Terrorist Attack in Pahalgam: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਦਹਿਸ਼ਤੀ ਹਮਲਾ, 12 ਸੈਲਾਨੀ ਜ਼ਖ਼ਮੀ

Terrorist Attack in Pahalgam: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਦਹਿਸ਼ਤੀ ਹਮਲਾ, 12 ਸੈਲਾਨੀ ਜ਼ਖ਼ਮੀ


ਸ੍ਰੀਨਗਰ, 22 ਅਪਰੈਲ
Terrorist Attack in Pahalgam: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ ਮੰਗਲਵਾਰ ਨੂੰ ਹੋਏ ਦਹਿਸ਼ਤੀ ਹਮਲੇ ਵਿੱਚ ਘੱਟੋ-ਘੱਟ 12 ਸੈਲਾਨੀ ਜ਼ਖਮੀ ਹੋ ਗਏ। ਇਹ ਜਾਣਕਾਰੀ ਪੁਲੀਸ ਅਧਿਕਾਰੀਆਂ ਨੇ ਦਿੱਤੀ ਹੈ।
ਹਮਲਾ ਸੈਲਾਨੀਆਂ ਦੇ ਪਸੰਦੀਦਾ ਘਾਹ ਦੇ ਬੈਸਰਨ (Baisaran) ਵਿੱਚ ਹੋਇਆ, ਜਿੱਥੇ ਸਿਰਫ਼ ਪੈਦਲ ਜਾਂ ਘੋੜਿਆਂ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਉਥੇ ਸਵੇਰੇ ਸੈਲਾਨੀਆਂ ਦਾ ਇੱਕ ਟੋਲਾ ਘੁੰਮਣ ਗਿਆ ਸੀ।
ਇੱਕ ਚਸ਼ਮਦੀਦ ਗਵਾਹ ਦੇ ਅਨੁਸਾਰ, ਅਣਪਛਾਤੇ ਬੰਦੂਕਧਾਰੀਆਂ ਨੇ ਸੈਲਾਨੀਆਂ ‘ਤੇ ਨੇੜਿਓਂ ਗੋਲੀਬਾਰੀ ਕੀਤੀ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ। ਹਮਲੇ ਵਿਚ ਵਾਲ-ਵਾਲ ਬਚੀ ਇੱਕ ਔਰਤ ਨੇ ਫ਼ੋਨ ‘ਤੇ ਪੀਟੀਆਈ ਨੂੰ ਦੱਸਿਆ, “ਮੇਰੇ ਪਤੀ ਦੇ ਸਿਰ ਵਿੱਚ ਗੋਲੀ ਲੱਗੀ ਹੈ, ਜਦੋਂ ਕਿ ਹਮਲੇ ਵਿੱਚ ਸੱਤ ਹੋਰ ਵਿਅਕਤੀ ਵੀ ਜ਼ਖ਼ਮੀ ਹੋਏ ਸਨ।” ਔਰਤ ਨੇ ਆਪਣੀ ਪਛਾਣ ਨਹੀਂ ਦੱਸੀ ਪਰ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਣ ਵਿੱਚ ਮਦਦ ਦੀ ਬੇਨਤੀ ਕੀਤੀ।
ਅਧਿਕਾਰੀਆਂ ਨੇ ਕਿਹਾ ਕਿ ਜ਼ਖਮੀਆਂ ਨੂੰ ਸੁਰੱਖਿਅਤ ਕੱਢਣ ਲਈ ਇੱਕ ਹੈਲੀਕਾਪਟਰ ਸੇਵਾ ਵਿੱਚ ਲਗਾਇਆ ਗਿਆ ਹੈ ਅਤੇ ਕੁਝ ਜ਼ਖਮੀਆਂ ਨੂੰ ਸਥਾਨਕ ਲੋਕਾਂ ਨੇ ਆਪਣੇ ਘੋੜਿਆਂ ਰਾਹੀਂ ਘਾਹ ਦੇ ਮੈਦਾਨਾਂ ਤੋਂ ਹੇਠਾਂ ਲਿਆਂਦਾ।
ਪਹਿਲਗਾਮ ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ 12 ਜ਼ਖਮੀ ਸੈਲਾਨੀਆਂ ਨੂੰ ਉੱਥੇ ਦਾਖਲ ਕਰਵਾਇਆ ਗਿਆ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਇਸ ਤੋਂ ਪਹਿਲਾਂ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਇੱਥੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਸੁਣਾਈ ਦੇਣ ਤੋਂ ਬਾਅਦ ਸੁਰੱਖਿਆ ਬਲ ਪਹਿਲਗਾਮ ਦੇ ਬੈਸਰਨ ਮੈਦਾਨ ਵਿੱਚ ਪਹੁੰਚੇ।
ਇਹ ਘਟਨਾ ਉਦੋਂ ਵਾਪਰੀ ਹੈ ਜਦੋਂ ਕਸ਼ਮੀਰ ਸਾਲਾਂ ਤੋਂ ਅਤਿਵਾਦ ਦੀ ਮਾਰ ਝੱਲਣ ਤੋਂ ਬਾਅਦ ਸੈਲਾਨੀਆਂ ਦੀ ਆਮਦ ਵਿੱਚ ਵਾਧਾ ਦੇਖ ਰਿਹਾ ਹੈ। ਇਸ ਤੋਂ ਇਲਾਵਾ, 38 ਦਿਨਾਂ ਦੀ ਅਮਰਨਾਥ ਯਾਤਰਾ ਵੀ 3 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਹੈ। ਦੇਸ਼ ਭਰ ਤੋਂ ਲੱਖਾਂ ਸ਼ਰਧਾਲੂ ਦੋ ਰੂਟਾਂ – ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਰਵਾਇਤੀ 48 ਕਿਲੋਮੀਟਰ ਪਹਿਲਗਾਮ ਰਸਤਾ ਅਤੇ ਗੰਦਰਬਲ ਜ਼ਿਲ੍ਹੇ ਵਿੱਚ ਛੋਟਾ 14 ਕਿਲੋਮੀਟਰ ਦਾ ਪਰ ਖੜ੍ਹਵਾਂ ਬਾਲਟਾਲ ਰਸਤਾ, ਰਾਹੀਂ ਗੁਫਾ ਤੀਰਥ ਸਥਾਨ ਦੀ ਯਾਤਰਾ ਕਰਦੇ ਹਨ। ਪੀਟੀਆਈ

The post Terrorist Attack in Pahalgam: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਦਹਿਸ਼ਤੀ ਹਮਲਾ, 12 ਸੈਲਾਨੀ ਜ਼ਖ਼ਮੀ appeared first on Punjabi Tribune.



Source link