ਆਦਿਲ ਅਖ਼ਜ਼ਰ
ਸ੍ਰੀਨਗਰ, 8 ਮਈ
ਭਾਰਤ ਵੱਲੋਂ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿਚ ਦਹਿਸ਼ਤੀ ਟਿਕਾਣਿਆਂ ’ਤੇ ਹਮਲੇ ਤੋਂ ਇਕ ਦਿਨ ਮਗਰੋਂ ਪਾਕਿਸਤਾਨ ਨੇ ਬੁੱਧਵਾਰ ਰਾਤ ਨੂੰ ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ ਤੇ ਕੌਮਾਂਤਰੀ ਸਰਹੱਦ ਦੇ ਨਾਲ ਗੋਲੇ ਦਾਗੇ ਤੇ ਫਾਇਰਿੰਗ ਵੀ ਕੀਤੀ।
ਥਲ ਸੈਨਾ ਅਧਿਕਾਰੀ ਨੇ ਕਿਹਾ ਕਿ 7 ਤੇ 8 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਥਲ ਸੈਨਾ ਨੇ ਆਪਣੀਆਂ ਚੌਕੀਆਂ ਤੋਂ ਜੰਮੂ ਕਸ਼ਮੀਰ ਵਿਚ ਐੱਲਓਸੀ ਦੇ ਨਾਲ ਕੁਪਵਾੜਾ, ਬਾਰਾਮੂਲਾ, ਉੜੀ ਤੇ ਅਖਨੂਰ ਸੈਕਟਰਾਂ ਵਿਚ ਬਿਨਾਂ ਕਿਸੇ ਭੜਕਾਹਟ ਦੇ ਛੋਟੇ ਹਥਿਆਰਾਂ ਨਾਲ ਫਾਇਰਿੰਗ ਕੀਤੀ ਤੇ ਤੋਪਾਂ ਨਾਲ ਗੋਲੇ ਦਾਗੇ।
ਫੌਜੀ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਫੌਜ ਨੇ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਮੰਗਲਵਾਰ ਅਤੇ ਬੁੱਧਵਾਰ ਦੀ ਰਾਤ ਨੂੰ ਪਾਕਿਸਤਾਨ ਵੱਲੋਂ ਉੱਤਰੀ ਕਸ਼ਮੀਰ ਵਿੱਚ ਕੰਟਰੋਲ ਰੇਖਾ (LoC) ਦੇ ਨਾਲ ਲੱਗਦੇ ਕਸਬਿਆਂ ਅਤੇ ਜੰਮੂ ਦੇ ਪੁਣਛ ਖੇਤਰ ਵਿੱਚ ਭਾਰੀ ਗੋਲਾਬਾਰੀ ਵਿੱਚ ਘੱਟੋ-ਘੱਟ 13 ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ।
ਸਥਾਨਕ ਨਿਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਦੇ ਸਾਲਾਂ ਵਿੱਚ ਇੰਨੀ ਤੇਜ਼ ਗੋਲਾਬਾਰੀ ਨਹੀਂ ਦੇਖੀ। ਚੇਤੇ ਰਹੇ ਕਿ ਬੁੱਧਵਾਰ ਸਵੇਰੇ ਭਾਰਤ ਨੇ ਐਲਾਨ ਕੀਤਾ ਸੀ ਕਿ ਉਸ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ (PoK) ਵਿੱਚ ਦਹਿਸ਼ਤੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ।
The post ਪਾਕਿ ਵੱਲੋਂ ਕੰਟਰੋਲ ਰੇਖਾ ਦੇ ਨਾਲ ਬਿਨਾਂ ਭੜਕਾਹਟ ਦੇ ਫਾਇਰਿੰਗ ਤੇ ਗੋਲਾਬਾਰੀ appeared first on Punjabi Tribune.