Video – Delhi Elections Results: ਹੁਣ ਪੰਜਾਬ ਦੀ ਵਾਰੀ, ਭਗਵੰਤ ਮਾਨ ਆਪਣਾ ‘ਸਾਮਾਨ ਬੰਨ੍ਹ ਲੈਣ’: ਰਵਨੀਤ ਬਿੱਟੂ

Video – Delhi Elections Results: ਹੁਣ ਪੰਜਾਬ ਦੀ ਵਾਰੀ, ਭਗਵੰਤ ਮਾਨ ਆਪਣਾ ‘ਸਾਮਾਨ ਬੰਨ੍ਹ ਲੈਣ’: ਰਵਨੀਤ ਬਿੱਟੂ


ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਸੇਧਿਆ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ‘ਤੇ ਨਿਸ਼ਾਨਾ; ਕਿਹਾ: ‘ਪ੍ਰਧਾਨ ਮੰਤਰੀ ਮੋਦੀ ਨੂੰ ਹੁਣ ਪੰਜਾਬ ਨੂੰ ਵੀ ‘ਆਪ-ਦਾ’ (ਆਫ਼ਤ) ਮੁਕਤ ਬਣਾਉਣਾ ਪਵੇਗਾ’
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 8 ਫਰਵਰੀ
ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਨੂੰ ਝਟਕਾ ਦੇ ਕੇ ਸੱਤਾ ਵਿੱਚ ਵਾਪਸੀ ਕੀਤੇ ਜਾਣ ’ਤੇ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸੇਧਦੇ ਹੋਏ ਦਾਅਵਾ ਕੀਤਾ ਕਿ ‘ਹੁਣ ਬਿਸਤਰਾ ਬੰਨ੍ਹਣ ਦੀ ਉਨ੍ਹਾਂ ਦੀ ਵਾਰੀ’ ਹੈ।
ਮੀਡੀਆ ਨਾਲ ਗੱਲ ਕਰਦਿਆਂ ਬਿੱਟੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਆਤਿਸ਼ੀ ਦੀ ਮੁੱਖ ਮੰਤਰੀ ਰਿਹਾਇਸ਼ ‘ਸ਼ੀਸ਼ ਮਹਿਲ’ ਨੂੰ ਹੁਣ ਲੋਕਾਂ ਨੇ ਖਾਲੀ ਕਰ ਦਿੱਤਾ ਹੈ।

ਉਨ੍ਹਾਂ ਕਿਹਾ, “ਹੁਣ ਭਗਵੰਤ ਮਾਨ ਨੂੰ ਹੁਣ ਆਪਣਾ ਸਾਮਾਨ ਬੰਨ੍ਹਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ… ਅੱਜ ਪੂਰਾ ਦੇਸ਼ ਦਿੱਲੀ ਦੇ ਭਾਜਪਾ ਵਰਕਰਾਂ ਦੀ ਜਿੱਤ ਦਾ ਜਸ਼ਨ ਮਨਾ ਰਿਹਾ ਹੈ… ਜਦੋਂ ਪੰਜਾਬ ਵਿੱਚ ਭਾਜਪਾ ਸੱਤਾ ਵਿੱਚ ਆਵੇਗੀ, ਤਾਂ ਕਿਸੇ ਨੂੰ ਵੀ ਵਿਦੇਸ਼ ਜਾਣ ਲਈ ਆਪਣਾ ਘਰ, ਜਾਇਦਾਦ ਜਾਂ ਜ਼ਮੀਨ ਵੇਚਣ ਦੀ ਲੋੜ ਨਹੀਂ ਪਵੇਗੀ। ਇੱਥੇ ਸਾਰਿਆਂ ਨੂੰ ਕੰਮ ਮਿਲੇਗਾ। ਇਹ ਨਰਿੰਦਰ ਮੋਦੀ ਦਾ ਵਿਜ਼ਨ ਹੈ।”
ਇਸ ਦੌਰਾਨ, ਪੰਜਾਬ ਭਾਜਪਾ ਦੇ ਮੁਖੀ ਸੁਨੀਲ ਜਾਖੜ ਨੇ ਵੀ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ‘ਤੇ ਨਿਸ਼ਾਨਾ ਸੇਧਦੇ ਹੋਏ ਕਿਹਾ, “ਪ੍ਰਧਾਨ ਮੰਤਰੀ ਮੋਦੀ ਨੂੰ ਹੁਣ ਪੰਜਾਬ ਨੂੰ ਵੀ ‘ਆਪ-ਦਾ’ (ਆਫ਼ਤ) ਮੁਕਤ ਕਰਨਾ ਪਵੇਗਾ।” ਐਕਸ ਉਤੇ ਕੀਤੀ ਆਪਣੀ ਟਵੀਟ ਵਿਚ ਜਾਖੜ ਨੇ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ’ ਹੋਈ ਇਸ ਜਿੱਤ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅਤੇ ਭਾਜਪਾ ਵਰਕਰਾਂ ਨੂੰ ਮੁਬਾਰਕਬਾਦ ਦਿੱਤੀ ਹੈ।

ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦਿੱਲੀ ਨੂੰ ਆਫ਼ਤ ਮੁਕਤ ਬਣਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਸਾਰੇ ਭਾਜਪਾ ਵਰਕਰਾਂ ਨੂੰ ਵਧਾਈਆਂ। ਜਿਨ੍ਹਾਂ ਦੀ ਮਿਹਨਤ ਸਦਕਾ 27 ਸਾਲਾਂ ਬਾਅਦ ਦਿੱਲੀ ਵਿੱਚ ਕਮਲ ਖਿੜਿਆ ਹੈ।
ਉਨ੍ਹਾਂ ਹੋਰ ਕਿਹਾ, ‘‘ਹੁਣ ਪ੍ਰਧਾਨ ਮੰਤਰੀ ਨੂੰ ਪੰਜਾਬ ਨੂੰ ਵੀ ‘ਆਪ-ਦਾ’ ਮੁਕਤ ਬਣਾਉਣ ਦਾ ਕੰਮ ਸੰਭਾਲਣਾ ਪਵੇਗਾ। ਪੰਜਾਬੀ ਹੁਣ ਮੋਦੀ ਜੀ ਵੱਲ ਦੇਖ ਰਹੇ ਹਨ ਕਿ ਕਦੋਂ ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਵਿੱਚ ਫੈਲਿਆ ਸਹਿਮ ਦਾ ਮਾਹੌਲ ਖਤਮ ਹੋਵੇਗਾ ਅਤੇ ਲੋਕ ਅਮਨ ਨਾਲ ਰਹਿ ਸਕਣਗੇ।’’

The post Video – Delhi Elections Results: ਹੁਣ ਪੰਜਾਬ ਦੀ ਵਾਰੀ, ਭਗਵੰਤ ਮਾਨ ਆਪਣਾ ‘ਸਾਮਾਨ ਬੰਨ੍ਹ ਲੈਣ’: ਰਵਨੀਤ ਬਿੱਟੂ appeared first on Punjabi Tribune.





Source link