ਐਨਪੀ ਧਵਨ
ਪਠਾਨਕੋਟ, 15 ਦਸੰਬਰ
ਨਰੋਟ ਜੈਮੱਲ ਸਿੰਘ ਨਗਰ ਪੰਚਾਇਤ ਚੋਣ ਵਿੱਚ ਨਾਮਜ਼ਦਗੀਆਂ ਵਾਪਸ ਲੈਣ ਬਾਅਦ 11 ਵਾਰਡਾਂ ਅੰਦਰ ਕੁੱਲ 36 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਇਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦੇ 11-11 ਉਮੀਦਵਾਰਾਂ ਤੋਂ ਇਲਾਵਾ 3 ਅਜ਼ਾਦ ਉਮੀਦਵਾਰ ਮੈਦਾਨ ਵਿੱਚ ਡਟੇ ਹਨ। ਇਸ ਨਗਰ ਪੰਚਾਇਤ ਅੰਦਰ 11 ਵਾਰਡਾਂ ਵਿੱਚ ਕੁੱਲ 3679 ਵੋਟਰ ਹਨ। ਨਰੋਟ ਜੈਮੱਲ ਸਿੰਘ ਦਾ ਦੌਰਾ ਕਰਨ ਉਪਰੰਤ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਚੋਣ ਵਿੱਚ ਭਾਜਪਾ ਆਪਣਾ ਖਾਤਾ ਖੋਲ੍ਹਣ ਲਈ, ਕਾਂਗਰਸ ਆਪਣੀ ਪਹਿਲਾਂ ਵਾਲੀ ਜਿੱਤ ਨੂੰ ਬਰਕਰਾਰ ਰੱਖਣ ਲਈ ਅਤੇ ਆਮ ਆਦਮੀ ਪਾਰਟੀ ਪੰਜਾਬ ਅੰਦਰ ਆਪਣੀ ਸਰਕਾਰ ਹੋਣ ਦਾ ਲਾਹਾ ਲੈ ਕੇ ਆਪਣੀ ਪਾਰਟੀ ਦਾ ਪ੍ਰਧਾਨ ਬਣਾਉਣ ਲਈ ਸਿਰ ਤੋੜ ਯਤਨ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸਾਲ 2016 ਵਿੱਚ ਨਰੋਟ ਜੈਮੱਲ ਸਿੰਘ ਨੂੰ ਨਗਰ ਪੰਚਾਇਤ ਦਾ ਦਰਜਾ ਮਿਲਿਆ ਸੀ। ਜਾਣਕਾਰੀ ਅਨੁਸਾਰ ਨਰੋਟ ਜੈਮਲ ਸਿੰਘ ਵਿਧਾਨ ਸਭਾ ਹਲਕਾ ਭੋਆ ਵਿੱਚ ਪੈਂਦਾ ਹੈ ਅਤੇ ਭੋਆ ਹਲਕੇ ਅੰਦਰ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਲਾਲ ਚੰਦ ਕਟਾਰੂਚੱਕ ਹੈ ਜੋ ਕਿ ਸਰਕਾਰ ਅੰਦਰ ਕੈਬਨਿਟ ਮੰਤਰੀ ਵੀ ਹੈ। ਨਰੋਟ ਜੈਮੱਲ ਸਿੰਘ ਵਿੱਚ ਪਾਣੀ ਦੀ ਸਿਰਫ ਇੱਕ ਟੈਂਕੀ ਹੈ ਜੋ ਕਿ ਪੂਰੇ ਨਰੋਟ ਜੈਮਲ ਸਿੰਘ ਨੂੰ ਪਾਣੀ ਦੀ ਸਪਲਾਈ ਕਰਨ ਲਈ ਨਾਕਾਫੀ ਹੈ। ਲੋਕਾਂ ਦੀ ਇਸ ਸਮੱਸਿਆ ਨੂੰ ਭਾਂਪਦੇ ਹੋਏ ਮੰਤਰੀ ਨੇ ਇਸ ਮਹੀਨੇ 1 ਦਸੰਬਰ ਨੂੰ ਪੀਡਬਲਯੂਡੀ ਦੇ ਰੈਸਟ ਹਾਊਸ ਦੀ ਚਾਰਦੀਵਾਰੀ ਦੇ ਬਾਹਰ ਸੜਕ ਕੰਢੇ ਹੀ ਪਾਣੀ ਦੇ ਬੋਰ ਦਾ ਨੀਂਹ ਪੱਥਰ ਰੱਖ ਦਿੱਤਾ ਅਤੇ ਐਲਾਨ ਕਰ ਦਿੱਤਾ ਕਿ 5 ਕਰੋੜ ਰੁਪਏ ਖਰਚ ਕਰਕੇ ਇੱਕ ਹੋਰ ਨਵੀਂ ਟੈਂਕੀ ਬਣਾਈ ਜਾਵੇਗੀ। ਇਸ ਨਾਲ ਪਾਣੀ ਦੀ ਇਸ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਜਾਵੇਗੀ। ਵਾਰਡ ਨੰਬਰ-11 ਤੋਂ ਕਾਂਗਰਸ ਪਾਰਟੀ ਦੇ ਖੜ੍ਹੇ ਉਮੀਦਵਾਰ ਰਾਜੇਸ਼ ਕੁਮਾਰ ਨਿਸ਼ੂ ਨੇ ਮੰਤਰੀ ਦੇ ਇਸ ਨੀਂਹ ਪੱਥਰ ਨੂੰ ਚੋਣ ਸਟੰਟ ਕਰਾਰ ਦਿੱਤਾ। ਉਸ ਦਾ ਕਹਿਣਾ ਸੀ ਕਿ ਪੀਡਬਲਯੂਡੀ ਵਾਲੀ ਜਗ੍ਹਾ ਤੇ ਸੜਕ ਕੰਢੇ ਨੀਂਹ ਪੱਥਰ ਰੱਖਣਾ ਨਰੋਟ ਜੈਮਲ ਸਿੰਘ ਦੇ ਲੋਕਾਂ ਨਾਲ ਕੋਝਾ ਮਜ਼ਾਕ ਹੈ। ਬੋਰ ਕਰਵਾਉਣ ਲਈ ਪਹਿਲਾਂ ਜਗ੍ਹਾ ਦੀ ਸਹੀ ਚੋਣ ਕਰਨੀ ਚਾਹੀਦੀ ਹੈ।
The post ਨਰੋਟ ਜੈਮੱਲ ਸਿੰਘ ’ਚ ਕਾਂਗਰਸ ਤੇ ‘ਆਪ’ ਆਹਮੋ-ਸਾਹਮਣੇ appeared first on Punjabi Tribune.