ਸਾਹਿਤ ਇੱਕ ਐਸੀ ਤਾਕਤਵਰ ਚੀਜ਼ ਹੈ ਜੋ ਪਰਵਾਸ ਕਰ ਗਏ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੀ ਹੈ: ਦੋਸਾਂਝ
ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਫਰਵਰੀ
Punjab News: ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵਿਚ ਸਕੂਲ ਆਫ਼ ਲੈਂਗੂਏਜ ਵਿਖੇ ਵਾਈਸ ਚਾਂਸਲਰ ਕੇਕੇ ਯਾਦਵ (ਆਈਏਐਸ) ਦੀ ਅਗਵਾਈ ਹੇਠ ‘ਭਾਰਤੀ ਪਰਵਾਸ ਅਤੇ ਯੂਰਪ ਵਿੱਚ ਸਾਹਿਤ’ ਵਿਸ਼ੇ ਉਤੇ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਉਦਘਾਟਨੀ ਭਾਸ਼ਣ ’ਚ ਰਜਿਸਟਰਾਰ ਪ੍ਰੋ. ਬਲਜੀਤ ਸਿੰਘ ਖਹਿਰਾ ਨੇ ਦਿੱਤਾ, ਜਦੋਂਕਿ ਸਮਾਗਮ ਵਿਚ ਐਨਆਰਆਈ ਪੱਤਰਕਾਰ ਪੱਤਰਕਾਰ ਪਰਮਜੀਤ ਸਿੰਘ ਦੋਸਾਂਝ ਅਤੇ ਉਘੇ ਲੇਖਕ ਹਰਬਿਲਾਸ ਦੋਸਾਂਝ ਵੀ ਖ਼ਾਸ ਤੌਰ ’ਤੇ ਸ਼ਾਮਲ ਹੋਏ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਰਜਿਸਟਰਾਰ ਪ੍ਰੋ. ਬਲਜੀਤ ਸਿੰਘ ਖਹਿਰਾ ਨੇ ਕਿਹਾ ਕਿ ਪਰਵਾਸੀ ਸਮਾਜ ਅੰਦਰ ਸਿਰਫ਼ ਆਰਥਿਕ ਤਰੱਕੀ ਹੀ ਨਹੀਂ, ਸਗੋਂ ਮਨੁੱਖੀ ਜੀਵਨ ਸ਼ੈਲੀ, ਸੰਸਕਾਰੀ ਮੁੱਲਾਂ ਅਤੇ ਆਤਮਿਕ ਵਿਕਾਸ ਲਈ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਪਹਿਲੇ ਸੈਸ਼ਨ ਵਿੱਚ ਮੁੱਖ ਬੁਲਾਰੇ ਪ੍ਰਸਿੱਧ ਪੱਤਰਕਾਰ ਪਰਮਜੀਤ ਸਿੰਘ ਦੋਸਾਂਝ ਨੇ ਆਪਣੇ ਭਾਸ਼ਣ ਦੌਰਾਨ ਕਾਨੂੰਨੀ ਪਰੇਸ਼ਾਨੀਆਂ, ਨੌਕਰੀਆਂ ਦੀ ਘਾਟ, ਸੱਭਿਆਚਾਰਕ ਅਨੁਕੂਲਤਾ ਅਤੇ ਭਾਸ਼ਾਈ ਅੜਚਣਾਂ ’ਤੇ ਆਧਾਰਿਤ ਪੰਜਾਬੀ ਪਰਵਾਸੀਆਂ ਨੂੰ ਵਿਦੇਸ਼ਾਂ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਚਰਚਾ ਕੀਤੀ।
ਉਘੇ ਲੇਖਕ ਹਰਬਿਲਾਸ ਦੋਸਾਂਝ ਨੇ ਦੱਸਿਆ ਕਿ ਸਾਹਿਤ ਇੱਕ ਐਸੀ ਤਾਕਤਵਰ ਚੀਜ਼ ਹੈ ਜੋ ਪਰਵਾਸ ਕਰ ਗਏ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੀ ਹੈ। ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ‘ਸਰਬੱਤ ਦੇ ਭਲੇ’ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਅਧਿਆਤਮਕਤਾ ਪਰਵਾਸੀਆਂ ਦੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਇਸ ਮੌਕੇ ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਕੰਵਲਵੀਰ ਸਿੰਘ ਢੀਂਡਸਾ ਨੇ ਪ੍ਰਧਾਨਗੀ ਭਾਸ਼ਣ ਦਿੱਤਾ। ਆਰਗਨਾਈਜ਼ਿੰਗ ਚੇਅਰਪਰਸਨ ਡਾ. ਵਿਨੋਦ ਕੁਮਾਰ ਨੇ ਰੂਪ-ਰੇਖਾ ਦੱਸੀ ਅਤੇ ਡਾ. ਪਰਮਪ੍ਰੀਤ ਕੌਰ ਨੇ ਸਵਾਗਤੀ ਸ਼ਬਦ ਕਹੇ ਜਦਕਿ ਡਾ. ਕਰਨ ਸੁਖੀਜਾ ਨੇ ਯੂਨੀਵਰਸਿਟੀ ਵਿੱਚ ਚੱਲ ਰਹੇ ਵੱਖ-ਵੱਖ ਹੁਨਰ ਅਤੇ ਮੁੱਲ ਅਧਾਰਿਤ ਪ੍ਰੋਗਰਾਮਾਂ ਬਾਰੇ ਜਾਣੂ ਕਰਵਾਇਆ।
ਡਾ. ਅਮਰਜੀਤ ਸਿੰਘ ਤੇ ਡਾ. ਧਰਮਿੰਦਰ ਸਿੰਘ ਨੇ ਕੋਆਰਡੀਨੇਟਰਾਂ ਦੀ ਜ਼ਿੰਮੇਵਾਰੀ ਨਿਭਾਈ। ਡਾ. ਬਲਪ੍ਰੀਤ ਸਿੰਘ ਤੇ ਸਰਵਰਿੰਦਰ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ। ਡਾ. ਸੁਖਦੇਵ ਸਿੰਘ ਤੇ ਗੁਰਸੰਦੇਸ਼ ਸਿੰਘ ਨੇ ਸੰਚਾਲਨ ਅਤੇ ਡਾ. ਸ਼ੈਫਾਲੀ ਬੇਦੀ ਨੇ ਧੰਨਵਾਦ ਕੀਤਾ। ਸੈਮੀਨਾਰ ਵਿੱਚ 200 ਤੋਂ ਵੱਧ ਵਿਦਿਆਰਥੀਆਂ, ਰਿਸਰਚ ਸਕਾਲਰਾਂ ਅਤੇ ਅਧਿਆਪਕਾਂ ਨੇ ਭਾਗ ਲਿਆ।
The post Punjab News: ਜਗਤ ਗੁਰੂ ਨਾਨਕ ਦੇਵ ’ਵਰਸਿਟੀ ਵਿੱਚ ‘ਭਾਰਤੀ ਪਰਵਾਸ ਅਤੇ ਯੂਰਪ ਵਿੱਚ ਸਾਹਿਤ’ ਵਿਸ਼ੇ ’ਤੇ ਕੌਮਾਂਤਰੀ ਸੈਮੀਨਾਰ appeared first on Punjabi Tribune.