Paddy Procurement: ਝੋਨੇ ਦੀ ਖ਼ਰੀਦ ਨਾ ਹੋਣ ’ਤੇ ਕਿਸਾਨ ਸੋਮਵਾਰ ਨੂੰ ਸੜਕ ਜਾਮ ਕਰਨਗੇ

Paddy Procurement: ਝੋਨੇ ਦੀ ਖ਼ਰੀਦ ਨਾ ਹੋਣ ’ਤੇ ਕਿਸਾਨ ਸੋਮਵਾਰ ਨੂੰ ਸੜਕ ਜਾਮ ਕਰਨਗੇ


ਰਮੇਸ਼ ਭਾਰਦਵਾਜ
ਲਹਿਰਾਗਾਗਾ, 16 ਨਵੰਬਰ
ਕਿਰਤੀ ਕਿਸਾਨ ਯੂਨੀਅਨ ਬਲਾਕ ਲਹਿਰਾਗਾਗਾ ਦੀ ਟੀਮ ਨੇ ਵੱਖ-ਵੱਖ ਅਨਾਜ ਮੰਡੀਆਂ ਵਿੱਚ ਜਾ ਕੇ ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲਿਆ, ਜਿਸ ਤੋਂ ਬਾਅਦ ਪਾਰਟੀ ਆਗੂਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪਣੇ ਹੀ ਜ਼ਿਲ੍ਹੇ ਵਿਚ ਝੋਨੇ ਦੀ ਬੇਕਦਰੀ ਹੋ ਰਹੀ ਹੈ। ਜਥੇਬੰਦੀ ਨੇ ਇਸ ਖ਼ਿਲਾਫ਼ ਰੈਲੀ ਕੀਤੀ ਅਤੇ ਸੋਮਵਾਰ ਨੂੰ ਆਵਾਜਾਈ ਠੱਪ ਕਰਨ ਦਾ ਐਲਾਨ ਕੀਤਾ ਹੈ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸੰਗਰੂਰ ਜ਼ਿਲ੍ਹਾ ਤੋਂ ਮੁੱਖ ਮੰਤਰੀ ਪੰਜਾਬ ਦੇ ਨਾਲ ਨਾਲ ਤਿੰਨ ਕੈਬਨਿਟ ਮੰਤਰੀ  ਹਨ, ਪਰ ਜਦੋਂ ਲਹਿਰਾਗਾਗਾ ਦੀ ਅਨਾਜ ਮੰਡੀ ਪਿੰਡ ਰਾਏਧਰਾਨਾ ਸਮੇਤ ਕਈ ਪਿੰਡਾਂ ਵਿੱਚ ਕਿਰਤੀ ਕਿਸਾਨ ਯੂਨੀਅਨ ਦੀ ਟੀਮ ਪਹੁੰਚੀ ਤਾਂ ਦੇਖਿਆ ਕੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਫ਼ਸਲ ਦੀ ਲਗਾਤਾਰ ਬੇਕਦਰੀ ਹੋ ਰਹੀ ਹੈ। ਪਿੰਡ ਰਾਏਧਰਾਨਾ ਮੰਡੀ ਵਿੱਚ ਤਕਰੀਬਨ 90% ਝੋਨੇ ਅਜੇ ਤੱਕ ਪਿਆ ਹੈ।
ਕਿਸਾਨ ਪਿਛਲੇ 20-25 ਦਿਨ ਤੋਂ ਝੋਨੇ ਦੀ ਖ਼ਰੀਦ ਦੀ ਉਡੀਕ ਕਰ ਰਹੇ ਹਨ ਅਤੇ ਇੰਝ ਕਿਸਾਨਾਂ ਅਤੇ ਮਜ਼ਦੂਰਾਂ ਦਾ ਵੱਡੇ ਪੱਧਰ ’ਤੇ ਆਰਥਿਕ ਨੁਕਸਾਨ ਹੋ ਰਿਹਾ ਹੈ। ਜਥੇਬੰਦੀ ਦੇ ਪ੍ਰਧਾਨ ਨਿਰਭੈ ਸਿੰਘ ਨੇ ਇਹ ਮਾਮਲਾ ਮੰਡੀ ਇੰਸਪੈਕਟਰਾਂ ਤੇ ਪ੍ਰਸ਼ਾਸਨ ਦੇ ਵੀ ਧਿਆਨ ਵਿੱਚ ਲਿਆਂਦਾ ਪਰ ਅਜੇ ਤੱਕ ਕੋਈ ਵੀ ਢੁੱਕਵੀਂ ਕਾਰਵਾਈ ਨਹੀਂ ਹੋਈ।
ਇਸ ਖ਼ਿਲਾਫ਼ ਅੱਜ ਪਿੰਡ ਰਾਏਧਰਾਨੇ ਦੀ ਮੰਡੀ ਵਿੱਚ ਰੈਲੀ ਕੀਤੀ ਗਈ ਅਤੇ ਰੈਲੀ ਵਿੱਚ ਫੈਸਲਿਆ ਲਿਆ ਗਿਆ ਕਿ ਜੇ ਦੋ ਦਿਨਾਂ ਵਿੱਚ ਝੋਨੇ ਦੀ ਭਰਾਈ ਦਾ ਕੰਮ ਮੁਕੰਮਲ ਰੂਪ ਵਿੱਚ ਪੂਰਾ ਨਹੀਂ ਹੁੰਦਾ ਤਾਂ 18 ਨਵੰਬਰ ਦਿਨ ਸੋਮਵਾਰ ਨੂੰ ਪੱਕੇ ਤੌਰ ’ਤੇ ਸੜਕ ਜਾਮ ਕੀਤੀ ਜਾਵੇਗੀ। ਇਸ ਮੌਕੇ ਬਲਬੀਰ ਸਿੰਘ ਰਾਏਧਾਰਾਨਾ, ਗੁਰਪ੍ਰੀਤ ਸਿੰਘ ਖਾਈ, ਦਰਸ਼ਨ ਸਿੰਘ ਖਾਈ, ਸੁਖਚੈਨ ਸਿੰਘ ਰਾਏਧਾਰਨਾ ਤੇ ਬਬਲੂ ਰਾਏਧਾਰਨਾ ਵੀ ਹਾਜ਼ਰ ਸਨ।

The post Paddy Procurement: ਝੋਨੇ ਦੀ ਖ਼ਰੀਦ ਨਾ ਹੋਣ ’ਤੇ ਕਿਸਾਨ ਸੋਮਵਾਰ ਨੂੰ ਸੜਕ ਜਾਮ ਕਰਨਗੇ appeared first on Punjabi Tribune.



Source link