ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 22 ਦਸੰਬਰ
ਪਿਛਲੇ ਲਗਪਗ ਦੋ ਸਾਲ ਤੋਂ ਪਿੰਡ ਲੇਲੇਵਾਲਾ ਦੇ ਖੇਤਾਂ ਵਿੱਚ ਇੱਕ ਗੈਸ ਕੰਪਨੀ ਦੀ ਪਾਈਪ ਲਾਈਨ ਵਿਛਾਏ ਜਾਣ ਬਦਲੇ ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਵਿਵਾਦ ਅਜੇ ਤੱਕ ਕਿਸੇ ਤਣ-ਪੱਤਣ ਨਹੀਂ ਲੱਗਿਆ ਹੈ। ਮਸਲਾ ਹੱਲ ਨਾ ਹੋਣ ’ਤੇ ਅੱਜ ਫਿਰ ਤੋਂ ਉਕਤ ਪਿੰਡ ਵਿੱਚ ਪੁਲੀਸ ਤੇ ਪ੍ਰਸ਼ਾਸਨ ਅਤੇ ਕਿਸਾਨ ਆਹਮੋ-ਸਾਹਮਣੇ ਹੋ ਗਏ ਹਨ।

ਇਸ ਦੌਰਾਨ ਭਾਰੀ ਪੁਲੀਸ ਬਲ ਦੇ ਨਾਲ ਕੰਪਨੀ ਵੱਲੋਂ ਵੱਡੀਆਂ ਮਸ਼ੀਨਾਂ ਲਿਆ ਕੇ ਖੇਤਾਂ ਵਿੱਚ ਗੈਸ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪਿੰਡ ਲੇਲੇਵਾਲਾ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ। ਪੁਲੀਸ ਤੇ ਪ੍ਰਸ਼ਾਸਨ ਵੱਲੋਂ ਸਥਿਤੀ ਨਾਲ ਨਜਿੱਠਣ ਲਈ ਦੰਗਾ ਵਿਰੋਧੀ ਵਾਹਨ ਅਤੇ ਹੋਰ ਪ੍ਰਬੰਧ ਕੀਤੇ ਗਏ ਹਨ।

ਇੱਕ ਵਾਰ ਮੁੜ ਤੋਂ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਪਿੰਡ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਗੁਰਦੁਆਰੇ ਕੋਲੋਂ ਲੰਘਦੇ ਕੰਪਨੀ ਦੇ ਪਾਈਪਾਂ ਨਾਲ ਲੱਦੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਐੱਸਪੀ ਨਰਿੰਦਰ ਸਿੰਘ ਨੇ ਭਾਰੀ ਫੋਰਸ ਸਣੇ ਮੌਕੇ ’ਤੇ ਪਹੁੰਚ ਕੇ ਕਿਸ਼ਾਨਾਂ ਦੇ ਕਬਜ਼ੇ ਵਿੱਚੋਂ ਇਹ ਟਰੱਕ ਛੁਡਵਾਇਆ। ਦੂਜੇ ਪਾਸੇ ਕਿਸਾਨ ਪਿੰਡ ਲੇਲੇਵਾਲਾ ਵਿੱਚ (ਬੀਕੇਯੂ ਉਗਰਾਹਾਂ) ਦੀ ਅਗਵਾਈ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।
The post Gas pipe line compensation ਗੈਸ ਪਾਈਪ ਲਾਈਨ ਮੁਆਵਜ਼ਾ ਮਾਮਲਾ: ਪਿੰਡ ਲੇਲੇਵਾਲਾ ਵਿੱਚ ਪ੍ਰਸ਼ਾਸਨ ਤੇ ਕਿਸਾਨ ਮੁੜ ਆਹਮੋ-ਸਾਹਮਣੇ appeared first on Punjabi Tribune.