ਅਸੀਂ ਡੱਲੇਵਾਲ ਨਾਲ ਖੜ੍ਹੇ ਹਾਂ, ਮੋਰਚੇ ਵੱਖੋ-ਵੱਖ ਪਰ ਲੜਾਈ ਇਕ ਹੈ: ਸੰਯੁਕਤ ਕਿਸਾਨ ਮੋਰਚਾ

ਅਸੀਂ ਡੱਲੇਵਾਲ ਨਾਲ ਖੜ੍ਹੇ ਹਾਂ, ਮੋਰਚੇ ਵੱਖੋ-ਵੱਖ ਪਰ ਲੜਾਈ ਇਕ ਹੈ: ਸੰਯੁਕਤ ਕਿਸਾਨ ਮੋਰਚਾ



ਗਗਨਦੀਪ ਅਰੋੜਾ

ਲੁਧਿਆਣਾ, 3 ਜਨਵਰੀ

ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਆਗੂਆਂ ਨੇ ਲੁਧਿਆਣਾ ਵਿਚ ਸੱਦੀ ਬੈਠਕ ਵਿਚ ਕਈ ਅਹਿਮ ਫੈਸਲੇ ਲਏ ਹਨ। ਆਗੂਆਂ ਨੇ ਕਿਹਾ ਕਿ ਉਹ ਖਨੌਰੀ ਬਾਰਡਰ ਉੱਤੇ ਪਿਛਲੇ 39 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਪੂਰੀ ਹਮਾਇਤ ਕਰਦੇ ਹਨ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਮੋਰਚੇ ਵੱਖੋ ਵੱਖ ਹੋ ਸਕਦੇ ਹਨ, ਪਰ ਉਨ੍ਹਾਂ ਦੀ ਲੜਾਈ ਇਕ ਹੈ। ਐੱਸਕੇਐੱਮ ਆਗੂਆਂ ਨੇ ਕਿਹਾ ਕਿ ਉਹ ਡੱਲੇਵਾਲ ਦੇ ਨਾਲ ਹਨ ਤੇ ਜਿੱਥੇ ਲੋੜ ਹੈ ਉਥੇ ਉਨ੍ਹਾਂ ਨਾਲ ਖੜ੍ਹਨਗੇ। ਉਨ੍ਹਾਂ ਕਿਹਾ ਕਿ ਜਦੋਂ ਡੱਲੇਵਾਲ ਕਹਿ ਚੁੱਕੇ ਹਨ ਕਿ ਜੇ ਕੇਂਦਰ ਸਰਕਾਰ ਗੱਲਬਾਤ ਦਾ ਸੱਦਾ ਦਿੰਦੀ ਹੈ ਤਾਂ ਉਹ ਮੈਡੀਕਲ ਏਡ ਲੈਣ ਲਈ ਤਿਆਰ ਹਨ ਤਾਂ ਫਿਰ ਕੇਂਦਰ ਸਰਕਾਰ ਨੇ ਅਜੇ ਤੱਕ ਕਿਸਾਨ ਆਗੂ ਨਾਲ ਕੋਈ ਰਾਬਤਾ ਕਿਉਂ ਨਹੀਂ ਬਣਾਇਆ। ਬੈਠਕ ਵਿਚ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਬਲਦੇਵ ਸਿੰਘ ਨਿਹਾਲਗੜ੍ਹ, ਜੋਗਿੰਦਰ ਸਿੰਘ ਉਗਰਾਹਾਂ, ਹਰਵਿੰਦਰ ਸਿੰਘ ਲੱਖੋਵਾਲ ਸਣੇ ਹੋਰ ਕਈ ਕਿਸਾਨ ਆਗੂ ਮੌਜੂਦ ਸਨ। ਇਕ ਸਵਾਲ ਦੇ ਜਵਾਬ ਵਿਚ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਹਰਿਆਣਾ ਦੇ ਟੋਹਾਣਾ ਵਿਚ 4 ਜਨਵਰੀ ਲਈ ਪਹਿਲਾਂ ਹੀ ਮਹਾਪੰਚਾਇਤ ਸੱਦ ਚੁੱਕੇ ਸਨ ਜਦੋਂਕਿ ਐੱਸਕੇੇਐੱਮ (ਗੈਰਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚੇ ਨੇ ਖਨੌਰੀ ਬਾਰਡਰ ’ਤੇ ਇਸੇ ਤਰੀਕ ਨੂੰ ਮਹਾਪੰਚਾਇਤ ਸੱਦਣ ਦਾ ਫ਼ੈਸਲਾ ਬਾਅਦ ਵਿਚ ਕੀਤਾ ਤੇ ਇਸ ਬਾਰੇ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ।

ਬੈਠਕ ਦੌਰਾਨ ਕਿਸਾਨ ਆਗੂਆਂ ਨੇ ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ (ਐੱਨਪੀਐੱਫਏਐੱਮ) ਨੂੰ ਰੱਦ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਨਾਲੋਂ ਵੀ ਖ਼ਤਰਨਾਕ ਕਰਾਰ ਦਿੱਤਾ ਹੈ। ਆਗੂਆਂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ 3 ਸਰਕਾਰ ਨੇ ਵਿਸ਼ਵ ਬੈਂਕ ਤੇ ਆਈਐੱਫਸੀ ਅੱਗੇ ਗੋਡੇ ਟੇਕ ਦਿੱਤੇ ਹਨ। ਆਗੂਆਂ ਨੇ ਮੰਗ ਕੀਤੀ ਕਿ ਸਾਰੀਆਂ ਸਿਆਸੀ ਪਾਰਟੀਆਂ ਇਸ ਖਰੜੇ ਬਾਰੇ ਆਪਣੀ ਸਥਿਤੀ ਸਪਸ਼ਟ ਕਰਨ। ਉਨ੍ਹਾਂ ਸਾਰੀਆਂ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਵੱਲੋਂ ਲਿਆਂਦੇ ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਨੂੰ ਰੱਦ ਕਰਨ। ਆਗੂਆਂ ਨੇ ਐੱਨਪੀਐੱਫਏਐੱਮ ਰੱਦ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਵਧਾਈ ਦਿੱਤੀ। ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਟੋਹਾਣਾ ਤੇ ਮੋਗਾ ਵਿਚ ਕ੍ਰਮਵਾਰ 4 ਤੇ 9 ਜਨਵਰੀ ਨੂੰ ਕੀਤੀਆਂ ਜਾਣ ਵਾਲੀਆਂ ਮਹਾਪੰਚਾਇਤਾਂ ਵਿਚ ਐੱਨਪੀਐੱਫਏਐੱਮ ਨੂੰ ਰੱਦ ਕਰਨ ਤੇ ਬਦਲਵੀਂ ਨੀਤੀ ਲਿਆਉਣ ਲਈ ਪਾਸ ਕੀਤੇ ਜਾਣਗੇ।

ਬੈਠਕ ਦੇ ਮੁੱਖ ਨੁਕਤੇ

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਖਰੜਾ(ਐੱਨਪੀਐੱਫਏਐੱਮ) ਰੱਦ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਨਾਲੋਂ ਵੀ ਖ਼ਤਰਨਾਕ

ਐੱਨਡੀਏ ਸਰਕਾਰ ਨੇ ਵਿਸ਼ਵ ਬੈਂਕ ਤੇ ਆਈਐੱਫਸੀ ਅੱਗੇ ਗੋਡੇ ਟੇਕੇ

ਸਾਰੀਆਂ ਸਿਆਸੀ ਪਾਰਟੀਆਂ ਐੱਨਪੀਐੱਫਏਐੱਮ ਬਾਰੇ ਸਥਿਤੀ ਸਪਸ਼ਟ ਕਰਨ

ਸਾਰੀਆਂ ਸੂਬਾ ਸਰਕਾਰਾਂ ਨੂੰ ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਖਰੜਾ ਰੱਦ ਕਰਨ ਦੀ ਅਪੀਲ

ਐੱਨਪੀਐੱਫਏਐੱਮ ਰੱਦ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਤੀ ਵਧਾਈ, ਵਿਚਾਰ ਚਰਚਾ ਦੀ ਕੀਤੀ ਮੰਗ

ਟੋਹਾਣਾ ਤੇ ਮੋਗਾ ਦੀਆਂ ਮਹਾਪੰਚਾਇਤਾਂ ਵਿਚ ਐੱਨਪੀਐੱਫਏਐੱਮ ਨੂੰ ਰੱਦ ਕਰਨ ਤੇ ਬਦਲਵੀਂ ਨੀਤੀ ਲਿਆਉਣ ਲਈ ਪਾਸ ਕੀਤੇ ਜਾਣਗੇ ਮਤੇ

 

 

The post ਅਸੀਂ ਡੱਲੇਵਾਲ ਨਾਲ ਖੜ੍ਹੇ ਹਾਂ, ਮੋਰਚੇ ਵੱਖੋ-ਵੱਖ ਪਰ ਲੜਾਈ ਇਕ ਹੈ: ਸੰਯੁਕਤ ਕਿਸਾਨ ਮੋਰਚਾ appeared first on Punjabi Tribune.



Source link