਬੀਰ ਬਾਦਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋਏ ਆਗੂਆਂ ਨੇ ਕੁਝ ਮਹੀਨੇ ਪਹਿਲਾਂ ਇੱਥੇ ਸ੍ਰੀ ਅਕਾਲ ਤਖ਼ਤ ਵਿਖੇ ਇੱਕ ਦਰਖਾਸਤ ਦੇ ਕੇ ਸ਼ਿਕਾਇਤ ਕੀਤੀ ਸੀ। ਜਥੇਦਾਰ ਸਾਹਿਬਾਨ ਵੱਲੋਂ ਇਸ ਸ਼ਿਕਾਇਤ ਬਾਰੇ ਉਨ੍ਹਾਂ ਕੋਲੋਂ ਸਪਸ਼ਟੀਕਰਨ ਮੰਗਿਆ ਗਿਆ ਸੀ ਅਤੇ ਉਨ੍ਹਾਂ ਇਸ ਦਾ ਜਵਾਬ ਦੇ  ਦਿੱਤਾ ਸੀ। ਉਨ੍ਹਾਂ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਸਾਰੇ ਦੋਸ਼ ਆਪਣੀ ਝੋਲੀ ਪਾ ਲਏ ਸਨ। ਜ਼ਿਕਰਯੋਗ ਹੈ ਕਿ ਜਿਸ ਦਿਨ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਇਸ ਆਦੇਸ਼ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹੋਏ ਅਗਲੇ ਦਿਨ ਹੀ ਇਸ ਸਬੰਧੀ ਆਪਣਾ ਮੁਆਫ਼ੀ ਪੱਤਰ ਸੌਂਪਿਆ ਸੀ।

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਵੀ ਇਸ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲ ਚੁੱਕਿਆ ਹੈ।
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਪਿਛਲੇ ਦਿਨੀਂਂ ਇਸ ਸਬੰਧ ਵਿਚ ਸਿੱਖ ਬੁੱਧੀਜੀਵੀਆਂ ਦੀ ਇੱਕ ਇਕੱਤਰਤਾ ਵੀ ਸੱਦੀ ਗਈ ਸੀ ਅਤੇ ਅਗਲੇਰੀ ਕਾਰਵਾਈ ਸਬੰਧੀ ਸੁਝਾਅ ਲਏ ਗਏ ਸਨ। ਹੁਣ ਇਸ ਮਾਮਲੇ ਵਿੱਚ ਇੱਕ ਵਾਰ ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ ਦੇ ਨੁਮਾਇੰਦਿਆਂ ਦੀ ਵੀ ਮੀਟਿੰਗ ਸੱਦੇ ਜਾਣ ਦੀ ਸੰਭਾਵਨਾ ਹੈ। ਇਸ ਬੈਠਕ ਵਿੱਚ ਮਿਲਣ ਵਾਲੀ ਸਮੁੱਚੀ ਰਾਇ ਦੇ ਆਧਾਰ ’ਤੇ ਇਸ ਮਾਮਲੇ ਵਿੱਚ ਕੋਈ ਅਗਲਾ ਫੈਸਲਾ ਕੀਤਾ ਜਾ ਸਕਦਾ ਹੈ।

ਸੁਖਬੀਰ ਦੇ ਪੈਰ ਦੀ ਉਂਗਲ ਫਰੈੱਕਚਰ ਹੋਈ

ਸ੍ਰੀ ਅਕਾਲ ਤਖ਼ਤ ਵਿਖੇ ਪੱਤਰ ਦੇਣ ਆਏ ਸੁਖਬੀਰ ਸਿੰਘ ਬਾਦਲ ਦੇ ਪੈਰ ਦੀ ਉਂਗਲ ਹਲਕੀ ਫਰੈਕਚਰ ਹੋ ਗਈ ਹੈ। ਇਸ ਦਾ ਖੁਲਾਸਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਅਕਾਲ ਤਖਤ ਸਕੱਤਰੇਤ ਵਿਖੇ ਕੁਰਸੀ ’ਤੇ ਬੈਠਣ ਮੌਕੇ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਪੈਰ ’ਤੇ ਇੱਕ ਪਾਸੇ ਭਾਰ ਪੈਣ ਕਾਰਨ ਉਂਗਲ ਫਰੈਕਚਰ ਹੋ ਗਈ ਹੈ। ਬਾਅਦ ਵਿੱਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਕਰਵਾਇਆ ਗਿਆ ਹੈ।

The post ਅਕਾਲ ਤਖ਼ਤ ਧਾਰਮਿਕ ਸਜ਼ਾ ਲਾਉਣ ਬਾਰੇ ਜਲਦੀ ਫੈਸਲਾ ਕਰੇ: ਸੁਖਬੀਰ ਬਾਦਲ appeared first on Punjabi Tribune.





Source link