ਟ੍ਰਿਬਿਊਨ ਨਿਉਜ਼ ਸਰਵਿਸ
ਲੁਧਿਆਣਾ, 07 ਫਰਵਰੀ
ਜੁਡੀਸ਼ੀਅਲ ਮੈਜਿਸਟਰੇਟ ਰਮਨਪ੍ਰੀਤ ਕੌਰ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਇਹ ਵਾਰੰਟ ਸੂਦ ਦੇ ਇੱਕ ਅਪਰਾਧਿਕ ਮਾਮਲੇ ਵਿੱਚ ਗਵਾਹ ਵਜੋਂ ਕਈ ਵਾਰ ਸੰਮਨ ਕੀਤੇ ਜਾਣ ਦੇ ਬਾਵਜੂਦ ਅਦਾਲਤ ਵਿੱਚ ਪੇਸ਼ ਨਾ ਹੋਣ ਤੋਂ ਬਾਅਦ ਜਾਰੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਕੇਸ ਵਿੱਚ ਲੁਧਿਆਣਾ ਦੇ ਵਕੀਲ ਰਾਜੇਸ਼ ਖੰਨਾ ਨੇ ਮੋਹਿਤ ਸ਼ੁਕਲਾ ਦੇ ਖ਼ਿਲਾਫ਼ ਇੱਕ ਜਾਅਲੀ ਮਨੀ ਲਾਂਡਰਿੰਗ ਸਕੀਮ ਵਿੱਚ ਨਿਵੇਸ਼ ਕਰਨ ਦਾ ਲਾਲਚ ਦੇ ਕੇ 10 ਲੱਖ ਰੁਪਏ ਦੀ ਠੱਗੀ ਮਾਰਨ ਅਤੇ ਹੋਰ ਗੰਭੀਰ ਦੋਸ਼ਾਂ ਲਈ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਦੇ ਹਿੱਸੇ ਵਜੋਂ ਖੰਨਾ ਨੇ ਸੂਦ ਨੂੰ ਗਵਾਹ ਵਜੋਂ ਗਵਾਹੀ ਦੇਣ ਲਈ ਤਲਬ ਕੀਤਾ। ਹਾਲਾਂਕਿ, ਕਈ ਅਦਾਲਤੀ ਸੰਮਨਾਂ ਦੇ ਬਾਵਜੂਦ ਅਦਾਕਾਰ ਆਪਣੀ ਗਵਾਹੀ ਦਰਜ ਕਰਨ ਲਈ ਪੇਸ਼ ਨਹੀਂ ਹੋਇਆ।
ਹੁਣ ਅਦਾਲਤ ਨੇ ਸੂਦ ਦੇ ਪੇਸ਼ ਨਾ ਹੋਣ ਕਾਰਨ ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਵਾਰੰਟ ਨੂੰ ਓਸ਼ੀਵਾਰਾ ਪੁਲਿਸ ਸਟੇਸ਼ਨ ਅੰਧੇਰੀ ਵੈਸਟ ਮੁੰਬਈ ਨੂੰ ਭੇਜਿਆ ਗਿਆ ਹੈ, ਜਿਸ ਵਿੱਚ ਅਦਾਕਾਰ ਨੂੰ ਫੜ੍ਹ ਕੇ ਅਦਾਲਤ ਵਿੱਚ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਸਬੰਧੀ ਅਗਲੀ ਸੁਣਵਾਈ 10 ਫਰਵਰੀ ਨੂੰ ਹੋਣੀ ਹੈ।
The post Sonu Sood: ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ appeared first on Punjabi Tribune.