ਤਿੰਨੋਂ 10 ਜਨਵਰੀ ਤੋਂ ਹੋਟਲ ’ਚ ਰਹਿ ਰਹੇ ਸੀ
ਅਭਿਨਵ ਵਸ਼ਿਸ਼ਟ
ਕੁੱਲੂ, 13 ਜਨਵਰੀ
ਹਿਮਾਚਲ ਪੁਲੀਸ ਨੇ ਦੋ ਨੌਜਵਾਨਾਂ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮੁਲਜ਼ਮ ਕੁੱਲੂ ਦੇ ਕਸੌਲ ਦੇ ਇੱਕ ਹੋਟਲ ਵਿੱਚ ਸ਼ਨਿੱਚਰਵਾਰ ਦੇਰ ਰਾਤ ਇੱਕ 23 ਸਾਲਾ ਲੜਕੀ ਦੀ ਲਾਸ਼ ਛੱਡ ਕੇ ਫਰਾਰ ਹੋ ਗਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦਾ ਵਸਨੀਕ ਅਕਾਸ਼ਦੀਪ ਸਿੰਘ ਆਪਣੇ ਦੋਸਤ ਅਤੇ ਇੱਕ ਲੜਕੀ ਨਾਲ 10 ਜਨਵਰੀ ਤੋਂ ਹੋਟਲ ਵਿੱਚ ਰੁਕਿਆ ਹੋਇਆ ਸੀ। ਹੋਟਲ ਦੀ ਇੱਕ ਮਹਿਲਾ ਕਰਮੀ ਅਤੇ ਦੋ ਸਟਾਫ ਮੈਂਬਰਾਂ ਨੇ ਰਾਤ 12:30 ਵਜੇ ਦੇ ਕਰੀਬ ਦੋਵੇਂ ਨੌਜਵਾਨਾਂ ਨੂੰ ਪੌੜੀਆਂ ਰਾਹੀਂ ਥੱਲੇ ਆਉਂਦੇ ਦੇਖਿਆ। ਦੋਵਾਂ ਨੌਜਵਾਨਾਂ ਵਿੱਚੋਂ ਇੱਕ ਨੇ ਲੜਕੀ ਨੂੰ ਸਿਰ ਤੋਂ ਅਤੇ ਦੂਜੇ ਨੇ ਪੈਰਾਂ ਤੋਂ ਚੁੱਕਿਆ ਹੋਇਆ ਸੀ। ਹੋਟਲ ਸਟਾਫ ਨੇ ਮਾਮਲਾ ਸ਼ੱਕੀ ਜਾਪਣ ’ਤੇ ਉਨ੍ਹਾਂ ਤੋਂ ਲੜਕੀ ਬਾਰੇ ਪੁੱਛ ਪੜਤਾਲ ਕੀਤੀ। ਨੌਜਵਾਨਾਂ ਨੇ ਦਾਅਵਾ ਕੀਤਾ ਕਿ ਲੜਕੀ ਵੱਧ ਸ਼ਰਾਬ ਪੀਣ ਕਾਰਨ ਬਾਥਰੂਮ ’ਚ ਡਿੱਗ ਗਈ ਸੀ ਅਤੇ ਬੇਹੋਸ਼ ਹੋ ਗਈ ਹੈ ਅਤੇ ਉਹ ਉਸ ਨੂੰ ਹਸਪਤਾਲ ਲਿਜਾ ਰਹੇ ਹਨ।
ਨੌਜਵਾਨਾਂ ਨੇ ਹੋਟਲ ਸਟਾਫ ਤੋਂ ਹਸਪਤਾਲ ਦਾ ਰਾਹ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਹੋਟਲ ਮੈਨੇਜਰ ਨਾਲ ਗੱਲ ਕਰਕੇ ਸਟਾਫ ਨੂੰ ਉਨ੍ਹਾਂ ਦੇ ਨਾਲ ਹਸਪਤਾਲ ਭੇਜਣਗੇ। ਇਹ ਸੁਣਦਿਆਂ ਹੀ ਨੌਜਵਾਨ ਲੜਕੀ ਦੀ ਲਾਸ਼ ਫਰਸ਼ ’ਤੇ ਰੱਖ ਕੇ ਆਪਣੀ ਸਕਾਰਪੀਓ ਗੱਡੀ ਵਿੱਚ ਫਰਾਰ ਹੋ ਗਏ। ਜਦੋਂ ਹੋਟਲ ਸਟਾਫ ਨੇ ਲੜਕੀ ਦੀ ਜਾਂਚ ਪੜਤਾਲ ਕੀਤੀ ਤਾਂ ਉਸ ਦਾ ਸਰੀਰ ਠੰਢਾ ਪੈ ਚੁੱਕਿਆ ਸੀ। ਪੁਲੀਸ ਨੂੰ ਮੌਕੇ ’ਤੇ ਸੱਦ ਕੇ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਲੜਕੀ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ।
ਕੁੱਲੂ ਦੇ ਏਐੱਸਪੀ ਸੰਜੀਵ ਚੌਹਾਨ ਨੇ ਦੱਸਿਆ ਕਿ ਸਟਾਫ ਦੇ ਬਿਆਨ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਨੂੰ ਫੜਨ ਲਈ ਵੱਖ-ਵੱਖ ਥਾਵਾਂ ’ਤੇ ਨਾਕੇਬੰਦੀਆਂ ਕਰ ਦਿੱਤੀ ਗਈ ਹੈ। ਪੁਲੀਸ ਮ੍ਰਿਤਕ ਲੜਕੀ ਦੇ ਪਿਛੋਕੜ ਦਾ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ।
The post ਕਸੌਲ ਦੇ ਹੋਟਲ ’ਚ ਲੜਕੀ ਦੀ ਲਾਸ਼ ਛੱਡ ਕੇ ਬਠਿੰਡਾ ਦੇ ਨੌਜਵਾਨ ਫਰਾਰ appeared first on Punjabi Tribune.