ਚੀਨੀ ਡੋਰ ਦੀ ਲਪੇਟ ’ਚ ਆ ਕੇ ਵਿਅਕਤੀ ਗੰਭੀਰ ਜ਼ਖਮੀ

ਚੀਨੀ ਡੋਰ ਦੀ ਲਪੇਟ ’ਚ ਆ ਕੇ ਵਿਅਕਤੀ ਗੰਭੀਰ ਜ਼ਖਮੀ


ਜੋਗਿੰਦਰ ਸਿੰਘ ਓਬਰਾਏ
ਖੰਨਾ, 2 ਦਸੰਬਰ
ਸ਼ਹਿਰ ’ਚ ਚੀਨੀ ਡੋਰ ਦੀ ਦਹਿਸ਼ਤ ਰੁਕਣ ਦਾ ਨਾਂ ਨਹੀਂ ਲੈ ਰਹੀ। ਪੁਲੀਸ ਤੇ ਪ੍ਰਸਾਸ਼ਨ ਦੇ ਦਾਅਵਿਆਂ ਦੇ ਬਾਵਜੂਦ ਚੀਨੀ ਡੋਰ ਖੁੱਲ੍ਹੇਆਮ ਅਸਮਾਨ ਵਿਚ ਉੱਡਦੀ ਨਜ਼ਰ ਆ ਰਹੀ ਹੈ ਜਿਸ ਕਾਰਨ ਰੋਜ਼ਾਨਾ ਕਈ ਲੋਕ ਜਖ਼ਮੀ ਹੋ ਰਹੇ ਹਨ। ਤਾਜ਼ਾ ਘਟਨਾ ਖੰਨਾ ਦੇ ਸਮਾਧੀ ਰੋਡ ਤੋਂ ਰਤਨਹੇੜੀ ਵੱਲ ਜਾਣ ਵਾਲੇ ਅੰਡਰ ਬ੍ਰਿਜ ਨੇੜੇ ਵਾਪਰੀ ਜਿਸ ਵਿਚ ਨਹਿਰੀ ਵਿਭਾਗ ਦਾ ਇਕ ਮੁਲਾਜ਼ਮ ਚੀਨੀ ਡੋਰ ਦੀ ਚਪੇਟ ਵਿਚ ਆ ਕੇ ਗੰਭੀਰ ਜ਼ਖ਼ਮੀ ਹੋ ਗਿਆ। ਪਿੰਡ ਸਾਹਿਬਪੁਰਾ ਦੇ ਸਰਪੰਚ ਹਰਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਜ਼ੋਰਾਵਰ ਸਿੰਘ ਆਪਣੀ ਡਿਊਟੀ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ ਜਿਵੇਂ ਹੀ ਉਹ ਸਮਾਧੀ ਰੋਡ ਤੋਂ ਰਤਨਹੇੜੀ ਰੋਡ ਵੱਲ ਜਾਣ ਵਾਲੇ ਅੰਡਰਬ੍ਰਿਜ ਪਾਰ ਕਰਨ ਲੱਗਾ ਤਾਂ ਅਚਾਨਕ ਉਸਦੇ ਗਲੇ ਵਿਚ ਚੀਨੀ ਡੋਰ ਫਸ ਗਈ। ਇਕ ਬਾਂਹ ਤੋਂ ਅਪਾਹਜ ਹੋਣ ਕਾਰਨ ਜ਼ੋਰਾਵਰ ਸਿੰਘ ਆਪਣਾ ਸੰਤੁਲਨ ਗੁਆ ਬੈਠਾ ਅਤੇ ਉਸ ਦਾ ਗਲਾ ਡੋਰ ਨਾਲ ਕੱਟਿਆ ਗਿਆ। ਖੂਨ ਨਾਲ ਲਥਪਥ ਜ਼ੋਰਾਵਰ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਮੁੱਢਲੀ ਸਹਾਇਤਾ ਉਪਰੰਤ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਨਿੱਜੀ ਹਸਪਤਾਲ ਰੈਫ਼ਰ ਕੀਤਾ ਗਿਆ। ਇਸ ਸਬੰਧੀ ਸਿਵਲ ਹਸਪਤਾਲ ਦੇ ਡਾਕਟਰ ਜੱਸਲ ਨੇ ਦੱਸਿਆ ਕਿ ਜਦੋਂ ਮਰੀਜ਼ ਉਨ੍ਹਾਂ ਕੋਲ ਆਇਆ ਤਾਂ ਉਸ ਦੀ ਗਰਦਨ ਵਿਚ ਚੀਨੀ ਡੋਰ ਕਾਰਨ ਡੂੰਘਾ ਕੱਟ ਲੱਗ ਗਿਆ ਸੀ ਤੇ ਤੁਰੰਤ 10 ਤੋਂ ਵੱਧ ਟਾਂਕੇ ਲਾਏ ਗਏ ਪਰ ਖੂਨ ਵਹਿਣਾ ਬੰਦ ਨਹੀਂ ਹੋ ਰਿਹਾ ਸੀ ਜਿਸ ਕਾਰਨ ਮਰੀਜ਼ ਨੂੰ ਰੈਫ਼ਰ ਕਰਨਾ ਪਿਆ। ਦੂਜੇ ਪਾਸੇ ਇਲਾਕੇ ਦੇ ਲੋਕਾਂ ਨੇ ਚੀਨੀ ਡੋਰ ’ਤੇ ਮੁਕੰਮਲ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।

The post ਚੀਨੀ ਡੋਰ ਦੀ ਲਪੇਟ ’ਚ ਆ ਕੇ ਵਿਅਕਤੀ ਗੰਭੀਰ ਜ਼ਖਮੀ appeared first on Punjabi Tribune.



Source link