UP Police encounter: ਮੇਰਠ ਵਿੱਚ ਪੰਜ ਕਤਲਾਂ ਦਾ ਮੁੱਖ ਮਸ਼ਕੂਕ ਪੁਲੀਸ ਮੁਕਾਬਲੇ ’ਚ ਹਲਾਕ

UP Police encounter: ਮੇਰਠ ਵਿੱਚ ਪੰਜ ਕਤਲਾਂ ਦਾ ਮੁੱਖ ਮਸ਼ਕੂਕ ਪੁਲੀਸ ਮੁਕਾਬਲੇ ’ਚ ਹਲਾਕ


ਨਈਮ ਉਤੇ ਸੀ ਆਪਣੇ ਮਤਰੇਏ ਭਰਾ, ਉਸ ਦੀ ਪਤਨੀ ਤੇ ਤਿੰਨ ਧੀਆਂ ਦੇ ਬੇਰਹਿਮੀ ਨਾਲ ਕਤਲ ਕਰਨ ਦਾ ਦੋਸ਼
ਮੇਰਠ (ਯੂਪੀ), 25 ਜਨਵਰੀ
ਅਧਿਕਾਰੀਆਂ ਨੇ ਦੱਸਿਆ ਕਿ ਆਪਣੇ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਕੇਸ ਦੇ ਇਕ ਮੁੱਖ ਸ਼ੱਕੀ ਮੁਲਜ਼ਮ ਨੂੰ ਯੂਪੀ ਪੁਲੀਸ ਨੇ ਸ਼ਨਿੱਚਰਵਾਰ ਸਵੇਰੇ ਇੱਕ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ। ਉਸ ਦੇ ਸਿਰ ‘ਤੇ 50,000 ਰੁਪਏ ਦਾ ਇਨਾਮ ਸੀ।
ਇੱਕ ਬਿਆਨ ਵਿੱਚ ਪੁਲੀਸ ਨੇ ਕਿਹਾ ਕਿ ਇੱਕ ਟੀਮ ਨੇ ਸ਼ਨਿੱਚਰਵਾਰ ਸਵੇਰੇ ਜਮੀਲ ਹੁਸੈਨ ਉਰਫ ਨਈਮ ਦਾ ਪਤਾ ਲਗਾਇਆ ਅਤੇ ਇੱਕ ਮੁਕਾਬਲਾ ਹੋਇਆ। ਬਿਆਨ ਮੁਤਾਬਕ, “ਨਈਮ ਨੂੰ ਗੋਲੀ ਲੱਗੀ ਅਤੇ ਉਸ ਨੂੰ ਨੇੜਲੇ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ।”
ਨਈਮ 9 ਜਨਵਰੀ ਨੂੰ ਲਿਸਾਰੀ ਗੇਟ ਵਿਖੇ ਉਸ ਦੇ ਘਰ ਵਿੱਚ ਹੋਏ ਪੰਜ ਲੋਕਾਂ ਦੇ ਭਿਆਨਕ ਕਤਲ ਦਾ ਮੁੱਖ ਸ਼ੱਕੀ ਮੁਲਜ਼ਮ ਸੀ। ਮ੍ਰਿਤਕਾਂ ਵਿਚ ਉਸ ਦਾ ਮਤਰੇਆ ਭਰਾ ਮੋਇਨ, ਉਸ ਦੀ ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਸ਼ਾਮਲ ਸਨ। \
ਪੀੜਤਾਂ ਦੇ ਸਿਰ ਵਿੱਚ ਸੱਟਾਂ ਲੱਗੀਆਂ ਹੋਈਆਂ ਸਨ। ਕਤਲਾਂ ਤੋਂ ਬਾਅਦ ਪੁਲੀਸ ਨੇ ਨਈਮ ਅਤੇ ਉਸਦੇ ਸਾਥੀ ਸਲਮਾਨ ਨੂੰ ਫੜਾਉਣ ਲਈ ਇਨਾਮ ਦਾ ਐਲਾਨ ਕੀਤਾ ਸੀ। ਯੂਪੀ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਪ੍ਰਸ਼ਾਂਤ ਕੁਮਾਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ, “ਜਾਂਚ ਤੋਂ ਪਤਾ ਲੱਗਾ ਹੈ ਕਿ ਦਿੱਲੀ ਅਤੇ ਠਾਣੇ ਵਿੱਚ ਅਪਰਾਧਿਕ ਗਤੀਵਿਧੀਆਂ ਦੇ ਇਤਿਹਾਸ ਵਾਲਾ ਨਈਮ ਗ੍ਰਿਫ਼ਤਾਰੀ ਤੋਂ ਬਚਣ ਲਈ ਲਗਾਤਾਰ ਆਪਣਾ ਨਾਮ ਅਤੇ ਸਥਾਨ ਬਦਲ ਰਿਹਾ ਸੀ। ਇਸ ਘਿਨਾਉਣੇ ਅਪਰਾਧ ਦਾ ਕਾਰਨ ਪੈਸੇ ਅਤੇ ਜਾਇਦਾਦ ਦਾ ਵਿਵਾਦ ਸੀ।”
ਮੇਰਠ ਦੇ ਜ਼ਿਲ੍ਹਾ ਪੁਲੀਸ ਮੁਖੀ ਵਿਪਿਨ ਟਾਡਾ ਨੇ ਕਿਹਾ, “ਨਈਮ ਸ਼ਨਿੱਚਰਵਾਰ ਸਵੇਰੇ ਮਦੀਨਾ ਕਲੋਨੀ ਵਿੱਚ ਸਥਿਤ ਸੀ ਜਿੱਥੇ ਇੱਕ ਪੁਲੀਸ ਟੀਮ ਨੇ ਖੁਫੀਆ ਰਿਪੋਰਟਾਂ ਦੇ ਆਧਾਰ ‘ਤੇ ਇਲਾਕੇ ਨੂੰ ਘੇਰ ਲਿਆ। ਕਾਰਵਾਈ ਦੌਰਾਨ, ਨਈਮ ਨੇ ਪੁਲੀਸ ‘ਤੇ ਗੋਲੀਬਾਰੀ ਕੀਤੀ। ਗੋਲੀਬਾਰੀ ਦੇ ਬਾਅਦ ਹੋਏ ਮੁਕਾਬਲੇ ਵਿੱਚ, ਨਈਮ ਜ਼ਖਮੀ ਹੋ ਗਿਆ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਡਾਕਟਰਾਂ ਨੇ ਬਾਅਦ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ।”
ਟਾਡਾ ਨੇ ਕਿਹਾ ਕਿ ਨਈਮ ਦਿੱਲੀ ਅਤੇ ਮਹਾਰਾਸ਼ਟਰ ਵਿੱਚ ਵੀ ਲੋੜੀਂਦਾ ਸੀ – ਜਿੱਥੇ ਉਹ ਕਤਲ ਦੇ ਮਾਮਲਿਆਂ ਵਿੱਚ ਫਸਿਆ ਹੋਇਆ ਹੈ। ਮੇਰਠ ਪੁਲੀਸ ਨੇ ਉਸਨੂੰ ਫੜਨ ਲਈ ਪੰਜ ਟੀਮਾਂ ਬਣਾਈਆਂ ਸਨ ਜਦੋਂ ਉਸਨੇ ਆਪਣੇ ਮਤਰੇਏ ਭਰਾ ਮੋਇਨ ਉਰਫ ਮੋਇਨੂਦੀਨ (52), ਉਸਦੀ ਪਤਨੀ ਅਸਮਾ (45) ਅਤੇ ਉਨ੍ਹਾਂ ਦੀਆਂ ਧੀਆਂ ਅਫ਼ਸਾ (8), ਅਜ਼ੀਜ਼ਾ (4) ਅਤੇ ਅਦੀਬਾ (1) ਦੇ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ ਸੀ। -ਪੀਟੀਆਈ

The post UP Police encounter: ਮੇਰਠ ਵਿੱਚ ਪੰਜ ਕਤਲਾਂ ਦਾ ਮੁੱਖ ਮਸ਼ਕੂਕ ਪੁਲੀਸ ਮੁਕਾਬਲੇ ’ਚ ਹਲਾਕ appeared first on Punjabi Tribune.



Source link