ਬਰੇਲੀ, 24 ਦਸੰਬਰ
ਬਰੇਲੀ ਦੀ ਜ਼ਿਲ੍ਹਾ ਅਦਾਲਤ ਦੇ ਜੱਜ ਨੇ ਸੰਸਦ ਵਿਚ ‘ਜੈ ਫ਼ਲਸਤੀਨ’ ਬੋਲਣ ਦੇ ਮਾਮਲੇ ਵਿਚ ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲਮੀਨ ਦੇ ਕੌਮੀ ਪ੍ਰਧਾਨ ਅਸਦੂਦੀਨ ਓਵਾਇਸੀ ਨੂੰ ਨੋਟਿਸ ਜਾਰੀ ਕਰ ਤਲਬ ਕੀਤਾ ਹੈ। ਇਕ ਬੁਲਾਰੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਅਦਾਲਤ ਨੇ ਇਸ ਮਾਮਲੇ ਸਬੰਧੀ 7 ਜਨਵਰੀ ਨੂੰ ਸੁਣਵਾਈ ਤੈਅ ਕੀਤੀ ਹੈ। ਸੰਸਦ ਵਿਚ ‘ਜੈ ਫ਼ਲਸਤੀਨ’ ਬੋਲਣ ਦੇ ਮਾਮਲੇ ਵਿਚ ਓਵਾਇਸੀ ਦੇ ਖ਼ਿਲਾਫ਼ ਐਡਵੋਕੇਟ ਵਰਿੰਦਰ ਗੁਪਤਾ ਨੇ ਇਕ ਮੁਕੱਦਮਾ ਦਾਇਰ ਕੀਤਾ ਹੈ, ਜਿਸ ਵਿਚ ਉਨ੍ਹਾਂ ’ਤੇ ਸੰਵਿਧਾਨਕ ਅਤੇ ਕਾਨੂੰਨੀ ਸਿਧਾਂਤਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਐਡਵੋਕੇਟ ਵਰਿੰਦਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਸਾਂਸਦ-ਵਿਧਾਇਕਾਂ ਦੀ ਵਿਚ ਅਸਦੂਦੀਨ ਓਵਾਇਸੀ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਜ਼ਿਲ੍ਹਾ ਜੱਜ ਦੀ ਅਦਾਲਤ ਵਿੱਚ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜੱਜ ਦੀ ਅਦਾਲਤ ਨੇ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਸੰਸਦ ਮੈਂਬਰ ਅਸਦੂਦੀਨ ਓਵਾਇਸੀ ਨੂੰ 7 ਜਨਵਰੀ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ। ਮੁਕੱਦਮਾ ਦਾਇਰ ਕਰਨ ਵਾਲੇ ਐਡਵੋਕੇਟ ਵਰਿੰਦਰ ਗੁਪਤਾ ਨੇ ਕਿਹਾ ਕਿ ਉਹ ਓਵਾਇਸੀ ਦੇ ‘ਜੈ ਫਲਸਤੀਨ’ ਦੇ ਨਾਅਰੇ ਤੋਂ ਦੁਖੀ ਹਨ। ਓਵਾਇਸੀ ਦਾ ਬਿਆਨ ਭਾਰਤ ਦੇ ਸੰਵਿਧਾਨ ਦੇ ਉਲਟ ਅਤੇ ਅਪਮਾਨਜਨਕ ਹੈ।
ਓਵਾਇਸੀ ਵੱਲੋਂ ਨਾਅਰਾ ਲਾਏ ਜਾਣ ਮੌਕੇ ਦੀ ਵੀਡੀਓ:-
ਜ਼ਿਕਰਯੋਗ ਹੈ ਕਿ 4 ਜੂਨ 2024 ਨੂੰ 18ਵੀਂ ਲੋਕ ਸਭਾ ਦੇ ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਓਵਾਇਸੀ ਨੇ 25 ਜੂਨ 2024 ਨੂੰ ਹੈਦਰਾਬਾਦ ਤੋਂ ਸੰਸਦ ਮੈਂਬਰ ਵਜੋਂ ਲੋਕ ਸਭਾ ਵਿੱਚ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਬਾਅਦ ਓਵੈਸੀ ਨੇ ”ਜੈ ਭੀਮ, ਜੈ ਮੀਮ, ਜੈ ਤੇਲੰਗਾਨਾ, ਜੈ ਫਲਸਤੀਨ” ਕਿਹਾ ਸੀ, ਜਿਸ ਨਾਲ ਉਸ ਸਮੇਂ ਕਾਫੀ ਹੰਗਾਮਾ ਹੋ ਗਿਆ ਸੀ।
ਮਾਮਲਾ ਵਧਣ ਤੋਂ ਬਾਅਦ ਓਵਾਇਸੀ ਨੇ ਇਸ ’ਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ, ‘‘ਹਰ ਕੋਈ ਬਹੁਤ ਕੁਝ ਕਹਿ ਰਿਹਾ ਹੈ। ਮੈਂ ਸਿਰਫ਼ ‘ਜੈ ਭੀਮ, ਜੈ ਮੀਮ, ਜੈ ਤੇਲੰਗਾਨਾ, ਜੈ ਫਲਸਤੀਨ’ ਕਿਹਾ। ਇਹ ਕਿਵੇਂ ਵਿਰੁੱਧ ਹੈ ਸੰਵਿਧਾਨ ਵਿੱਚ ਉਪਬੰਧ ਦਿਖਾਓ।’’ ਪੀਟੀਆਈ
The post ਬਰੇਲੀ ਦੀ ਅਦਾਲਤ ਨੇ ‘ਜੈ ਫ਼ਲਸਤੀਨ’ ਬੋਲਣ ਦੇ ਮਾਮਲੇ ਵਿਚ Asaduddin Owaisi ਨੂੰ ਤਲਬ ਕੀਤਾ appeared first on Punjabi Tribune.