Punjab News: ਪੰਜਾਬ ਤੇ ਚੰਡੀਗੜ੍ਹ ’ਚ ਵੇਰਕਾ ਦਾ ਦੁੱਧ ਮਹਿੰਗਾ ਹੋਇਆ, ਭਲਕ ਤੋਂ ਲਾਗੂ ਹੋਣਗੇ ਨਵੇਂ ਰੇਟ

Punjab News: ਪੰਜਾਬ ਤੇ ਚੰਡੀਗੜ੍ਹ ’ਚ ਵੇਰਕਾ ਦਾ ਦੁੱਧ ਮਹਿੰਗਾ ਹੋਇਆ, ਭਲਕ ਤੋਂ ਲਾਗੂ ਹੋਣਗੇ ਨਵੇਂ ਰੇਟ


ਵੇਰਗਾ ਪ੍ਰਬੰਧਕਾਂ ਨੇ ਪਸ਼ੂ ਚਾਰੇ ਦੀਆਂ ਕੀਮਤਾਂ ਵਿਚ ਵਾਧਾ ਹੋਣ ਦਾ ਦਿੱਤਾ ਹਵਾਲਾ; ਭਾਰੀ ਗਰਮੀ ਕਾਰਨ ਲਵੇਰਿਆਂ ਦਾ ਦੁੱਧ ਘਟਣ ਲੱਗਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 29 ਅਪਰੈਲ
ਪੰਜਾਬ ਸਮੇਤ ਚੰਡੀਗੜ੍ਹ ਵਿੱਚ ਵੇਰਕਾ ਵੱਲੋਂ ਭਲਕੇ 30 ਅਪਰੈਲ ਤੋਂ ਦੁੱਧ ਦੀਆਂ ਕੀਮਤਾਂ ਮਹਿੰਗੀਆਂ ਕੀਤੀਆਂ ਗਈਆਂ ਹਨ। ਪੰਜਾਬ ਦੇ ਮਿਲਕਫੈਡ ਦੇ ਅਦਾਰੇ ਵੇਰਕਾ ਨੇ ਆਪਣੇ ਖ਼ਪਤਕਾਰਾਂ ਨੂੰ ਤਕੜਾ ਝਟਕਾ ਦਿੰਦਿਆਂ ਦੁੱਧ ਦੀਆਂ ਕੀਮਤਾਂ ਨੂੰ ਵਿਚ ਪ੍ਰਤੀ ਲਿਟਰ 2 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦੂਜੇ ਪਾਸੇ ਉਤਰੀ ਭਾਰਤ ਵਿੱਚ ਪੈ ਰਹੀ ਅੱਤ ਦੀ ਗਰਮੀ ਕਾਰਨ ਪੇਂਡੂ ਖੇਤਰ ਵਿੱਚ ਦੁੱਧ ਦੀ ਥੁੜ੍ਹ ਪੈਦਾ ਹੋਣ ਲੱਗੀ ਹੈ।
ਵੇਰਕਾ ਦੇ ਮਾਨਸਾ ਸਥਿਤ ਵਿਕਰੇਤਾ ਡੀਲਰ ਸ਼ਿਵ ਕੁਮਾਰ ਨੇ ਦੱਸਿਆ ਕਿ ਹੁਣ ਨਵੀਆਂ ਕੀਮਤਾਂ ਤਹਿਤ ਦੁੱਧ ਪ੍ਰਤੀ ਲਿਟਰ ਫੁੱਲ ਕਰੀਮ 69 ਰੁਪਏ, 500 ਐਮਐਲ 35 ਰੁਪਏ, ਲਿਟਰ ਸਟੈਂਡਡ ਮਿਲਕ ਦਾ ਨਵਾਂ ਮੁੱਲ 63 ਰੁਪਏ ਲਿਟਰ, ਅੱਧਾ ਲਿਟਰ ਸਟੈਂਡਡ ਮਿਲਕ 32 ਰੁਪਏ ਲਾਗੂ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਵੇਰਕਾ ਦੇ ਡਬਲ ਟਾਊਨ ਮਿਲਕ 500 ਐਮਐਲ ਦਾ ਰੇਟ ਹੁਣ 26 ਰੁਪਏ ਹੋ ਗਿਆ ਹੈ।
ਉਧਰ ਵੇਰਕਾ ਦੇ ਬਰਾਬਰ ਦੁੱਧ ਵੇਚਣ ਵਾਲੀਆਂ ਕੰਪਨੀਆਂ ਅਮੂਲ ਅਤੇ ਮਦਰ ਡੇਅਰੀ ਵੱਲੋਂ ਅਜੇ ਤੱਕ ਦੁੱਧ ਦੀਆਂ ਕੀਮਤਾਂ ਨਹੀਂ ਵਧਾਈਆਂ ਗਈਆਂ ਹਨ। ਜਾਪਦਾ ਹੈ ਕਿ ਇਨ੍ਹਾਂ ਵੱਲੋਂ ਇੱਕ-ਦੋ ਦਿਨਾਂ ਤੱਕ ਕੀਮਤਾਂ ਵਿਚ ਇਜ਼ਾਫ਼ਾ ਕੀਤਾ ਜਾ ਸਕਦਾ ਹੈ।
ਉਧਰ ਵੇਰਕਾ ਦੇ ਬਠਿੰਡਾ ਪਲਾਂਟ ਸਥਿਤ ਉਚ ਅਧਿਕਾਰੀਆਂ ਨੇ ਦੱਸਿਆ ਕਿ ਬਜ਼ਾਰ ਵਿੱਚ ਪਸ਼ੂਆਂ ਦਾ ਹਰਾ ਚਾਰਾ, ਪਸ਼ੂ ਖੁਰਾਕ, ਤੂੜੀ ਦੇ ਭਾਅ ਉੱਚੇ ਚੜ੍ਹਨ ਕਾਰਨ ਕੀਮਤਾਂ ਨੂੰ ਵਧਾਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਦੁੱਧ ਉਤਪਾਦਕ ਲੰਬੇ ਸਮੇਂ ਤੋਂ ਭਾਅ ਵਧਾਉਣ ਦੀ ਮੰਗ ਕਰ ਰਹੇ ਸਨ।
ਵੇਰਕਾ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮੰਡੀ ਵਿੱਚ ਪਸ਼ੂਆਂ ਦੀ ਫੀਡ ਦੀ ਕੀਮਤ ਵਿੱਚ ਵਾਧਾ ਹੋਣ ਕਾਰਨ ਦੁੱਧ ਉਤਪਾਦਕ ਰੇਟ ਵਧਾਉਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸੁੱਕੇ ਚਾਰੇ ਦੇ ਭਾਅ ਅਸਮਾਨੀਂ ਚੜ੍ਹੇ ਹੋਏ ਹਨ।

ਲੱਸੀ, ਦਹੀਂ, ਆਈਸਕ੍ਰੀਮ ਦੀਆਂ ਕੀਮਤਾਂ ਹਾਲੇ ਨਹੀਂ ਵਧੀਆਂ

ਦੁੱਧ ਦੀਆਂ ਕੀਮਤਾਂ ਵਧਣ ਤੋਂ ਬਾਅਦ ਹੁਣ ਵੇਰਕਾ ਸਮੇਤ ਹੋਰਨਾਂ ਧਿਰਾਂ ਵੱਲੋਂ ਦੂਜੇ ਦੁੱਧ ਉਤਪਾਦਾਂ ਜਿਵੇਂ ਦਹੀਂ, ਲੱਸੀ, ਪਨੀਰ, ਖੀਰ, ਆਈਸਕ੍ਰੀਮ, ਕਰੀਮ, ਮੱਖਣ, ਘਿਓ ਅਤੇ ਮਠਿਆਈ ਦੀਆਂ ਕੀਮਤਾਂ ਉਪਰ ਜਾਣ ਦੀ ਸੰਭਾਵਨਾ ਵਧ ਗਈ ਹੈ। ਉਂਝ ਅਜੇ ਤੱਕ ਲੱਸੀ, ਦਹੀਂ, ਆਈਸਕ੍ਰੀਮ ਦੇ ਰੇਟਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।

The post Punjab News: ਪੰਜਾਬ ਤੇ ਚੰਡੀਗੜ੍ਹ ’ਚ ਵੇਰਕਾ ਦਾ ਦੁੱਧ ਮਹਿੰਗਾ ਹੋਇਆ, ਭਲਕ ਤੋਂ ਲਾਗੂ ਹੋਣਗੇ ਨਵੇਂ ਰੇਟ appeared first on Punjabi Tribune.



Source link