Punjab News: ਪੰਜ ਨਗਰ ਨਿਗਮਾਂ ਤੇ 44 ਕੌਂਸਲਾਂ ਲਈ ਚੋਣਾਂ ਦਸੰਬਰ ’ਚ

Punjab News: ਪੰਜ ਨਗਰ ਨਿਗਮਾਂ ਤੇ 44 ਕੌਂਸਲਾਂ ਲਈ ਚੋਣਾਂ ਦਸੰਬਰ ’ਚ


ਚਰਨਜੀਤ ਭੁੱਲਰ

ਚੰਡੀਗੜ੍ਹ, 22 ਨਵੰਬਰ

ਪੰਜਾਬ ਸਰਕਾਰ ਨੇ ਸੂਬੇ ਵਿਚ ਪੰਜ ਨਗਰ ਨਿਗਮਾਂ ਅਤੇ 44 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਸੰਬਰ ਮਹੀਨੇ ਦੇ ਅਖੀਰ ਵਿਚ ਕਰਾਉਣ ਦਾ ਫ਼ੈਸਲਾ ਕੀਤਾ ਹੈ। ਸਥਾਨਕ ਸਰਕਾਰਾਂ ਵਿਭਾਗ ਨੇ ਅੱਜ ਇਨ੍ਹਾਂ ਚੋਣਾਂ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਸਟੇਟ ਚੋਣ ਕਮਿਸ਼ਨ ਵੱਲੋਂ ਹੁਣ ਨਗਰ ਨਿਗਮਾਂ ਅਤੇ ਨਗਰ ਕੌਂਸਲ ਚੋਣਾਂ ਦਾ ਪ੍ਰੋਗਰਾਮ ਜਾਰੀ ਕੀਤਾ ਜਾਵੇਗਾ। ਚੇਤੇ ਰਹੇ ਕਿ ਸੁਪਰੀਮ ਕੋਰਟ ਦੇ ਦਖ਼ਲ ਮਗਰੋਂ ਪੰਜਾਬ ਸਰਕਾਰ ਨੂੰ ਇਹ ਚੋਣਾਂ ਕਰਾਉਣ ਲਈ ਫ਼ੈਸਲਾ ਲੈਣਾ ਪਿਆ ਹੈ। ਉਂਜ ਸੂਬਾ ਸਰਕਾਰ ਇਹ ਚੋਣਾਂ ਹਾਲੇ ਲਟਕਾਉਣ ਦੇ ਰੌਂਅ ਵਿਚ ਸੀ।

ਪੰਜਾਬ ’ਚ ਚਾਰ ਜ਼ਿਮਨੀ ਚੋਣਾਂ ਦੇ ਨਤੀਜੇ ਭਲਕੇ ਸ਼ਨਿੱਚਰਵਾਰ ਨੂੰ ਆਉਣੇ ਹਨ। ਇਨ੍ਹਾਂ ਨਤੀਜਿਆਂ ਤੋਂ ਪਹਿਲਾਂ ਹੀ ਸਰਕਾਰ ਨੇ ਅਗਲੀਆਂ ਨਿਗਮ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅੱਜ ਜਾਰੀ ਕੀਤੇ ਨੋਟੀਫ਼ਿਕੇਸ਼ਨ ਅਨੁਸਾਰ ਪੰਜ ਨਗਰ ਨਿਗਮਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਫਗਵਾੜਾ ਤੋਂ ਇਲਾਵਾ 44 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਇਨ੍ਹਾਂ ਤੋਂ ਇਲਾਵਾ ਬਠਿੰਡਾ ਨਗਰ ਨਿਗਮ ਦੇ ਵਾਰਡ ਨੰਬਰ 48, ਬਟਾਲਾ ਦੇ ਵਾਰਡ ਨੰਬਰ 24, ਹੁਸ਼ਿਆਰਪੁਰ ਨਿਗਮ ਦੇ ਵਾਰਡ ਨੰਬਰ 6, 7 ਅਤੇ 27 ਤੋਂ ਇਲਾਵਾ ਅਬੋਹਰ ਦੇ ਵਾਰਡ ਨੰਬਰ 22 ਵਿਚ ਵੀ ਉਪ ਚੋਣ ਹੋਣੀ ਹੈ। ਇਸੇ ਤਰ੍ਹਾਂ ਸੂਬੇ ਦੀਆਂ ਵੱਖ ਵੱਖ ਨਗਰ ਕੌਂਸਲਾਂ ਦੇ 43 ਵਾਰਡਾਂ ਵਿਚ ਵੀ ਉਪ ਚੋਣ ਕਰਾਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸਰਕਾਰ ਦਸੰਬਰ ਵਿਚ ਫ਼ਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਤੋਂ ਪਹਿਲਾਂ ਇਹ ਚੋਣਾਂ ਕਰਾਉਣ ਦੇ ਰੌਂਅ ਵਿਚ ਹੈ।

The post Punjab News: ਪੰਜ ਨਗਰ ਨਿਗਮਾਂ ਤੇ 44 ਕੌਂਸਲਾਂ ਲਈ ਚੋਣਾਂ ਦਸੰਬਰ ’ਚ appeared first on Punjabi Tribune.



Source link