ਰਤਨ ਸਿੰਘ ਢਿੱਲੋਂ
ਅੰਬਾਲਾ, 7 ਦਸੰਬਰ
Farmer Protest: ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਨੇ ਪ੍ਰਸ਼ਾਸਨ ਵੱਲੋਂ ਬੀਤੇ ਦਿਨ 6 ਦਸੰਬਰ ਨੂੰ ਸ਼ੰਭੂ ਬਾਰਡਰ ’ਤੇ ਵਾਰ-ਵਾਰ ਅੰਬਾਲਾ ਵਿਚ ਲੱਗੀ ਧਾਰਾ 163 ਦਾ ਹਵਾਲਾ ਦੇ ਕੇ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਅਤੇ ਉਸੇ ਰਾਤ ਨੂੰ ਅੰਬਾਲਾ ਸ਼ਹਿਰ ਵਿਚ ਹੋਏ ਗਾਇਕ ਕਲਾਕਾਰ ਸਤਿੰਦਰ ਸਰਤਾਜ ਦੇ ਸ਼ੋਅ ਨੂੰ ਲੈ ਕੇ ਸਵਾਲ ਉਠਾਏ ਹਨ। ਯੂਨੀਅਨ ਦੇ ਬੁਲਾਰੇ ਤੇਜਵੀਰ ਸਿੰਘ ਪੰਜੋਖਰਾ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਕਲਿੱਪ ਜਾਰੀ ਕਰ ਕੇ ਪੁੱਛਿਆ ਹੈ ਕਿ ਕੀ ਅੰਬਾਲਾ ਵਿਚ ਧਾਰਾ 163 ਸਿਰਫ਼ ਕਿਸਾਨਾਂ ’ਤੇ ਹੀ ਲਾਗੂ ਸੀ। ਉਸ ਦਾ ਕਹਿਣਾ ਹੈ ਕਿ ਜੇ ਧਾਰਾ ਲੱਗੀ ਹੋਈ ਸੀ ਤਾਂ ਫਿਰ ਸਤਿੰਦਰ ਸਰਤਾਜ ਦਾ ਪ੍ਰੋਗਰਾਮ ਕਿਵੇਂ ਹੋ ਗਿਆ ਜਿਸ ਵਿਚ ਸੈਂਕੜੇ ਲੋਕ ਮੌਜੂਦ ਸਨ।
ਤੇਜਵੀਰ ਨੇ ਕਿਹਾ ਕਿ ਅਜਿਹੇ ਕਿਹੜੇ ਹੰਗਾਮੀ ਹਾਲਾਤ ਬਣ ਗਏ ਸਨ ਕਿ ਸਰਕਾਰ ਨੂੰ ਸ਼ੰਭੂ ਬਾਰਡਰ ਦੇ ਆਸ-ਪਾਸ ਦੇ 11 ਪਿੰਡਾਂ ਵਿਚ ਇੰਟਰਨੈੱਟ ਬੰਦ ਕਰਨ ਦੇ ਹੁਕਮ ਜਾਰੀ ਕਰਨੇ ਪਏ ਅਤੇ ਸਕੂਲਾਂ ਵਿਚ ਵੀ ਛੁੱਟੀ ਕਰ ਦਿੱਤੀ ਗਈ। ਉਸ ਨੇ ਕਿਹਾ ਕਿ ਕਿਸਾਨ ਤਾਂ ਸ਼ਾਂਤਮਈ ਢੰਗ ਨਾਲ ਪੈਦਲ ਦਿੱਲੀ ਕੂਚ ਕਰ ਰਹੇ ਸਨ ਅਤੇ ਪਿਛਲੇ 10 ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਸ਼ੰਭੂ ਬਾਰਡਰ ’ਤੇ ਬੈਠੇ ਹਨ ਬਲਕਿ ਸਰਕਾਰੀ ਤਸ਼ੱਦਦ ਵੀ ਝੱਲ ਚੁੱਕੇ ਹਨ।
ਤੇਜਵੀਰ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅੰਨਦਾਤਾ ਕਹੇ ਜਾਂਦੇ ਕਿਸਾਨਾਂ ਨਾਲ ਉਨ੍ਹਾਂ ਦੀਆਂ ਮੰਗਾਂ ’ਤੇ ਖੁੱਲ੍ਹੇ ਦਿਲ ਨਾਲ ਵਿਚਾਰ ਕਰੇ ਅਤੇ ਉਨ੍ਹਾਂ ਨੂੰ ਦੁਸ਼ਮਣ ਸਮਝ ਕੇ ਬਾਰਡਰ ’ਤੇ ਰੋਕਣ ਲਈ ਹੰਝੂ ਗੈਸ ਜਾਂ ਹੋਰ ਕਿਸੇ ਕਿਸਮ ਦਾ ਤਸ਼ੱਦਦ ਨਾ ਕਰੇ। ਉਨ੍ਹਾਂ ਕਿਹਾ ਕਿ ਮਾਮਲੇ ਗੱਲਬਾਤ ਨਾਲ ਹੀ ਹੱਲ ਹੁੰਦੇ ਹਨ ਤੇ ਸਰਕਾਰ ਨੂੰ ਗੱਲਬਾਤ ਲਈ ਅੱਗੇ ਆਉਣਾ ਚਾਹੀਦਾ ਹੈ।
The post Farmer Protest: ਕਿਸਾਨ ਯੂਨੀਅਨ ਨੇ ਧਾਰਾ 163 ਦੌਰਾਨ Satinder Sartaaj ਦੇ ਪ੍ਰੋਗਰਾਮ ’ਤੇ ਉਠਾਏ ਸਵਾਲ appeared first on Punjabi Tribune.