116 ਗ਼ੈਰਕਾਨੂੰਨੀ ਪਰਵਾਸੀ ਭਾਰਤੀ ਵਤਨ ਪਰਤੇ

116 ਗ਼ੈਰਕਾਨੂੰਨੀ ਪਰਵਾਸੀ ਭਾਰਤੀ ਵਤਨ ਪਰਤੇ


ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਫਰਵਰੀ
ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ 116 ਪਰਵਾਸੀ ਭਾਰਤੀਆਂ ਦੇ ਦੂਜੇ ਬੈਚ ਨੂੰ ਲੈ ਕੇ ਅਮਰੀਕਾ ਦਾ ਫੌਜੀ ਮਾਲਵਾਹਕ ਜਹਾਜ਼ ਸੀ-17 ਅੱਜ ਦੇਰ ਰਾਤ 11:30 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜਾ ਹੈ। ਇਨ੍ਹਾਂ ਵਿਚ 65 ਪੰਜਾਬੀ ਦੱਸੇ ਜਾਂਦੇ ਹਨ। ਦੂਜੇ ਬੈਚ ਵਿਚ ਪਹਿਲਾਂ 119 ਭਾਰਤੀਆਂ ਨੂੰ ਵਤਨ ਵਾਪਸ ਭੇਜਣ ਦਾ ਦਾਅਵਾ ਕੀਤਾ ਗਿਆ ਸੀ। 157 ਭਾਰਤੀਆਂ ਦਾ ਤੀਜਾ ਬੈਚ ਐਤਵਾਰ ਨੂੰ ਪੁੱਜੇਗਾ। ਖ਼ਬਰ ਲਿਖੇ ਜਾਣ ਤੱਕ ਵਤਨ ਪਰਤੇ ਭਾਰਤੀ ਨਾਗਰਿਕ ਹਵਾਈ ਅੱਡੇ ਤੋਂ ਬਾਹਰ ਨਹੀਂ ਆਏ ਸਨ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਿਪੋਰਟ ਕੀਤੇ ਭਾਰਤੀਆਂ ਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਲਈ ਹਵਾਈ ਅੱਡੇ ਦੇ ਬਾਹਰ ਲੰਗਰ ਦਾ ਪ੍ਰਬੰਧ ਕੀਤਾ ਹੈ।
ਅਮਰੀਕੀ ਸੀ-17 ਫੌਜੀ ਜਹਾਜ਼ ਇਥੇ ਡੇਢ ਘੰਟੇ ਦੀ ਦੇਰੀ ਨਾਲ ਪੁੱਜਾ। ਡਿਪੋਰਟੀਜ਼ ਵਿਚੋਂ 65 ਪੰਜਾਬ, 33 ਹਰਿਆਣਾ, 8 ਗੁਜਰਾਤ, ਯੂਪੀ, ਗੋਆ, ਮਹਾਰਾਸ਼ਟਰ ਤੇ ਰਾਜਸਥਾਨ ਦੇ ਦੋ-ਦੋ ਜਦੋਂਕਿ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦਾ ਇਕ ਇਕ ਵਿਅਕਤੀ ਸ਼ਾਮਲ ਹੈ। ਸੂਤਰਾਂ ਮੁਤਾਬਕ ਡਿਪੋਰਟ ਕੀਤੇ ਭਾਰਤੀ ਨਾਗਰਿਕਾਂ ਵਿਚੋਂ ਬਹੁਤੇ 18 ਤੋਂ 30 ਸਾਲ ਦੀ ਉਮਰ ਦੇ ਹਨ। ਇਨ੍ਹਾਂ ਭਾਰਤੀ ਨਾਗਰਿਕਾਂ ਦੇ ਪਰਿਵਾਰਕ ਮੈਂਬਰ ਪਹਿਲਾਂ ਹੀ ਹਵਾਈ ਅੱਡੇ ਦੇ ਬਾਹਰ ਮੌਜੂਦ ਸਨ। ਇਨ੍ਹਾਂ ਵਿੱਚੋਂ ਪੰਜਾਬ ਅਤੇ ਹਰਿਆਣਾ ਦੇ ਨਾਗਰਿਕਾਂ ਨੂੰ ਸੜਕ ਮਾਰਗ ਰਾਹੀਂ ਉਨ੍ਹਾਂ ਦੇ ਘਰ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ ਜਦੋਂ ਕਿ ਬਾਕੀ ਭਾਰਤੀ ਨਾਗਰਿਕਾਂ ਨੂੰ ਸਵੇਰੇ ਇਸੇ ਹਵਾਈ ਅੱਡੇ ਤੋਂ ਇੱਕ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਭੇਜਿਆ ਜਾਵੇਗਾ, ਜਿੱਥੋਂ ਅੱਗੇ ਵੱਖ ਵੱਖ ਸੂਬਿਆਂ ਲਈ ਰਵਾਨਾ ਹੋਣਗੇ। ਇਸ ਤੋਂ ਪਹਿਲਾਂ ਪੰਜ ਫਰਵਰੀ ਨੂੰ ਪਹਿਲੇ ਬੈਚ ਵਿੱਚ ਟਰੰਪ ਸਰਕਾਰ ਵੱਲੋਂ ਅਮਰੀਕੀ ਫ਼ੌਜੀ ਮਾਲਵਾਹਕ ਜਹਾਜ਼ ਵਿੱਚ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ, ਜਿਨ੍ਹਾਂ ਵਿੱਚ 30 ਪੰਜਾਬੀ ਅਤੇ 33 -33 ਹਰਿਆਣਾ ਤੇ ਗੁਜਰਾਤ ਨਾਲ ਸਬੰਧਤ ਸਨ। ਜਾਣਕਾਰੀ ਮੁਤਾਬਕ ਅਮਰੀਕਾ ਦਾ ਇੱਕ ਹੋਰ ਜਹਾਜ਼ 16 ਫਰਵਰੀ ਨੂੰ ਵੀ ਡਿਪੋਰਟ ਕੀਤੇ ਗਏ ਲਗਪਗ 157 ਭਾਰਤੀ ਨਾਗਰਿਕਾਂ ਨੂੰ ਲੈ ਕੇ ਇਸੇ ਹਵਾਈ ਅੱਡੇ ’ਤੇ ਉਤਰੇਗਾ। ਇਸ ਵਾਰ ਅਮਰੀਕਾ ਦੇ ਜਹਾਜ਼ ਨੂੰ ਇੱਥੇ ਮੁੱਖ ਟਰਮੀਨਲ ’ਤੇ ਖੜਾ ਕੀਤਾ ਗਿਆ ਹੈ ਅਤੇ ਇੱਥੋਂ ਹੀ ਸਮੂਹ ਭਾਰਤੀ ਨਾਗਰਿਕ ਹੇਠਾਂ ਉਤਰੇ ਹਨ ,ਜਿੱਥੇ ਉਨ੍ਹਾਂ ਦੀ ਇਮੀਗ੍ਰੇਸ਼ਨ ਅਤੇ ਹੋਰ ਦਸਤਾਵੇਜ਼ੀ ਜਾਂਚ ਕੀਤੀ ਗਈ। ਜਦੋਂ ਕਿ ਪਿਛਲੀ ਵਾਰ ਪੰਜ ਫਰਵਰੀ ਨੂੰ ਅਮਰੀਕੀ ਜਹਾਜ਼ ਨੂੰ ਕਾਰਗੋ ਖੇਤਰ ਵਾਲੇ ਪਾਸੇ ਖੜਾ ਕੀਤਾ ਗਿਆ ਸੀ।

ਅੰਮ੍ਰਿਤਸਰ ਨੂੰ ‘ਡਿਪੋਰਟ’ ਅੱਡਾ ਨਾ ਬਣਾਇਆ ਜਾਵੇ: ਭਗਵੰਤ ਮਾਨ

ਅੰਮ੍ਰਿਤਸਰ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁੜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਪਰਵਾਸੀ ਭਾਰਤੀਆਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਦੀ ਥਾਂ ’ਤੇ ਦੇਸ਼ ਦੇ ਕਿਸੇ ਹੋਰ ਹਵਾਈ ਅੱਡੇ ’ਤੇ ਉਤਾਰਿਆ ਜਾਵੇ। ਉਨ੍ਹਾਂ ਸਪੱਸ਼ਟ ਕਿਹਾ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ‘ਡਿਪੋਰਟ’ ਅੱਡਾ ਨਾ ਬਣਾਇਆ ਜਾਵੇ। ਉਨ੍ਹਾਂ ਭਾਜਪਾ ਆਗੂ ਆਰਪੀ ਸਿੰਘ ਦੀ ਇਸ ਦਲੀਲ ਨੂੰ ਰੱਦ ਕੀਤਾ ਕਿ ਅੰਮ੍ਰਿਤਸਰ ਦਾ ਹਵਾਈ ਅੱਡਾ ਨੇੜੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇ ਇਹ ਹਵਾਈ ਅੱਡਾ ਨੇੜੇ ਪੈਂਦਾ ਹੈ ਤਾਂ ਫਿਰ ਇੱਥੋਂ ਅਮਰੀਕਾ ਅਤੇ ਕੈਨੇਡਾ ਨੂੰ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਨ ਵਿੱਚ ਕੀ ਸਮੱਸਿਆ ਹੈ। ਉਨ੍ਹਾਂ ਕਿਹਾ, ‘‘ਅੰਮ੍ਰਿਤਸਰ ਸ਼ਹਿਰ ਇੱਕ ਰੂਹਾਨੀ ਕੇਂਦਰ ਹੈ ਅਤੇ ਇਸ ਨੂੰ ਅਧਿਆਤਮਕ ਕੇਂਦਰ ਹੀ ਰਹਿਣ ਦਿੱਤਾ ਜਾਵੇ। ਜੇ ਅਮਰੀਕਾ, ਵੈਟੀਕਨ ਸਿਟੀ ਦਾ ਕੋਈ ਨਾਗਰਿਕ ਡਿਪੋਰਟ ਕਰੇਗਾ ਤਾਂ ਕੀ ਉਸ ਨੂੰ ਉੱਥੋਂ ਦੇ ਹਵਾਈ ਅੱਡੇ ’ਤੇ ਉਤਾਰਨ ਦੀ ਆਗਿਆ ਦਿੱਤੀ ਜਾਵੇਗੀ। ਅੰਮ੍ਰਿਤਸਰ ਅਧਿਆਤਮਕ ਕੇਂਦਰ ਹੈ, ਵਪਾਰਕ ਕੇਂਦਰ ਹੈ ਅਤੇ ਇਸ ਨੂੰ ਡਿਪੋਰਟ ਅੱਡਾ ਨਾ ਬਣਾਇਆ ਜਾਵੇ।’’ ਮੁੱਖ ਮੰਤਰੀ ਨੇ ਕਿਹਾ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪਰਵਾਸੀਆਂ ਨੂੰ ਘਰ-ਘਰ ਪਹੁੰਚਾਉਣ ਵਾਸਤੇ ਵਾਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਮਨੁੱਖੀ ਤਸਕਰੀ ਰੋਕਣ ਵਿੱਚ ਸਰਕਾਰ ਨਾਕਾਮ: ਬਾਜਵਾ

ਚੰਡੀਗੜ੍ਹ (ਟਨਸ): ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਪਿਛਲੇ ਤਿੰਨ ਸਾਲਾਂ ਵਿੱਚ ਮਨੁੱਖੀ ਤਸਕਰੀ ਰੋਕਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡੀ ਗਿਣਤੀ ’ਚ ਗੈਰਕਾਨੂੰਨੀ ਟਰੈਵਲ ਏਜੰਟਾਂ ਵੱਲੋਂ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਲਾਲਚ ਦੇ ਕੇ ਮਨੁੱਖੀ ਤਸਕਰੀ ਕਰਵਾਈ ਜਾ ਰਹੀ ਹੈ, ਪਰ ਸਰਕਾਰ ਅਜਿਹੇ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਵੀ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਚੋਣਾਂ ਸਮੇਂ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਪਰ ਅੱਜ ‘ਆਪ’ ਉਨ੍ਹਾਂ ਵਾਅਦਿਆਂ ’ਤੇ ਖਰਾ ਨਹੀਂ ਉਤਰ ਸਕੀ। ਸ੍ਰੀ ਬਾਜਵਾ ਨੇ ਕਿਹਾ ਕਿ 30 ਪੰਜਾਬੀਆਂ ਸਣੇ 104 ਵਿਅਕਤੀਆਂ ਨੂੰ ਲੈ ਕੇ ਪਹਿਲੀ ਉਡਾਣ ਨੂੰ ਅੰਮ੍ਰਿਤਸਰ ਪਹੁੰਚੇ 10 ਦਿਨ ਹੋ ਗਏ ਹਨ, ਪਰ ਮਾਨ ਸਰਕਾਰ ਉਨ੍ਹਾਂ ਵਿੱਚੋਂ ਕਿਸੇ ਲਈ ਮੁੜ ਵਸੇਬੇ ਦੇ ਪ੍ਰੋਗਰਾਮ ਦਾ ਐਲਾਨ ਵੀ ਨਹੀਂ ਕਰ ਸਕੀ। ਉਨ੍ਹਾਂ ਡਿਪੋਰਟ ਕੀਤੇ ਨੌਜਵਾਨਾਂ ਲਈ ਕੋਈ ਮੁਆਵਜ਼ੇ ਦਾ ਐਲਾਨ ਵੀ ਨਹੀਂ ਕੀਤਾ। ਵਿਰੋਧੀ ਧਿਰ ਦੇ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਿਛਲੀ ਉਡਾਣ ’ਚ ਭਾਰਤੀ ਨਾਗਰਿਕਾਂ ਨਾਲ ਅਣਮਨੁੱਖੀ ਵਿਵਹਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਜਹਾਜ਼ ਵਿੱਚ ਹੱਥਕੜੀਆਂ ਬੰਨ੍ਹ ਕੇ ਲਿਆਂਦਾ ਗਿਆ, ਉਨ੍ਹਾਂ ਨੂੰ ਪਖਾਨੇ ਦੀ ਵਰਤੋਂ ਕਰਨ ਦੀ ਪ੍ਰਵਾਨਗੀ ਵੀ ਨਹੀਂ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਦੌਰੇ ਦੌਰਾਨ ਵੀ ਇਸ ਮਸਲੇ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੋਲ ਉਠਾਉਣ ਦੀ ਖੇਚਲ ਨਹੀਂ ਕੀਤੀ।

ਮਾਨ ਨੈਤਿਕ ਆਧਾਰ ’ਤੇ ਅਸਤੀਫਾ ਦੇਣ: ਬਿੱਟੂ

ਅੰਮ੍ਰਿਤਸਰ (ਟਨਸ): ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਦੋਸ਼ ਲਾਇਆ ਕਿ ਉਹ ਪੰਜਾਬ ਵਿੱਚੋਂ ਲੋਕਾਂ ਦੇ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ’ਤੇ ਰੋਕ ਲਗਾਉਣ ’ਚ ਨਾਕਾਮ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਨੈਤਿਕ ਆਧਾਰ ’ਤੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਹ ਅੱਜ ਦੇਰ ਸ਼ਾਮ ਇੱਥੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਅਮਰੀਕਾ ਤੋਂ ਡਿਪੋਰਟ ਹੋਣ ਵਾਲੇ ਭਾਰਤੀ ਨਾਗਰਿਕਾਂ ਨੂੰ ਮਿਲਣ ਲਈ ਪੁੱਜੇ ਸਨ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦਾ ਕੀਤਾ ਜਾ ਰਿਹਾ ਪ੍ਰਚਾਰ ਗਲਤ ਅਤੇ ਬੇਤੁਕਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਜਦੋਂ ਅਮਰੀਕਾ ਵੱਲੋਂ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ ਤਾਂ ਉਹ ਇਸੇ ਹਵਾਈ ਅੱਡੇ ’ਤੇ ਉਤਰੇ ਸਨ। ਉਨ੍ਹਾਂ ਕਿਹਾ, ‘‘ਆਮ ਆਦਮੀ ਪਾਰਟੀ ਕੋਲੋਂ ਦਿੱਲੀ ਦੀ ਸੱਤਾ ਖੁੱਸ ਗਈ ਹੈ ਅਤੇ ਪੰਜਾਬ ਵਿੱਚ ਵੀ ਸੱਤਾ ਖੁੱਸਣ ਦਾ ਡਰ ਸਤਾ ਰਿਹਾ ਜਿਸ ਕਾਰਨ ਉਹ ਵਿਵਾਦ ਖੜ੍ਹਾ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਨੂੰ ਬਦਨਾਮ ਕਰਨ ਦਾ ਦੋਸ਼ ਲਗਾ ਰਹੇ ਹਨ।’’ ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਸਮੇਂ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚੋਂ ਮਨੁੱਖੀ ਤਸਕਰੀ ਕਰਨ ਵਾਲੇ ਟਰੈਵਲ ਏਜੰਟਾਂ ’ਤੇ ਸ਼ਿਕੰਜਾ ਕੱਸਿਆ ਜਾਵੇਗਾ ਪਰ ਅਜਿਹਾ ਕੁਝ ਵੀ ਨਹੀਂ ਹੋਇਆ ਹੈ। ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ’ਤੇ ਦੋਸ਼ ਲਾਇਆ ਕਿ ਜਦੋਂ ਉਹ ਕਲਾਕਾਰ ਸਨ ਤਾਂ ਉਸ ਵੇਲੇ ਉਨ੍ਹਾਂ ’ਤੇ ਕਬੂਤਰਬਾਜ਼ੀ ਦੇ ਦੋਸ਼ ਲੱਗਦੇ ਰਹੇ ਸਨ। ਉਨ੍ਹਾਂ ਕਿਹਾ ਕਿ ਅਮਰੀਕਾ ’ਚ ਵੱਡੀ ਗਿਣਤੀ ਭਾਰਤੀ ਅਮਰੀਕਾ ਪੁਲੀਸ ਦੀ ਹਿਰਾਸਤ ਵਿੱਚ ਹਨ ਅਤੇ ਉਨ੍ਹਾਂ ਨੂੰ ਵੀ ਡਿਪੋਰਟ ਕੀਤਾ ਜਾਵੇਗਾ ਤੇ ਉਹ ਅੰਮ੍ਰਿਤਸਰ ਹੀ ਨਹੀਂ ਸਗੋਂ ਹੋਰ ਵੀ ਕਈ ਹਵਾਈ ਅੱਡਿਆਂ ’ਤੇ ਭੇਜੇ ਜਾਣਗੇ।

The post 116 ਗ਼ੈਰਕਾਨੂੰਨੀ ਪਰਵਾਸੀ ਭਾਰਤੀ ਵਤਨ ਪਰਤੇ appeared first on Punjabi Tribune.



Source link