ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 13 ਨਵੰਬਰ
ਕਿਸਾਨ ਜਥੇਬੰਦੀਆਂ ਦੇ ਰੋਸ ਅੱਗੇ ਝੁਕਦਿਆਂ ਕੋਟਕਪੂਰਾ ਪੁਲੀਸ ਨੇ ਮਹਿਲਾ ਕਿਸਾਨ ਦੀ ਜ਼ਮੀਨ ਵਿੱਚ ਨਾਜਾਇਜ਼ ਕਬਜ਼ਾ ਦੀ ਕੋਸ਼ਿਸ਼, ਧਾਰਮਿਕ ਜਗ੍ਹਾ ਨੂੰ ਢਾਹੁਣ ਅਤੇ ਜ਼ਮੀਨ ਵਿੱਚ ਖੜ੍ਹੇ ਸਫੈਦੇ ਚੋਰੀ ਕਰਨ ਦੇ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ। ਸਿਟੀ ਪੁਲੀਸ ਨੇ ਇਸ ਮਾਮਲੇ ਵਿੱਚ ਸਥਾਨਕ ਡਾ. ਰਜਿੰਦਰ ਕੁਮਾਰ ਅਰੋੜਾ, ਉਸ ਦੇ ਸਾਥੀ ਬਲਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਵਾਸੀ ਪੰਜਗਰਾਈਂ ਕਲਾਂ ਸਮੇਤ 20 ਅਣਪਛਾਤੇ ਮੁਲਜ਼ਮਾਂ ਨੂੰ ਨਾਜ਼ਮਦ ਕੀਤਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਚੋਰੀ ਕਰਨ ਸਬੰਧੀ ਸੰਗੀਨਾ ਧਾਰਾਵਾਂ ਤਹਿਤ ਦਰਜ ਹੋਏ ਇਸ ਮਾਮਲੇ ਵਿੱਚ ਕੋਟਕਪੂਰਾ ਪੁਲੀਸ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰੇ। ਜਾਣਕਾਰੀ ਮੁਤਾਬਕ ਪਿੰਡ ਔਲਖ ਦੀ ਵਸਨੀਕ ਅਮਰਜੀਤ ਕੌਰ ਨੇ ਵੱਲੋਂ ਲੰਘੇ ਮੰਗਲਵਾਰ ਸ਼ਹਿਰ ਦੇ ਹੀਰਾ ਸਿੰਘ ਨਗਰ ਵਿਚ 8 ਮਰਲੇ ਦਾ ਇੱਕ ਪਲਾਟ ਸੁਰਿੰਦਰ ਸਿੰਘ ਪੁੱਤਰ ਰਾਮ ਪ੍ਰਤਾਪ ਵਾਸੀ ਕੋਟਕਪੂਰਾ ਤੋਂ ਖਰੀਦਿਆ ਸੀ ਤੇ ਇਸ ਪਲਾਟ ਦੀ ਰਜਿਸਟਰੀ ਰਜਿਸਟਰਾਰ ਕੋਟਕਪੂਰਾ ਵਿਖੇ ਮਹਿਲਾ ਕਿਸਾਨ ਦੇ ਨਾਂ ਅਤੇ ਜ਼ਮੀਨ ਦਾ ਇੰਤਕਾਲ ਮਹਿਲਾ ਦੇ ਨਾਂ ਹੋ ਚੁੱਕਿਆ ਹੈ। ਇਸ ਦੇ ਬਾਵਜੂਦ ਮੁਲਜ਼ਮਾਂ ਵੱਲੋਂ ਪਲਾਟ ਉੱਤੇ ਆਪਣੀ ਦਾਅਵੇਦਾਰੀ ਜਤਾਈ ਜਾ ਰਹੀ ਸੀ।
The post ਕਿਸਾਨਾਂ ਦੇ ਸੰਘਰਸ਼ ਅੱਗੇ ਝੁਕੀ ਪੁਲੀਸ appeared first on Punjabi Tribune.