Assault on Army Colonel: ਪੰਜਾਬ ਸਰਕਾਰ ਵੱਲੋਂ ਪਟਿਆਲਾ ਪੁਲੀਸ ਦੇ ਫੌਜੀ ਕਰਨਲ ‘ਤੇ ਹਮਲੇ ਦੀ ਜਾਂਚ ਦੇ ਹੁਕਮ

Assault on Army Colonel: ਪੰਜਾਬ ਸਰਕਾਰ ਵੱਲੋਂ ਪਟਿਆਲਾ ਪੁਲੀਸ ਦੇ ਫੌਜੀ ਕਰਨਲ ‘ਤੇ ਹਮਲੇ ਦੀ ਜਾਂਚ ਦੇ ਹੁਕਮ


ਜਾਂਚ ਤਿੰਨ ਹਫ਼ਤਿਆਂ ਦੇ ਅੰਦਰ ਪੂਰੀ ਕਰਨ ਦੇ ਨਿਰਦੇਸ਼; ਆਈਏਐਸ ਅਧਿਕਾਰੀ ਪਰਮਵੀਰ ਸਿੰਘ ਦੀ ਅਗਵਾਈ ਵਿੱਚ ਹੋਵੇਗੀ ਜਾਂਚ; ਰਾਜਪਾਲ ਨੂੰ ਮਿਲੇਗਾ ਪਰਿਵਾਰ; ਸਾਬਕਾ ਸੈਨਿਕਾਂ ਵੱਲੋਂ ਧਰਨੇ ਦਾ ਐਲਾਨ
ਅਮਨ ਸੂਦ
ਪਟਿਆਲਾ, 20 ਮਾਰਚ
Assault on Army Colonel: ਪੰਜਾਬ ਸਰਕਾਰ ਨੇ 13 ਮਾਰਚ ਨੂੰ ਪਟਿਆਲਾ ਵਿੱਚ ਪੁਲੀਸ ਅਧਿਕਾਰੀਆਂ ਵੱਲੋਂ ਫ਼ੌਜ ਦੇ ਕਰਨਲ ਪੁਸ਼ਪਿੰਦਰ ਬਾਠ (Colonel Pushpinder Bath) ਅਤੇ ਉਨ੍ਹਾਂ ਦੇ 24 ਸਾਲਾ ਪੁੱਤਰ ਅੰਗਦ ਸਿੰਘ (Angad Singh) ‘ਤੇ ਹੋਏ ਬੇਰਹਿਮ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਿੰਨ ਹਫ਼ਤਿਆਂ ਦੇ ਅੰਦਰ ਪੂਰੀ ਕੀਤੀ ਜਾਣ ਵਾਲੀ ਜਾਂਚ ਦੀ ਅਗਵਾਈ ਆਈਏਐਸ ਅਧਿਕਾਰੀ ਪਰਮਵੀਰ ਸਿੰਘ ਕਰਨਗੇ, ਜਿਨ੍ਹਾਂ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।
ਨਵੀਂ ਦਿੱਲੀ ਵਿੱਚ ਫੌਜ ਦੇ ਹੈੱਡਕੁਆਰਟਰ ਵਿੱਚ ਤਾਇਨਾਤ ਕਰਨਲ ਬਾਠ ਨੇ ਦੋਸ਼ ਲਗਾਇਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰ ‘ਤੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਨੇੜੇ ਪੁਲੀਸ ਵਾਲਿਆਂ ਨੇ ਹਮਲਾ ਕੀਤਾ ਸੀ। ਪਰਿਵਾਰਕ ਮੈਂਬਰਾਂ ਨੇ ਘਟਨਾ ਨਾਲ ਨਜਿੱਠਣ ਦੇ ਪੁਲੀਸ ਢੰਗ ਨਾਲ ਅਸੰਤੁਸ਼ਟੀ ਪ੍ਰਗਟ ਕੀਤੀ ਹੈ ਅਤੇ ਪੰਜਾਬ ਦੇ ਰਾਜਪਾਲ ਨੂੰ ਮਿਲਣ ਦਾ ਫੈਸਲਾ ਕੀਤਾ ਹੈ।
ਰਾਜ ਸਰਕਾਰ ਨੇ ਘਟਨਾ ਦੀ ਗੰਭੀਰਤਾ ਨੂੰ ਤਸਲੀਮ ਕਰਦਿਆਂ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ। ਪੁਲੀਸ ਨੇ ਹਮਲੇ ਦੇ ਸਬੰਧ ਵਿੱਚ ਤਿੰਨ ਇੰਸਪੈਕਟਰਾਂ ਸਮੇਤ 12 ਕਰਮਚਾਰੀਆਂ ਨੂੰ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ, ਪਰਿਵਾਰ ਅਤੇ ਸਮਰਥਕ ਅਗਲੇਰੀ ਕਾਰਵਾਈ ਦੀ ਮੰਗ ਕਰ ਰਹੇ ਹਨ, ਜਿਸ ਵਿੱਚ ਸਬੰਧਤ ਪੁਲੀਸ ਅਧਿਕਾਰੀਆਂ ਦੀ ਗ੍ਰਿਫਤਾਰੀ ਦੀ ਮੰਗ ਸ਼ਾਮਲ ਹੈ।
ਇਸ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਉਸ ਅਧਿਕਾਰੀ ਬਾਰੇ ਨਹੀਂ ਪਤਾ ਜੋ ਮਾਮਲੇ ਦੀ ਜਾਂਚ ਕਰੇਗਾ। ਫੌਜੀ ਅਧਿਕਾਰੀ ’ਤੇ ਹਮਲੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵੱਡੀ ਗਿਣਤੀ ਲੋਕ ਪ੍ਰਤੀਕਿਰਿਆ ਦੇ ਰਹੇ ਹਨ। ਜਾਣਕਾਰੀ ਅਨੁਸਾਰ ਇਨਸਾਫ਼ ਨਾ ਮਿਲਣ ’ਤੇ ਕਰਨਲ ਅਤੇ ਸਾਬਕਾ ਸੈਨਿਕ ਅਧਿਕਾਰੀਆਂ ਨੇ 22 ਮਾਰਚ ਨੂੰ ਪਟਿਆਲਾ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।
ਉਧਰ ਕਰਨਲ ਪੁਸ਼ਪਿੰਦਰ ਬਾਠ ਦੇ ਪਰਿਵਾਰ ਨੇ ਇਸ ਘਟਨਾ ਦੇ ਸਬੰਧ ਵਿਚ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਣਗੇ। ਕਰਨਲ ਦੀ ਪਤਨੀ ਜਸਵਿੰਦਰ ਬਾਠ ਨੇ ਕਿਹਾ, ‘‘ਪਟਿਆਲਾ ਪੁਲੀਸ ਨੇ ਪੱਖਪਾਤੀ ਭੂਮਿਕਾ ਨਿਭਾਈ ਹੈ ਕਿਉਂਕਿ 12 ਮੁਅੱਤਲ ਕੀਤੇ ਗਏ ਅਧਿਕਾਰੀਆਂ ਦੇ ਨਾਮ ਹੁਣ ਤੱਕ ਜਨਤਕ ਨਹੀਂ ਕੀਤੇ ਗਏ ਹਨ। ਜੇਕਰ ਅਜਿਹਾ ਇਕ ਸੇਵਾ ਨਿਭਾ ਰਹੇ ਫੌਜੀ ਅਧਿਕਾਰੀ ਨਾਲ ਹੋ ਸਕਦਾ ਹੈ, ਤਾਂ ਤੁਸੀਂ ਆਮ ਆਦਮੀ ਦੀ ਦੁਰਦਸ਼ਾ ਦੀ ਕਲਪਨਾ ਕਰ ਸਕਦੇ ਹੋ।’’ ਉਨ੍ਹਾਂ ਅੱਗੇ ਕਿਹਾ ਕਿ ਅਸੀਂ ਅਜੇ ਵੀ ਹਨੇਰੇ ਵਿੱਚ ਹਾਂ ਕਿ ਜਾਂਚ ਕੌਣ ਕਰ ਰਿਹਾ ਹੈ, ਕਿਉਂਕਿ ਜ਼ਿਲ੍ਹਾ ਪੁਲੀਸ ਵਿੱਚੋਂ ਕਿਸੇ ਨੇ ਵੀ ਸਾਨੂੰ ਜਾਣਕਾਰੀ ਨਹੀਂ ਦਿੱਤੀ ਹੈ।

ਕਰਨਲ ਦੀ ਸ਼ਿਕਾਇਤ ’ਤੇ ਦਰਜ ਨਹੀਂ ਕੀਤੀ ਗਈ ਐੱਫਆਈਆਰ

ਕਰਨਲ ਦੇ ਪਰਿਵਾਰਕ ਮੈਂਬਰ ਤੇ ਭਾਜਪਾ ਆਗੂ ਗੁਰਤੇਜ ਿਸੰਘ ਢਿੱਲੋਂ ਮੀਡੀਆ ਨੂੰ ਸੰਬੋਧਨ ਕਰਦੇ ਹੋਏ। – ਫਾਈਲ ਫੋਟੋ: ਰਾਜੇਸ਼ ਸੱਚਰ

ਭਾਜਪਾ ਆਗੂ ਅਤੇ ਕਰਨਲ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਗੁਰਤੇਜ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੀਆਂ ਤਿੰਨ ਮੰਗਾਂ ਅਜੇ ਵੀ ਵਿਚਾਰ ਅਧੀਨ ਹਨ। ਉਨ੍ਹਾਂ ਦੱਸਿਆ ਕਿ, “ਕਰਨਲ ਪੁਸ਼ਪਿੰਦਰ ਦੀ ਸ਼ਿਕਾਇਤ ਪੁਲੀਸ ਕੋਲ ਵਿਚਾਰ ਅਧੀਨ ਹੈ ਅਤੇ ਇਸ ਦੇ ਆਧਾਰ ’ਤੇ ਐੱਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ’ਤੇ ਹਮਲਾ ਕਰਨ ਵਾਲੇ 12 ਪੁਲਿਸ ਮੁਲਾਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ।

ਢਿੱਲੋਂ ਨੇ ਅੱਗੇ ਕਿਹਾ ਕਿ ਸਾਬਕਾ ਫੌਜੀ ਅਧਿਕਾਰੀ ਪੁਲੀਸ ਵੱਲੋਂ ਇੱਕ ਸੀਨੀਅਰ ਫੌਜੀ ਅਧਿਕਾਰੀ ਨਾਲ ਕੀਤੇ ਗਏ ਸਲੂਕ ਤੋਂ ਨਾਰਾਜ਼ ਹਨ ਅਤੇ 22 ਮਾਰਚ ਨੂੰ ਪਟਿਆਲਾ ਵਿੱਚ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਇਸ ਦੌਰਾਨ ਅੰਗਦ ਸਿੰਘ, ਜੋ ਕਿ 13 ਮਾਰਚ ਨੂੰ ਹੋਏ ਹਮਲੇ ਵਿੱਚ ਆਪਣੇ ਪਿਤਾ ਦੇ ਨਾਲ ਜ਼ਖਮੀ ਹੋ ਗਿਆ ਸੀ, ਨੇ ਦੋਸ਼ ਲਗਾਇਆ ਹੈ ਕਿ ਅੱਜ ਤੱਕ ਪੁਲਿਸ ਵਿਭਾਗ ਤਰਫੋਂ ਕੋਈ ਵੀ ਉਨ੍ਹਾਂ ਨੂੰ ਮਿਲਣ ਨਹੀਂ ਆਇਆ, ਬਿਆਨ ਦਰਜ ਕਰਨਾ ਤਾਂ ਦੂਰ ਹੈ।

ਮੁੱਅਤਲ ਕੀਤੇ ਗਏ ਅਧਿਕਾਰੀਆਂ ਬਾਰੇ ਪੂਰੀ ਸੂਚੀ ਸਾਹਮਣੇ ਨਹੀਂ ਆਈ

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਇੰਸਪੈਕਟਰ ਹੈਰੀ ਬੋਪਾਰਾਏ, ਰੌਨੀ ਸਿੰਘ ਅਤੇ ਹਰਜਿੰਦਰ ਢਿੱਲੋਂ ਤੋਂ ਇਲਾਵਾ ਨੌਂ ਹੋਰ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਹਾਲਾਂਕਿ ਪੂਰੀ ਸੂਚੀ ਅਜੇ ਜਨਤਕ ਨਹੀਂ ਕੀਤੀ ਗਈ ਹੈ। ਅੰਗਦ ਸਿੰਘ ਨੇ ਕਿਹਾ, ‘‘ਇਹ ਕੋਈ ਨਿਆਂ ਨਹੀਂ ਹੈ, ਕਿਉਂਕਿ ਮੁਅੱਤਲੀ ਅਜਿਹੇ ਬੇਰਹਿਮ ਹਮਲੇ ਲਈ ਕੋਈ ਸਜ਼ਾ ਨਹੀਂ ਹੈ ਜਿੱਥੇ ਇੱਕ ਪਿਤਾ ਅਤੇ ਪੁੱਤਰ ਨੂੰ ਇੱਕ ਦੂਜੇ ਦੇ ਸਾਹਮਣੇ ਬੇਇੱਜ਼ਤ ਕੀਤਾ ਗਿਆ, ਬੇਸਬਾਲ ਬੈਟਾਂ ਨਾਲ ਕੁੱਟਿਆ ਗਿਆ ਅਤੇ ਲੱਤਾਂ ਮਾਰੀਆਂ ਗਈਆਂ। ਮੈਂ ਇਹ ਕਦੇ ਨਹੀਂ ਭੁੱਲ ਸਕਦਾ।’’

ਜਾਂਚ ਐੱਸਪੀ ਹੈੱਡਕੁਆਟਰ ਨੂੰ ਸੌਂਪੀ: ਐੱਸਐੱਸਪੀ

ਬੁੱਧਵਾਰ ਨੂੰ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ‘ਟ੍ਰਿਬਿਊਨ ਸਮੂਹ’ ਨੂੰ ਦੱਸਿਆ ਕਿ ਉਨ੍ਹਾਂ ਨੇ ਜਾਂਚ ਪਟਿਆਲਾ ਦੇ ਐੱਸਪੀ (ਹੈੱਡਕੁਆਰਟਰ) ਹਰਵੰਤ ਕੌਰ ਨੂੰ ਸੌਂਪ ਦਿੱਤੀ ਹੈ। 12 ਮੁਅੱਤਲ ਕੀਤੇ ਗਏ ਪੁਲਿਸ ਮੁਲਾਜ਼ਮਾਂ ਦੇ ਨਾਵਾਂ ਬਾਰੇ ਪੁੱਛੇ ਜਾਣ ’ਤੇ ਐਸਐਸਪੀ ਨੇ ਕਿਹਾ ਕਿ ਕਰਨਲ ਬਾਠ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਬੁੱਧਵਾਰ ਦੇਰ ਸ਼ਾਮ ਐੱਸਪੀ ਹਰਵੰਤ ਕੌਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਜਾਂਚ ਸੰਬੰਧੀ ਕੋਈ ਆਦੇਸ਼ ਨਹੀਂ ਮਿਲੇ ਹਨ ਕਿਉਂਕਿ ਉਹ ਸ਼ੰਭੂ ਵਿੱਚ ਰੁੱਝੀ ਹੋਈ ਸੀ ਅਤੇ ਪਿਛਲੇ ਦੋ ਦਿਨਾਂ ਤੋਂ ਦਫ਼ਤਰ ਨਹੀਂ ਗਈ ਹੈ।

The post Assault on Army Colonel: ਪੰਜਾਬ ਸਰਕਾਰ ਵੱਲੋਂ ਪਟਿਆਲਾ ਪੁਲੀਸ ਦੇ ਫੌਜੀ ਕਰਨਲ ‘ਤੇ ਹਮਲੇ ਦੀ ਜਾਂਚ ਦੇ ਹੁਕਮ appeared first on Punjabi Tribune.



Source link