ਨਵੀਂ ਦਿੱਲੀ, 17 ਅਪਰੈਲ
Abhishek Nayar: ਭਾਰਤੀ ਕ੍ਰਿਕਟ ਟੀਮ ਦੇ ਸਹਾਇਕ ਕੋਚ ਅਭਿਸ਼ੇਕ ਨਾਇਰ ਨੂੰ ਸਹਾਇਕ ਸਟਾਫ ਦੇ ਇਕ ਉੱਚ-ਪ੍ਰੋਫਾਈਲ ਮੈਂਬਰ ਨਾਲ ਮਤਭੇਦ ਦੀਆਂ ਅਟਕਲਾਂ ਦੇ ਵਿਚਕਾਰ ਬਰਖਾਸਤ ਕਰ ਦਿੱਤਾ ਗਿਆ ਹੈ। ਹਾਲਾਂਕਿ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਰੁੱਧ ਟੈਸਟ ਹਾਰਾਂ ਨੂੰ ਉਨ੍ਹਾਂ ਦੀ ਬਰਖਾਸਤਗੀ ਦਾ ਕਾਰਨ ਦੱਸਿਆ ਜਾ ਰਿਹਾ ਹੈ। ਜੇਕਰ ਬੋਰਡ ਸੂਤਰਾਂ ਦੀ ਮੰਨੀਏ ਤਾਂ ਨਾਇਰ ਨੂੰ ਪਹਿਲਾਂ ਹੀ ਬੀਸੀਸੀਆਈ ਦੇ ਫੈਸਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਨਾਇਰ ਨੇ ਸਿਰਫ਼ ਅੱਠ ਮਹੀਨੇ ਹੀ ਇਸ ਅਹੁਦੇ ’ਤੇ ਕੰਮ ਕੀਤਾ ਹੈ।
ਬੀਸੀਸੀਆਈ ਦੇ ਇਕ ਸੂਤਰ ਨੇ ਪੀਟੀਆਈ ਨੂੰ ਦੱਸਿਆ, “ਭਾਰਤ ਦੀਆਂ ਹਾਲੀਆ ਟੈਸਟ ਹਾਰਾਂ (ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਰੁੱਧ) ਨੂੰ ਇਸ ਬਰਖਾਸਤਗੀ ਕਾਰਨ ਬਣਾਇਆ ਹੈ, ਪਰ ਬੀਸੀਸੀਆਈ ਵਿਚ ਇਹ ਵੀ ਭਾਵਨਾ ਹੈ ਕਿ ਨਾਇਰ ਸਹਾਇਕ ਸਟਾਫ ਦੇ ਇਕ ਖਾਸ ਮੈਂਬਰ ਅਤੇ ਇਕ ਸੀਨੀਅਰ ਸਟਾਰ ਖਿਡਾਰੀ ਵਿਚਕਾਰ ਮੈਦਾਨੀ ਝਗੜੇ ਵਿਚ ਬਲੀ ਦਾ ਬੱਕਰਾ ਬਣ ਗਏ ਹਨ।’’
ਫੀਲਡਿੰਗ ਕੋਚ ਟੀ ਦਿਲੀਪ ਅਤੇ ਸਟ੍ਰੈਂਥ ਐਂਡ ਕੰਡੀਸ਼ਨਿੰਗ ਕੋਚ ਸੋਹਮ ਦੇਸਾਈ ਵੀ ਆਪਣੇ-ਆਪਣੇ ਅਹੁਦਿਆਂ ’ਤੇ ਤਿੰਨ ਸਾਲ ਤੋਂ ਵੱਧ ਸਮਾਂ ਪੂਰਾ ਕਰਨ ਤੋਂ ਬਾਅਦ ਬਾਹਰ ਜਾ ਰਹੇ ਹਨ। ਬੀਸੀਸੀਆਈ ਦੀ ਨਵੀਂ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) ਨੇ ਸਹਾਇਤਾ ਸਟਾਫ ਦੇ ਕਾਰਜਕਾਲ ਨੂੰ ਤਿੰਨ ਸਾਲ ਤੱਕ ਸੀਮਤ ਕਰ ਦਿੱਤਾ ਹੈ। ਇਹ ਪਤਾ ਲੱਗਾ ਹੈ ਕਿ ਭਾਰਤ ਦੇ ਪਹਿਲੇ ਸਟ੍ਰੈਂਥ ਐਂਡ ਕੰਡੀਸ਼ਨਿੰਗ ਕੋਚ ਐਡਰੀਅਨ ਲੇ ਰੌਕਸ ਦੇ ਦੂਜੇ ਕਾਰਜਕਾਲ ਲਈ ਵਾਪਸ ਆਉਣ ਦੀ ਸੰਭਾਵਨਾ ਹੈ।
ਪੀਟੀਆਈ ਵੱਲੋਂ ਸੰਪਰਕ ਕੀਤੇ ਜਾਣ ’ਤੇ ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਇਸ ਸਵਾਲ ਨੂੰ ਟਾਲ ਦਿੱਤਾ ਕਿਆ ਕਿਹਾ, “ਕੁਝ ਚੀਜ਼ਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ, ਤੁਹਾਨੂੰ ਕੁਝ ਦਿਨਾਂ ਵਿਚ ਬੀਸੀਸੀਆਈ ਵੱਲੋਂ ਇਕ ਪ੍ਰੈਸ ਨੋਟ ਮਿਲੇਗਾ।’’ ਉਧਰ 41 ਸਾਲਾ ਨਾਇਰ ਨੇ ਪੀਟੀਆਈ ਵੱਲੋਂ ਭੇਜੇ ਗਏ ਇਕ ਟੈਕਸਟ ਸੁਨੇਹੇ ਦਾ ਜਵਾਬ ਨਹੀਂ ਦਿੱਤਾ। -ਪੀਟੀਆਈ
The post Abhishek Nayar: ਬੀਸੀਸੀਆਈ ਨੇ ਸਹਾਇਕ ਕੋਚ ਅਭਿਸ਼ੇਕ ਨਾਇਰ ਨੂੰ ਹਟਾਇਆ appeared first on Punjabi Tribune.