ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 21 ਮਾਰਚ
ਕੌਮੀ ਸੁਰੱਖਿਆ ਐਕਟ (NSA) ਹਟਾਏ ਜਾਣ ਮਗਰੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਵਾਪਸ ਪੰਜਾਬ ਲਿਆਂਦੇ ਅੰਮ੍ਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਅੱਜ ਅਜਨਾਲਾ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਪੁਲੀਸ ਨੇ ਉਨ੍ਹਾਂ ਦਾ ਚਾਰ ਦਿਨਾ ਰਿਮਾਂਡ ਹਾਸਲ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਮੋਬਾਈਲ ਤੇ ਹਥਿਆਰ ਬਰਾਮਦ ਕਰਨ ਦੀ ਦਲੀਲ ਦਿੱਤੀ ਸੀ। ਮੁਲਜ਼ਮਾਂ ਨੂੰ ਹੁਣ 25 ਮਾਰਚ ਨੂੰ ਮੁੜ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਉਂਝ ਪੁਲੀਸ ਨੇ ਸੱਤ ਦਿਨਾ ਰਿਮਾਂਡ ਦੀ ਮੰਗ ਕੀਤੀ ਸੀ।
ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਲਿਆਂਦੇ ਗਏ ਸੱਤ ਮੁਲਜ਼ਮਾਂ ਵਿਚ ਬਸੰਤ ਸਿੰਘ, ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ, ਗੁਰਮੀਤ ਸਿੰਘ ਗਿੱਲ, ਸਰਬਜੀਤ ਸਿੰਘ ਕਲਸੀ ਉਰਫ ਦਲਜੀਤ ਸਿੰਘ, ਗੁਰਿੰਦਰ ਪਾਲ ਸਿੰਘ ਔਜਲਾ, ਹਰਜੀਤ ਸਿੰਘ ਉਰਫ ਚਾਚਾ ਅਤੇ ਕੁਲਵੰਤ ਸਿੰਘ ਸ਼ਾਮਲ ਹਨ। ਇਨ੍ਹਾਂ ਖਿਲਾਫ਼ 23 ਫਰਵਰੀ 2023 ਨੂੰ ਅਜਨਾਲਾ ਪੁਲੀਸ ਸਟੇਸ਼ਨ ’ਤੇ ਹਮਲੇ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਨੂੰ ਅਜਨਾਲਾ ਕੋਰਟ ਵਿਚ ਪੇਸ਼ ਕਰਨ ਮੌਕੇ ਇਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਥੇ ਮੌਜੂਦ ਸਨ, ਹਾਲਾਂਕਿ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸੱਤ ਸਾਥੀ, ਜਿਨ੍ਹਾਂ ਖਿਲਾਫ਼ ਐੱਨਐੱਸਏ ਦੀ ਮਿਆਦ ਖਤਮ ਹੋ ਗਈ ਸੀ ਅਤੇ ਇਸ ਵਿੱਚ ਹੋਰ ਵਾਧਾ ਨਹੀਂ ਕੀਤਾ ਗਿਆ ਹੈ, ਨੂੰ ਪਹਿਲਾਂ ਦਿੱਲੀ ਤੇ ਉਥੋਂ ਸੜਕ ਰਸਤੇ ਅੰਮ੍ਰਿਤਸਰ ਤੇ ਅੱਗੇ ਅਜਨਾਲਾ ਲਿਆਂਦਾ ਗਿਆ ਹੈ। ਇਨ੍ਹਾਂ ਨੂੰ ਲੈਣ ਲਈ ਅੰਮ੍ਰਿਤਸਰ ਤੋਂ ਐੱਸਪੀ ਹਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਇੱਕ ਵੱਡੀ ਪੁਲੀਸ ਟੀਮ ਅਸਾਮ ਗਈ ਸੀ। ਪੁਲੀਸ ਟੀਮ ਨੇ ਲੰਘੇ ਦਿਨ ਇਨ੍ਹਾਂ ਸੱਤ ਮੁਲਜ਼ਮਾਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਰਿਹਾਅ ਕੀਤੇ ਜਾਣ ਮਗਰੋਂ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਸੀ। ਇਨ੍ਹਾਂ ਨੂੰ ਅਸਾਮ ਤੋਂ ਵੱਖ ਵੱਖ ਉਡਾਨਾਂ ਰਾਹੀਂ ਪਹਿਲਾਂ ਦਿੱਲੀ ਤੇ ਅੱਗੇ ਸੜਕ ਮਾਰਗ ਰਾਹੀਂ ਅੰਮ੍ਰਿਤਸਰ ਲਿਆਂਦਾ ਗਿਆ।
The post Amritpal Singh ਅੰਮ੍ਰਿਤਪਾਲ ਸਿੰਘ ਦੇ ਸੱਤ ਸਾਥੀ ਅਜਨਾਲਾ ਕੋਰਟ ’ਚ ਪੇਸ਼, ਪੁਲੀਸ ਨੂੰ ਚਾਰ ਦਿਨਾ ਰਿਮਾਂਡ ਮਿਲਿਆ appeared first on Punjabi Tribune.