ਵਾਸ਼ਿੰਗਟਨ, 23 ਜੁਲਾਈ
ਅਮਰੀਕਾ ਨੇ ਪਿਛਲੇ ਕੁਝ ਦਿਨਾਂ ਦੌਰਾਨ ਅਫ਼ਗਾਨਿਸਤਾਨ ਵਿਚ ਹਵਾਈ ਹਮਲੇ ਕੀਤੇ ਹਨ। ਪੈਂਟਾਗਨ ਮੁਤਾਬਕ ਇਹ ਹਮਲੇ ਤਾਲਿਬਾਨ ਨਾਲ ਲੜ ਰਹੇ ਅਫ਼ਗਾਨ ਸੁਰੱਖਿਆ ਬਲਾਂ ਦੀ ਮਦਦ ਕਰਨ ਲਈ ਕੀਤੇ ਗਏ ਹਨ। ਦੱਸਣਯੋਗ ਹੈ ਕਿ ਅਮਰੀਕਾ ਦੇ ਸਭ ਤੋਂ ਸੀਨੀਅਰ ਫ਼ੌਜੀ ਅਧਿਕਾਰੀ ਇਹ ਮੰਨ ਰਹੇ ਹਨ ਕਿ ਤਾਲਿਬਾਨ ਨੇ ਅਫ਼ਗਾਨਿਸਤਾਨ ਵਿਚ ‘ਰਣਨੀਤਕ ਚੜ੍ਹਤ’ ਕਾਇਮ ਕਰ ਲਈ ਹੈ। ਅਫ਼ਗਾਨਿਸਤਾਨ ਦੇ 400 ਜ਼ਿਲ੍ਹਿਆਂ (ਕਰੀਬ ਅੱਧਾ ਅਫ਼ਗਾਨਿਸਤਾਨ) ‘ਚ ਤਾਲਿਬਾਨ ਦਾ ਇਸ ਵੇਲੇ ਦਬਦਬਾ ਹੈ। ਪੈਂਟਾਗਨ ਨੇ ਹਾਲਾਂਕਿ ਹਮਲਿਆਂ ਬਾਰੇ ਵਿਸਤਾਰ ਵਿਚ ਕੁਝ ਨਹੀਂ ਦੱਸਿਆ। ਅਮਰੀਕਾ ਦੇ ਰੱਖਿਆ ਹੈੱਡਕੁਆਰਟਰ ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਨੇ ਮੀਡੀਆ ਨੂੰ ਦੱਸਿਆ ਕਿ ਭਵਿੱਖ ਵਿਚ ਵੀ ਉਹ ਅਫ਼ਗਾਨ ਬਲਾਂ ਦੀ ਮਦਦ ਲਈ ਹਵਾਈ ਹੱਲੇ ਜਾਰੀ ਰੱਖਣਗੇ। ਇਸ ਬਾਰੇ ਫ਼ੈਸਲਾ ਅਫ਼ਗਾਨਿਸਤਾਨ ਵਿਚ ਹਾਲੇ ਮੌਜੂਦ ਅਮਰੀਕੀ ਫ਼ੌਜਾਂ ਦੇ ਕਮਾਂਡਰ ਜਨਰਲ ਕੈਨੇਥ ‘ਫਰੈਂਕ’ ਮੈਕੈਂਜ਼ੀ ਲੈਣਗੇ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਕਰੀਬ ਦੋ ਦਹਾਕਿਆਂ ਬਾਅਦ ਆਪਣੀਆਂ ਫ਼ੌਜਾਂ ਅਫ਼ਗਾਨਿਸਤਾਨ ਵਿਚੋਂ ਕੱਢਣ ਦਾ ਫ਼ੈਸਲਾ ਲਿਆ ਹੈ ਤੇ ਕਾਫ਼ੀ ਫ਼ੌਜ ਕੱਢੀ ਵੀ ਜਾ ਚੁੱਕੀ ਹੈ। ਸੀਐਨਐਨ ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਨੇ ਪਿਛਲੇ 30 ਦਿਨਾਂ ਦੌਰਾਨ ਕਰੀਬ ਛੇ ਜਾਂ ਸੱਤ ਹਵਾਈ ਹਮਲੇ ਕੀਤੇ ਹਨ। -ਪੀਟੀਆਈ
ਸ਼ਾਂਤੀ ਕਾਇਮ ਕਰਨ ਲਈ ਅਸ਼ਰਫ਼ ਗ਼ਨੀ ਨੂੰ ਹਟਾਉਣਾ ਜ਼ਰੂਰੀ: ਤਾਲਿਬਾਨ
ਇਸਲਾਮਾਬਾਦ: ਤਾਲਿਬਾਨ ਨੇ ਕਿਹਾ ਹੈ ਕਿ ਉਹ ਸੱਤਾ ‘ਤੇ ਏਕਾਧਿਕਾਰ ਨਹੀਂ ਚਾਹੁੰਦੇ, ਪਰ ਅਫ਼ਗਾਨਿਸਤਾਨ ਵਿਚ ਉਦੋਂ ਤੱਕ ਸ਼ਾਂਤੀ ਨਹੀਂ ਹੋਵੇਗੀ ਜਦ ਤੱਕ ਕਾਬੁਲ ਵਿਚ ਨਵੀਂ ਸਰਕਾਰ ਨਹੀਂ ਆਉਂਦੀ ਤੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੂੰ ਹਟਾਇਆ ਨਹੀਂ ਜਾਂਦਾ। ਖ਼ਬਰ ਏਜੰਸੀ ‘ਏਪੀ’ ਨਾਲ ਇਕ ਇੰਟਰਵਿਊ ਵਿਚ ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਜੋ ਕਿ ਜਥੇਬੰਦੀ ਵੱਲੋਂ ਗੱਲਬਾਤ ਕਰ ਰਹੀ ਟੀਮ ਦੇ ਮੈਂਬਰ ਵੀ ਹਨ, ਨੇ ਬਾਗ਼ੀ ਧੜੇ ਵੱਲੋਂ ਇਨ੍ਹਾਂ ਵਿਚਾਰਾਂ ਨੂੰ ਜ਼ਾਹਿਰ ਕੀਤਾ ਹੈ। -ਏਪੀ








