ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 14 ਦਸੰਬਰ
ਉੱਤਰੀ ਭਾਰਤ ਦੇ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ’ਚ ਦੇਖਣ ਨੂੰ ਮਿਲ ਰਿਹਾ ਹੈ। ਠੰਢ ਵਧਣ ਕਾਰਨ ਲੋਕ ਤੜਕੇ-ਆਥਣ ਗਰਮ ਕੱਪੜੇ ਪਹਿਨਣ ਲੱਗੇ ਹਨ। ਰਾਤ ਨੂੰ ਤੇਜ਼ ਹਵਾਵਾਂ ਕਾਰਨ ਰਾਤ ਦਾ ਤਾਪਮਾਨ ਡਿੱਗ ਗਿਆ ਹੈ, ਦਿਨ ਵੇਲੇ ਧੁੱਪ ਰਹਿੰਦੀ ਹੈ। ਠੰਢ ਵਧਣ ਕਾਰਨ ਗਰਮ ਕੱਪੜਿਆਂ ਦੀ ਮੰਗ ਵੀ ਵਧ ਗਈ ਹੈ। ਬਾਜ਼ਾਰ ਵਿੱਚ ਗਰਮ ਕੱਪੜਿਆਂ ਦੀਆਂ ਦੁਕਾਨਾਂ ’ਤੇ ਭੀੜ ਜੁੜਨ ਲੱਗੀ ਹੈ। ਅਮੀਰ ਲੋਕ ਵੱਡੇ ਸ਼ਾਪਿੰਗ ਮਾਲਜ਼ ਅਤੇ ਦਰਮਿਆਨੇ ਤੇ ਹੇਠਲੇ ਵਰਗ ਦੇ ਲੋਕ ਬਾਜ਼ਾਰ ਦੀਆਂ ਛੋਟੀਆਂ ਦੁਕਾਨਾਂ ਜਾਂ ਸੜਕ ਕਿਨਾਰੇ ਲੱਗੀਆਂ ਆਰਜ਼ੀ ਦੁਕਾਨਾਂ ਤੋਂ ਗਰਮ ਕੱਪੜੇ ਖ਼ਰੀਦ ਰਹੇ ਹਨ। ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਵਧ ਰਹੀ ਠੰਢ ਕਾਰਨ ਸਿਹਤ ਪ੍ਰਭਾਵਿਤ ਹੋਣ ਦਾ ਖ਼ਤਰਾ ਵਧ ਗਿਆ ਹੈ। ਬੁਖ਼ਾਰ, ਜ਼ੁਕਾਮ- ਖੰਘ ਵਾਲੇ ਮਰੀਜ਼ ਡਾਕਟਰਾਂ ਕੋਲ ਪਹੁੰਚ ਰਹੇ ਹਨ। ਡਾ. ਰਣਜੀਤ ਸਿੰਘ ਨੇ ਕਿਹਾ ਕਿ ਠੰਢੀਆਂ ਹਵਾਵਾਂ ਦੌਰਾਨ ਬਜ਼ੁਰਗਾਂ, ਬੱਚਿਆਂ ਅਤੇ ਕਮਜ਼ੋਰ ਵਿਅਕਤੀਆਂ ਨੂੰ ਘਰਾਂ ਅੰਦਰ ਹੀ ਰਹਿਣ ਚਾਹੀਦਾ ਹੈ ਤੇ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ। ਖੇਤੀਬਾੜੀ ਅਫ਼ਸਰ ਕੁਲਬੀਰ ਸਿੰਘ ਨੇ ਕਿਹਾ ਕਿ ਇਹ ਠੰਢ ਕਣਕ ਲਈ ਲਾਹੇਵੰਦ ਹੈ ਪਰ ਕਿਸਾਨਾਂ ਨੂੰ ਕਣਕ ਦੀ ਪਿਛੇਤੀ ਤੇ ਜੌਂਆਂ ਦੀ ਬਿਜਾਈ ਨਿਬੇੜ ਲੈਣੀ ਚਾਹੀਦੀ ਹੈ। ਸਰ੍ਹੋਂ, ਬਰਸੀਮ ਅਤੇ ਆਲੂ ਦੀ ਫ਼ਸਲ ਨੂੰ ਪਤਲਾ ਪਾਣੀ ਲਾਉਣਾ ਚਾਹੀਦਾ ਹੈ। ਵੈਟਰਨਰੀ ਅਫ਼ਸਰ ਡਾ. ਅੰਮ੍ਰਿਤ ਸਿੰਘ ਨੇ ਕਿਹਾ ਕਿ ਕਿਸਾਨ ਅਤੇ ਪਸ਼ੂ ਪਾਲਕ ਪਸ਼ੂਆਂ ਦੇ ਵਾੜੇ ਅਤੇ ਸ਼ੈੱਡਾਂ ਦਾ ਫ਼ਰਸ਼ ਸੁੱਕਾ ਰੱਖਣ।
The post ਠੰਢ ਵਧਣ ਨਾਲ ਗਰਮ ਕੱਪੜਿਆਂ ਦੀ ਮੰਗ ਵਧੀ appeared first on Punjabi Tribune.