ਕੋਲੰਬੋ, 21 ਨਵੰਬਰ
ਸ੍ਰੀਲੰਕਾ ’ਚ ਐੱਨਪੀਪੀ ਦੀ ਇਤਿਹਾਸਕ ਜਿੱਤ ਤੋਂ ਬਾਅਦ ਅੱਜ ਨਵੀਂ ਸੰਸਦ ਦਾ ਪਹਿਲਾ ਸੈਸ਼ਨ ਸੱਦਿਆ ਗਿਆ ਜਿਸ ਵਿਚ ਨੈਸ਼ਨਲ ਪੀਪਲਜ਼ ਪਾਵਰ (ਐੱਨਪੀਪੀ) ਦੇ ਅਸ਼ੋਕ ਰਾਨਵਾਲਾ ਨੂੰ ਸਦਨ ਦਾ ਸਪੀਕਰ ਚੁਣਿਆ ਗਿਆ ਜਦਕਿ ਰਿਜ਼ਵੀ ਸਾਲਿਹ ਨੂੰ ਡਿਪਟੀ ਸਪੀਕਰ ਬਣਾਇਆ ਗਿਆ। ਮਹਿਲਾ ਮੈਂਬਰ ਹਿਮਾਲੀ ਵੀਰਸੇਕਰਾ ਨੂੰ ਸੰਸਦੀ ਕਮੇਟੀ ਦਾ ਡਿਪਟੀ ਚੇਅਰਪਰਸਨ ਨਿਯੁਕਤ ਕੀਤਾ ਗਿਆ। ਦੱਸਣਾ ਬਣਦਾ ਹੈ ਕਿ ਉੱਚ ਅਹੁਦਿਆਂ ’ਤੇ ਚੁਣੇ ਗਏ ਤਿੰਨੇ ਹੀ ਵਿਅਕਤੀ ਪਹਿਲੀ ਵਾਰ ਸੰਸਦ ਮੈਂਬਰ ਬਣੇ ਹਨ ਜੋ ਸ੍ਰੀਲੰਕਾ ਦੇ ਸੰਸਦੀ ਇਤਿਹਾਸ ’ਚ ਇੱਕ ਵਿਲੱਖਣ ਘਟਨਾ ਹੈ। ਜ਼ਿਕਰਯੋਗ ਹੈ ਕਿ ਐੱਨਪੀਪੀ ਨੇ 14 ਨਵੰਬਰ ਨੂੰ ਹੋਈਆਂ ਚੋਣਾਂ ’ਚ 225 ਮੈਂਬਰੀ ਸਦਨ ’ਚ 159 ਸੀਟਾਂ ਜਿੱਤ ਕੇ ਇਤਿਹਾਸ ਰਚਿਆ ਸੀ। ਇਹ ਪਹਿਲੀ ਵਾਰ ਹੈ ਜਦੋਂ 1989 ਮਗਰੋਂ ਹੋਈਆਂ ਸੰਸਦੀ ਚੋਣਾਂ ’ਚ ਕਿਸੇ ਸਰਕਾਰ ਨੇ ਦੋ ਤਿਹਾਈ ਬਹੁਮਤ ਜਾਂ 150 ਤੋਂ ਵੱਧ ਸੀਟਾਂ ਜਿੱਤੀਆਂ ਹਨ। -ਪੀਟੀਆਈ
The post ਸ੍ਰੀਲੰਕਾ: ਅਸ਼ੋਕ ਰਾਨਵਾਲਾ ਨਵੀਂ ਸੰਸਦ ਦੇ ਸਪੀਕਰ ਬਣੇ appeared first on Punjabi Tribune.