Jaish-e-Mohammed Infiltration: ਜੈਸ਼ ਦੇ ਦਹਿਸ਼ਤਗਰਦਾਂ ਦੀ ਘੁਸਪੈਠ ਦਾ ਖ਼ਦਸ਼ਾ, ਬਮਿਆਲ ਖੇਤਰ ’ਚ ਹਾਈ ਅਲਰਟ

Jaish-e-Mohammed Infiltration: ਜੈਸ਼ ਦੇ ਦਹਿਸ਼ਤਗਰਦਾਂ ਦੀ ਘੁਸਪੈਠ ਦਾ ਖ਼ਦਸ਼ਾ, ਬਮਿਆਲ ਖੇਤਰ ’ਚ ਹਾਈ ਅਲਰਟ


ਐੱਨਪੀ ਧਵਨ
ਪਠਾਨਕੋਟ, 16 ਨਵੰਬਰ

ਭਾਰਤ ਅਤੇ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਨਾਲ ਲੱਗਦਾ ਬਮਿਆਲ ਖੇਤਰ ਇਸ ਵੇਲੇ ਸੁਰੱਖਿਆ ਪੱਖੋਂ ਬਹੁਤ ਸੰਵੇਦਨਸ਼ੀਲ ਹੈ। ਪਾਕਿਸਤਾਨ ਦੀ ਦਹਿਸ਼ਤਗਰਦ ਜਥੇਬੰਦੀ ਜੈਸ਼-ਏ-ਮੁਹੰਮਦ ਆਪਣੇ ਦਹਿਸ਼ਤਗਰਦਾਂ ਨੂੰ ਇਸ ਖੇਤਰ ਰਾਹੀਂ ਪੰਜਾਬ ਦੀ ਹੱਦ ਅੰਦਰ ਘੁਸਪੈਠ ਕਰਵਾਉਣ ਲਈ ਮੌਕੇ ਦੀ ਭਾਲ ਵਿੱਚ ਹੈ।
ਦੋ ਮਹੀਨਿਆਂ ਦੌਰਾਨ ਇਸ ਖੇਤਰ ਅੰਦਰ ਡਰੋਨ ਮਿਲਣ ਦੇ ਮਾਮਲਿਆਂ ਵਿੱਚ ਵੀ ਵਾਧਾ ਹੋਇਆ ਹੈ, ਜਦਕਿ ਇਲਾਕੇ ਵਿੱਚੋਂ ਹੈਰੋਇਨ ਦੇ ਪੈਕੇਟ ਵੀ ਬਰਾਮਦ ਹੋ ਚੁੱਕੇ ਹਨ। ਕਈ ਡਰੋਨ ਵੀ ਖੇਤਾਂ ਵਿੱਚ ਡਿੱਗ ਮਿਲ ਚੁੱਕੇ ਹਨ। ਸਰਹੱਦੀ ਇਲਾਕੇ ’ਚ ਇਸ ਸਮੇਂ ਸੰਘਣੀ ਧੁੰਦ ਪੈ ਰਹੀ ਹੈ ਅਤੇ ਇਸ ਦਾ ਫ਼ਾਇਦਾ ਉਠਾ ਕੇ ਇਹ ਜਥੇਬੰਦੀ ਆਪਣੇ ਦਹਿਸ਼ਤਗਰਦਾਂ ਦੀ ਘੁਸਪੈਠ ਕਰਵਾਉਣਾ ਚਾਹੁੰਦੀ ਹੈ।
ਸਾਲ 2016 ’ਚ ਵੀ ਪਾਕਿਸਤਾਨ ਦੀ ਤਰਫੋਂ ਇਸ ਖੇਤਰ ਰਾਹੀਂ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦ ਦਾਖ਼ਲ ਹੋਏ ਸਨ, ਜੋ ਪਠਾਨਕੋਟ ਏਅਰਬੇਸ ਅੰਦਰ ਪੁੱਜਣ ਵਿੱਚ ਕਾਮਯਾਬ ਹੋ ਗਏ ਸਨ। ਉਸ ਵੇਲੇ ਉਨ੍ਹਾਂ ਦਾ ਖ਼ਾਤਮਾ ਕਰਨ ਲਈ ਭਾਰਤੀ ਫ਼ੌਜ ਅਤੇ ਦਿੱਲੀ ਤੋਂ ਸਪੈਸ਼ਲ ਕਮਾਂਡੋ ਬੁਲਾਉਣੇ ਪਏ ਸਨ। ਭਾਰਤ ਦੀ ਸੂਹੀਆ ਏਜੰਸੀ ਨੇ ਇਸ ਬਾਰੇ ਬਾਕਾਇਦਾ ਜਾਣਕਾਰੀ ਵੀ ਦਿੱਤੀ ਹੈ ਕਿ ਜੈਸ਼-ਏ-ਮੁਹੰਮਦ ਦੇ 4-5 ਦਹਿਸ਼ਤਗਰਦ ਇਸ ਇਲਾਕੇ ਵਿੱਚ ਘੁਸਪੈਠ ਕਰਨ ਦੀ ਤਾਕ ਵਿੱਚ ਹਨ।
ਇਹ ਜਾਣਕਾਰੀ ਮਿਲਣ ਤੋਂ ਬਾਅਦ ਪਠਾਨਕੋਟ ਜ਼ਿਲ੍ਹੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਸਰਹੱਦੀ ਖੇਤਰ ਅੰਦਰ ਲੱਗੇ ਨਾਕਿਆਂ ’ਤੇ ਸੁਰੱਖਿਆ ਦਸਤਿਆਂ ਦੀ ਨਫ਼ਰੀ ਵਧਾ ਦਿੱਤੀ ਗਈ ਹੈ।

ਪੁਲੀਸ ਜਵਾਨ ਅਤੇ ਕਮਾਂਡੋਜ਼ ਰੱਖ ਰਹੇ ਹਨ ਤਿੱਖੀ ਨਜ਼ਰ: ਥਾਣਾ ਮੁਖੀ

ਥਾਣਾ ਨਰੋਟ ਜੈਮਲ ਸਿੰਘ ਦੇ ਮੁਖੀ ਅੰਗਰੇਜ਼ ਸਿੰਘ ਨੇ ਕਿਹਾ ਕਿ ਜਾਣਕਾਰੀ ਮਿਲਣ ਤੋਂ ਬਾਅਦ ਸਰਹੱਦੀ ਖੇਤਰ ਵਿੱਚ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ ਅਤੇ ਪੁਲੀਸ ਜਵਾਨਾਂ ਤੇ ਕਮਾਂਡੋਜ਼ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

The post Jaish-e-Mohammed Infiltration: ਜੈਸ਼ ਦੇ ਦਹਿਸ਼ਤਗਰਦਾਂ ਦੀ ਘੁਸਪੈਠ ਦਾ ਖ਼ਦਸ਼ਾ, ਬਮਿਆਲ ਖੇਤਰ ’ਚ ਹਾਈ ਅਲਰਟ appeared first on Punjabi Tribune.



Source link