ਇਕ ਮੰਚ ’ਤੇ ਆਏ ਨਾਇਬ ਸਿੰਘ ਸੈਣੀ ਅਤੇ ਭਗਵੰਤ ਮਾਨ, ਨਜ਼ਰਾਂ ਤਾਂ ਮਿਲੀਆਂ ਪਰ…

ਇਕ ਮੰਚ ’ਤੇ ਆਏ ਨਾਇਬ ਸਿੰਘ ਸੈਣੀ ਅਤੇ ਭਗਵੰਤ ਮਾਨ, ਨਜ਼ਰਾਂ ਤਾਂ ਮਿਲੀਆਂ ਪਰ…


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 3 ਮਈ

ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਦੇ ਮਸਲੇ ਉੱਤੇ ਚੱਲ ਰਹੇ ਵਿਵਾਦ ਦੇ ਦਰਮਿਆਨ ਸ਼ਨਿਚਰਵਾਰ ਨੂੰ ਦੋਹਾਂ ਸੂਬਿਆਂ ਦੇ ਮੁੱਖ ਮੰਤਰੀ ਚੰਡੀਗੜ੍ਹ ਵਿਚ ਇੱਕੋ ਮੰਚ ’ਤੇ ਨਜ਼ਰ ਆਏ। ਚੰਡੀਗੜ੍ਹ ਵਿਚ ਨਸ਼ਿਆਂ ਦੇ ਖ਼ਿਲਾਫ਼ ਕੱਢੀ ਗਈ ਪੈਦਲ ਯਾਤਰਾ ਦੌਰਾਨ ਦੋਹਾਂ ਮੁੱਖ ਮੰਤਰੀਆਂ ਦੇ ਨਾਲ ਨਾਲ ਦੋਹਾਂ ਸੂਬਿਆਂ ਦੇ ਰਾਜਪਾਲ ਵੀ ਮੌਜੂਦ ਸਨ। ਸਟੇਜ ’ਤੇ ਭਗਵੰਤ ਮਾਨ ਅਤੇ ਨਾਇਬ ਸਿੰਘ ਸੈਣੀ ਦੀਆਂ ਅੱਖਾਂ ਤਾਂ ਮਿਲੀਆਂ ਪਰ ਦੋਹਾਂ ਨੇ ਇਕ-ਦੂਜੇ ਨਾਲ ਕੋਈ ਗੱਲ ਨਹੀਂ ਕੀਤੀ।

ਪੈਦਲ ਯਾਤਰਾ ਦੀ ਸ਼ੁਰੂਆਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਾਣੀ ਦੇ ਮਸਲੇ ਉੱਤੇ ਕਿਹਾ ਕਿ ਇਸ ਮਾਮਲੇ ਵਿਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਣੀ ਉੱਤੇ ਰਾਜਨੀਤੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਕ ਸਮਾਗਮ ਦੌਰਾਨ ਮੁੱਖ ਮੰਤਰੀ ਨਾਇਬ ਸੈਣੀ ਨੇ ਭਗਵੰਤ ਮਾਨ ਨੂੰ ਰਿਸ਼ਤੇਦਾਰ ਦੱਸਿਆ ਸੀ। ਦਰਅਸਲ ਭਗਵੰਤ ਮਾਨ ਦੀ ਪਤਨੀ ਪਿਹੋਵਾ (ਕੁਰੂਕਸ਼ੇਤਰ) ਦੀ ਰਹਿਣ ਵਾਲੀ ਹੈ। ਇਸ ਦਾ ਜਵਾਬ ਦਿੰਦਿਆਂ ਮਾਨ ਕਹਿ ਚੁੱਕੇ ਹਨ ਕਿ “ਹਰਿਆਣਾ ਵਾਲੇ ਤਾਂ ਧੀ ਦੇ ਘਰ ਦਾ ਪਾਣੀ ਵੀ ਨਹੀਂ ਪੀਦੇ ਅਤੇ ਮੁੱਖ ਮੰਤਰੀ ਨਾਇਬ ਸੈਣੀ ਤਾਂ ਨਹਿਰ ਮੰਗ ਰਹੇ ਹਨ।”

ਸੂਬੇ ਦੇ ਲੋਕਾਂ ਦੇ ਲੋਕਾਂ ਲਈ ਮੰਗ ਰਹੇ ਹਾਂ ਪਾਣੀ

ਸ਼ਨਿਚਰਵਾਰ ਨੂੰ ਮੀਡੀਆ ਨੇ ਜਦੋਂ ਮਾਨ ਵੱਲੋਂ ਕਹੀ ਗਈ ਗੱਲ ਸਬੰਧੀ ਮੁੱਖ ਮੰਤਰੀ ਸੈਣੀ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਨੇ ਫਿਰ ਦੁਹਰਾਇਆ ਕਿ ਮਾਨ ਸਾਡੇ ਰਿਸ਼ਤੇਦਾਰ ਹਨ, ਪਰ ਇਹ ਨਹਿਰ ਅਸੀਂ ਸਮਾਜ ਲਈ ਮੰਗ ਰਹੇ ਹਾਂ। ਉਨ੍ਹਾਂ ਕਿਹਾ, ‘‘ਪਾਣੀ ਦੀ ਲੋੜ ਸੂਬੇ ਦੇ 2 ਕਰੋੜ 80 ਲੱਖ ਲੋਕਾਂ ਨੂੰ ਹੈ ਅਤੇ ਇਹ ਮੰਗ ਉਨ੍ਹਾਂ ਲਈ ਕੀਤੀ ਜਾ ਰਹੀ ਹੈ। ਮਾਨ ਸਾਹਿਬ ਇਸ ਉੱਤੇ ਵੀ ਰਾਜਨੀਤੀ ਕਰ ਰਹੇ ਹਨ।’’ ਨਾਇਬ ਸੈਣੀ ਨੇ ਕਿਹਾ, ‘‘ਰਿਸ਼ੀ-ਮੁਨੀਆਂ ਦੀ ਪਰੰਪਰਾ ਰਹੀ ਹੈ ਕਿ ਜੋ ਵੀ ਸਾਡੇ ਘਰ ਆਵੇ, ਉਸ ਨੂੰ ਸਭ ਤੋਂ ਪਹਿਲਾਂ ਪਾਣੀ ਦਾ ਗਿਲਾਸ ਦਿੱਤਾ ਜਾਂਦਾ ਹੈ। ਇਸ ’ਤੇ ਰਾਜਨੀਤੀ ਹੋਏਗੀ, ਇਹ ਮੈਂ ਕਦੇ ਵੀ ਨਹੀਂ ਸੋਚਿਆ ਸੀ।’’

ਹਰਿਆਣਾ ਦੇ ਮੁੱਖ ਮੰਤਰੀ ਨੇ ਸਰਬਪਾਰਟੀ ਮੀਟਿੰਗ ਸੱਦੀ

ਪੰਜਾਬ ਤੋਂ ਬਾਅਦ ਹੁਣ ਮੁੱਖ ਮੰਤਰੀ ਨਾਇਬ ਸੈਣੀ ਨੇ ਵੀ ਅੱਜ ਦੁਪਹਿਰ 2 ਵਜੇ ਹਰਿਆਣਾ ਨਿਵਾਸ ਵਿਖੇ ਸਰਬਪਾਰਟੀ ਮੀਟਿੰਗ ਸੱਦੀ ਹੈ। ਇਸ ਬੈਠਕ ਵਿਚ ਭਾਜਪਾ ਤੋਂ ਇਲਾਵਾ ਕਾਂਗਰਸ, ਇਨੈਲੋ, ਜਜਪਾ, ਬਸਪਾ, ਆਮ ਆਦਮੀ ਪਾਰਟੀ ਸਮੇਤ ਕਈ ਰਾਜਨੀਤਕ ਪਾਰਟੀਆਂ ਦੇ ਆਗੂ ਹਿੱਸਾ ਲੈਣਗੇ। ਇਸ ਬੈਠਕ ਵਿੱਚ ਪੰਜਾਬ ਨਾਲ ਚੱਲ ਰਹੇ ਪਾਣੀ ਦੇ ਵਿਵਾਦ ਉੱਤੇ ਚਰਚਾ ਹੋਵੇਗੀ ਅਤੇ ਸਾਰੀਆਂ ਪਾਰਟੀਆਂ ਦੀ ਰਾਇ ਲਈ ਜਾਵੇਗੀ।

ਉਧਰ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਲੋੜ ਪੈਣ ’ਤੇ ਸੈਸ਼ਨ ਵੀ ਸੱਦਿਆ ਜਾਵੇਗਾ।

The post ਇਕ ਮੰਚ ’ਤੇ ਆਏ ਨਾਇਬ ਸਿੰਘ ਸੈਣੀ ਅਤੇ ਭਗਵੰਤ ਮਾਨ, ਨਜ਼ਰਾਂ ਤਾਂ ਮਿਲੀਆਂ ਪਰ… appeared first on Punjabi Tribune.



Source link