ਅਮਰੀਕਾ ਤੋਂ ਡਿਪੋਰਟ ਕੀਤੇ ਚਾਰ ਨੌਜਵਾਨ ਫ਼ਿਰੋਜ਼ਪੁਰ ਪੁੱਜੇ

ਅਮਰੀਕਾ ਤੋਂ ਡਿਪੋਰਟ ਕੀਤੇ ਚਾਰ ਨੌਜਵਾਨ ਫ਼ਿਰੋਜ਼ਪੁਰ ਪੁੱਜੇ


ਸੰਜੀਵ ਹਾਂਡਾ
ਫ਼ਿਰੋਜ਼ਪੁਰ, 16 ਫਰਵਰੀ

ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ’ਚ ਸ਼ਾਮਲ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਚਾਰ ਨੌਜਵਾਨ ਆਪਣੇ ਘਰ ਪਹੁੰਚ ਗਏ ਹਨ। ਪਰਿਵਾਰ ਵਾਲਿਆਂ ਨੂੰ ਜਿਥੇ ਆਪਣੀ ਸਾਰੀ ਉਮਰ ਦੀ ਜਮ੍ਹਾਂ ਪੂੰਜੀ ਗੁਆਚ ਜਾਣ ਦਾ ਦੁੱਖ ਹੈ, ਉਥੇ ਹੀ ਆਪਣੇ ਬੱਚਿਆਂ ਦੇ ਸਹੀ ਸਲਾਮਤ ਘਰ ਵਾਪਸ ਆਉਣ ਦੀ ਖ਼ੁਸ਼ੀ ਵੀ ਹੈ।
ਜਾਣਕਾਰੀ ਮੁਤਾਬਕ ਇਥੋਂ ਦੇ ਸਰਹੱਦੀ ਪਿੰਡ ਚਾਂਦੀ ਵਾਲਾ ਦਾ ਸੌਰਵ ਇੱਕ ਏਜੰਟ ਰਾਹੀਂ 45 ਲੱਖ ਰੁਪਏ ਖਰਚ ਕਰਕੇ ਡੌਂਕੀ ਲਾ ਕੇ 27 ਦਸੰਬਰ ਨੂੰ ਅਮਰੀਕਾ ਪਹੁੰਚਿਆ ਸੀ। ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਦਾ ਬਾਰਡਰ ਲੰਘਦਿਆਂ ਹੀ ਸੌਰਵ ਨੂੰ ਅਮਰੀਕੀ ਸੁੁਰੱਖਿਆ ਬਲਾਂ ਨੇ ਫੜ ਲਿਆ ਤੇ ਥਾਣੇ ਲੈ ਗਏ। ਬਾਅਦ ਵਿਚ ਉਸਨੂੰ ਕਈ ਦਿਨ ਤੱਕ ਇੱਕ ਕੈਂਪ ਵਿਚ ਰੱਖਿਆ ਗਿਆ ਤੇ ਹੁਣ ਡਿਪੋਰਟ ਕਰ ਦਿੱਤਾ ਗਿਆ। ਸੌਰਵ ਦੇ ਘਰ ਪਹੁੰਚਦਿਆਂ ਹੀ ਮਾਤਾ-ਪਿਤਾ ਉਸ ਦੇ ਗਲ ਲੱਗ ਕੇ ਰੋ ਪਏ। ਲੱਖਾਂ ਰੁਪਏ ਦਾ ਕਰਜ਼ਾਈ ਹੋ ਚੁੱਕਾ ਇਹ ਪਰਿਵਾਰ ਹੁਣ ਪੰਜਾਬ ਸਰਕਾਰ ਪਾਸੋਂ ਆਰਥਿਕ ਮਦਦ, ਸਰਕਾਰੀ ਨੌਕਰੀ ਅਤੇ ਏਜੰਟ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕਰ ਰਿਹਾ ਹੈ।

ਕਸਬਾ ਮਮਦੋਟ ’ਚ ਪੈਂਦੀ ਬਸਤੀ ਅਮਰੀਕ ਸਿੰਘ ਵਾਲੀ ਦੇ ਰਹਿਣ ਵਾਲੇ ਕਸ਼ਮੀਰ ਸਿੰਘ ਨੇ ਵੀ ਆਪਣੇ ਪੁੱਤਰ ਨਵਦੀਪ ਨੂੰ 40 ਲੱਖ ਰੁਪਏ ਖਰਚ ਕੇ ਜੂਨ 2024 ਵਿਚ ਅਮਰੀਕਾ ਭੇਜਿਆ ਸੀ। ਨਵਦੀਪ ਚਾਰ ਮਹੀਨੇ ਪਨਾਮਾ ਦੇ ਜੰਗਲਾਂ ਵਿਚ ਭਟਕਦਾ ਰਿਹਾ। ਅਖ਼ੀਰ ਅਮਰੀਕਾ ਪਹੁੰਚਣ ਤੇ ਅਮਰੀਕੀ ਫੌਜ ਨੇ ਉਸ ਨੂੰ ਕਾਬੂ ਕਰ ਲਿਆ ਤੇ 45 ਦਿਨ ਤੱਕ ਪਨਾਮਾ ਦੇ ਇੱਕ ਕੈਂਪ ਵਿਚ ਰੱਖਿਆ। 22 ਨਵੰਬਰ 2024 ਨੂੰ ਨਵਦੀਪ ਨੂੰ ਪਹਿਲੀ ਵਾਰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ। ਪਰਿਵਾਰ ਨੇ ਜਦੋਂ ਏਜੰਟ ਤੇ ਪੈਸੇ ਮੋੜਨ ਦਾ ਦਬਾਅ ਬਣਾਇਆ ਤਾਂ ਉਹ ਨਵਦੀਪ ਨੂੰ ਦੁਬਾਰਾ ਅਮਰੀਕਾ ਭੇਜਣ ਲਈ ਰਾਜ਼ੀ ਹੋ ਗਿਆ। ਏਜੰਟ ਨੇ ਕਿਸੇ ਹੋਰ ਰੂਟ ਰਾਹੀਂ ਉਸ ਨੂੰ ਮੈਕਸਿਕੋ ਪਹੁੰਚਾ ਦਿੱਤਾ। ਇਸੇ ਸਾਲ 27 ਜਨਵਰੀ ਨੂੰ ਨਵਦੀਪ ਅਮਰੀਕਾ ਦਾ ਬਾਰਡਰ ਪਾਰ ਕਰਨ ਲੱਗਾ ਤਾਂ ਮੁੜ ਅਮਰੀਕੀ ਫੌਜ ਦੇ ਕਾਬੂ ਆ ਗਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਆਪਣੇ ਪੁੱਤ ਨੂੰ ਅਮਰੀਕਾ ਭੇਜਿਆ ਸੀ। ਪਰਿਵਾਰ ਨੇ ਸੋਚਿਆ ਸੀ ਕਿ ਜਦੋਂ ਨਵਦੀਪ ਉਥੇ ਸੈਟਲ ਹੋ ਜਾਵੇਗਾ ਤਾਂ ਜ਼ਮੀਨ ਜਾਇਦਾਦ ਫ਼ਿਰ ਖਰੀਦ ਲਵਾਂਗੇ। ਇਹ ਸੋਚ ਲੈ ਕੇ ਪਰਿਵਾਰ ਨੇ ਕੁਝ ਕਰਜ਼ਾ ਵੀ ਸਿਰ ਤੇ ਚੜ੍ਹਾ ਲਿਆ ਹੈ। ਪਰਿਵਾਰ ਨੂੰ ਆਪਣੇ ਕੀਤੇ ’ਤੇ ਹੁਣ ਪਛਤਾਵਾ ਤੇ ਉਹ ਸਰਕਾਰ ਪਾਸੋਂ ਮਦਦ ਮੰਗ ਰਿਹਾ ਹੈ।

ਸਰਹੱਦੀ ਪਿੰਡ ਕਾਮਲ ਵਾਲਾ ਦੇ ਵਸਨੀਕ ਸੇਵਕ ਸਿੰਘ ਅਤੇ ਸ਼ਹਿਰ ਦੇ ਦਸਹਿਰਾ ਗਰਾਊਂਡ ਨੇੇੜੇ ਰਹਿੰਦੇ ਸੰਜੀਵ ਦੇ ਘਰ ਵੀ ਸੋਗ ਦਾ ਮਾਹੌਲ ਹੈ। ਸੇਵਕ ਅਤੇ ਸੰਜੀਵ ਵੀ ਹੋਰਨਾਂ ਵਾਂਗ ਲੱਖਾਂ ਰੁਪਏ ਖਰਚ ਕਰਕੇ ਬਹੁਤ ਵੱਡੇ ਸੁਪਨੇ ਲੈ ਕੇ ਅਮਰੀਕਾ ਰਵਾਨਾ ਹੋਏ ਸਨ। ਦੋਵਾਂ ਦੇ ਪਰਿਵਾਰਾਂ ਨੂੰ ਪੂਰੀ ਉਮੀਦ ਸੀ ਕਿ ਉਨ੍ਹਾਂ ਦੇ ਪੁੱਤਰ ਪਰਿਵਾਰ ਸਿਰ ਚੜ੍ਹਿਆ ਕਰਜ਼ਾ ਲਾਹ ਦੇਣਗੇ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸੰਜੀਵ ਦਾ ਪਰਿਵਾਰ ਇਸ ਵੇਲੇ ਏਨਾ ਸਦਮਾ ਵਿੱਚ ਹੈ ਕਿ ਉਹ ਮੀਡੀਆ ਨਾਲ ਗੱਲਬਾਤ ਵੀ ਨਹੀਂ ਕਰ ਰਿਹਾ ਜਦਕਿ ਸੇਵਕ ਦੇ ਪਰਿਵਾਰ ਨੇ ਏਜੰਟ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਸਰਕਾਰ ਪਾਸੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।

The post ਅਮਰੀਕਾ ਤੋਂ ਡਿਪੋਰਟ ਕੀਤੇ ਚਾਰ ਨੌਜਵਾਨ ਫ਼ਿਰੋਜ਼ਪੁਰ ਪੁੱਜੇ appeared first on Punjabi Tribune.



Source link