ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 29 ਜਨਵਰੀ
ਮੌਨੀ ਮੱਸਿਆ ਦਾ ‘ਅੰਮ੍ਰਿਤ ਇਸ਼ਨਾਨ’ ਮਹਾਕੁੰਭ ਦੀ ਸਭ ਤੋਂ ਮਹੱਤਵਪੂਰਨ ਰਸਮ ਹੈ ਅਤੇ ਜਿਥੇ ਬੁੱਧਵਾਰ ਨੂੰ ਲਗਭਗ 10 ਕਰੋੜ ਸ਼ਰਧਾਲੂਆਂ ਦੇ ਇਸ਼ਨਾਨ ਲਈ ਆਉਣ ਦੀ ਉਮੀਦ ਸੀ। ਇਸ ਦਾ ਮੁੱਖ ਕਾਰਨ 144 ਸਾਲਾਂ ਬਾਅਦ ‘ਤ੍ਰਿਵੇਣੀ ਯੋਗ’ ਹੋਣਾ ਵੀ ਮੰਨਿਆ ਜਾ ਰਹਾ ਹੈ, ਇਸ ਯੋਗ ਕਾਰਨ ਇਸ਼ਨਾਨ ਦੀ ਅਧਿਆਤਮਿਕ ਮਹੱਤਤਾ ਹੋਰ ਵਧ ਗਈ ਸੀ।
ਪਰ ਇਸ਼ਨਾਨ ਤੋਂ ਪਹਿਲਾਂ ਬੁੱਧਵਾਰ ਤੜਕਸਾਰ ਮਹਾਕੁੰਭ ਲਈ ਨਦੀ ਦੇ ਕਿਨਾਰਿਆਂ ਦੀ 12 ਕਿਲੋਮੀਟਰ ਲੰਬੀ ਲਾਈਨ ਦੇ ਨਾਲ ਬਣਾਏ ਗਏ ਸੰਗਮ ਅਤੇ ਹੋਰ ਸਾਰੇ ਘਾਟਾਂ ’ਤੇ ਭਾਰੀ ਭੀੜ ਵਿਚਕਾਰ ਭਗਦੜ ਦਾ ਮਾਹੌਲ ਬਣ ਗਿਆ। ਜਿਸ ਕਾਰਨ ਉਥੇ ਕਈ ਸ਼ਰਧਾਲੂਆਂ ਦੇ ਮਾਰੇ ਜਾਣ ਅਤੇ ਜ਼ਖਮੀ ਹੋਣ ਦਾ ਖਦਸ਼ਾ ਹੈ।
ਸਾਹਮਣੇ ਆਈ ਇਕ ਡਰੋਨ ਵੀਡੀਓ ਅਨੁਸਾਰ ਲੱਖਾਂ ਸ਼ਰਧਾਲੂ ਕੁੰਭ ਮੇਲੇ ਦੇ ਸਭ ਤੋਂ ਮੁੱਖ ਦਿਨ ਮੌਕੇ ਨਦੀ ਵਿੱਚ ਪਵਿੱਤਰ ਡੁਬਕੀ ਲਈ ਪ੍ਰਯਾਗਰਾਜ ਵਿੱਚ ਮੇਲੇ ਵਿੱਚ ਸਵੇਰ ਤੋਂ ਪਹਿਲਾਂ ਦੇ ਹਨੇਰੇ ਵਿੱਚ ਦੌਰਾਨ ਪਹੁੰਚੇ ਹੋਏ ਹਨ। ਇਸ਼ਨਾਨ ਕਰਨ ਜਾ ਰਹੀ ਭਾਰੀ ਭੀੜ ਨੇ ਸੰਗਮ ‘ਤੇ ਰੋਕਾਂ ਨੂੰ ਤੋੜ ਦਿੱਤਾ ਜਿਸ ਨਾਲ ਭਾਗਦੜ ਵਰਗੀ ਸਥਿਤੀ ਪੈਦਾ ਹੋ ਗਈ ਅਤੇ ਚਾਰੇ ਪਾਸਿਓਂ ਧੱਕੇ ਪੈਣ ਲੱਗੇ।
ਕਰਨਾਟਕ ਵਾਸੀ ਸਰੋਜਨੀ ਨੇ ਕਿਹਾ, “ਅਸੀਂ ਦੋ ਬੱਸਾਂ ਵਿੱਚ 60 ਲੋਕਾਂ ਦੇ ਜੱਥੇ ਵਿੱਚ ਆਏ, ਅਸੀਂ 9 ਜਣੇ ਸੀ। ਅਚਾਨਕ ਭੀੜ ਵਿੱਚ ਧੱਕਾ ਆਇਆ, ਅਤੇ ਅਸੀਂ ਫਸ ਗਏ। ਸਾਡੇ ਵਿੱਚੋਂ ਬਹੁਤ ਸਾਰੇ ਹੇਠਾਂ ਡਿੱਗ ਗਏ ਅਤੇ ਭੀੜ ਬੇਕਾਬੂ ਹੋ ਗਈ।” ਉਸ ਨੇ ਪੀਟੀਆਈ ਨੂੰ ਦੱਸਿਆ ਕਿ ਬਚਣ ਦਾ ਕੋਈ ਮੌਕਾ ਨਹੀਂ ਸੀ, ਹਰ ਪਾਸਿਓਂ ਧੱਕਾ ਆ ਰਿਹਾ ਸੀ।
ਮੱਧ ਪ੍ਰਦੇਸ਼ ਦੇ ਛੱਤਰਪੁਰ ਦੇ ਇੱਕ ਵਿਅਕਤੀ ਨੇ ਕਿਹਾ ਕਿ ਭਗਦੜ ਵਿਚ ਉਸਦੀ ਮਾਂ ਜ਼ਖਮੀ ਹੋ ਗਈ ਅਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਸ ਦੌਰਾਨ ਆਮ ਸ਼ਰਧਾਲੂਆਂ ਨੇ ਘਟਨਾ ਤੋਂ ਬਾਅਦ ਆਪਣਾ ਪਵਿੱਤਰ ਇਸ਼ਨਾਨ ਜਾਰੀ ਰੱਖਿਆ। -ਏਜੰਸੀਆਂ
The post STAMPEDE Maha Kumbh: ਸ਼ਰਧਾਲੂਆਂ ਦਾ ਹੜ੍ਹ ਆਉਣ ਕਾਰਨ ਵਾਪਰੀ ਭਗਦੜ ਦੀ ਘਟਨਾ appeared first on Punjabi Tribune.