ਨਵੀਂ ਦਿੱਲੀ, 12 ਜੁਲਾਈ
ਭਾਰਤ ‘ਚ ਇੱਕ ਦਿਨ ਅੰਦਰ ਕੋਵਿਡ-19 ਦੇ 37154 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਦੇਸ਼ ‘ਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 3,08,74,376 ਹੋ ਗਈ ਹੈ। ਦੇਸ਼ ‘ਚ ਕਰੋਨਾ ਤੋਂ ਉੱਭਰਨ ਵਾਲੇ ਲੋਕਾਂ ਦੀ ਗਿਣਤੀ 3 ਕਰੋੜ ਤੋਂ ਉੱਪਰ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੇਸ਼ ‘ਚ 724 ਹੋਰ ਮੌਤਾਂ ਹੋਣ ਨਾਲ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 4,08,764 ਹੋ ਗਈ ਹੈ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 4,50,899 ਹੋ ਗਈ ਹੈ ਜੋ ਕੁੱਲ ਮਾਮਲਿਆਂ ਦਾ 1.46 ਫੀਸਦ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਦਰ 97.22 ਫੀਸਦ ਹੈ। ਸਰਕਾਰੀ ਅੰਕੜਿਆਂ ਅਨੁਸਾਰ ਕਰੋਨਾ ਰੋਕੂ ਟੀਕਾਕਰਨ ਦੀ ਰੋਜ਼ਾਨਾ ਔਸਤ ‘ਚ 21 ਜੂਨ ਤੋਂ ਕਮੀ ਦੇਖੀ ਜਾ ਰਹੀ ਹੈ। ਕੋਵਿਨ ਵੈੱਬਸਾਈਟ ‘ਤੇ ਮੁਹੱਈਆ ਅੰਕੜਿਆਂ ਅਨੁਸਾਰ 21-27 ਜੂਨ ਵਾਲੇ ਹਫ਼ਤੇ ‘ਚ ਰੋਜ਼ਾਨਾ ਤਕਰੀਬਨ 61.14 ਲੱਖ ਖੁਰਾਕਾਂ ਦਿੱਤੀਆਂ ਗਈਆਂ।
ਇਸ ਤੋਂ ਬਾਅਦ 28 ਜੂਨ ਤੋਂ 4 ਜੁਲਾਈ ਵਿਚਾਲੇ 41.92 ਤੇ 5-11 ਜੁਲਾਈ ਵਿਚਾਲੇ 34.32 ਲੱਖ ਖੁਰਾਕਾਂ ਦਿੱਤੀਆਂ ਗਈਆਂ ਹਨ। ਇਸੇ ਦੌਰਾਨ ਸਿਹਤ ਮੰਤਰਾਲੇ ਨੇ ਦੱਸਿਆ ਕਿ ਰਾਜਾਂ, ਯੂਟੀਜ਼ ਤੇ ਨਿੱਜੀ ਹਸਪਤਾਲਾਂ ਕੋਲ ਅਜੇ ਕੋਵਿਡ-19 ਰੋਕੂ ਟੀਕਿਆਂ ਦੀਆਂ 1.54 ਕਰੋੜ ਤੋਂ ਵੱਧ ਖੁਰਾਕਾਂ ਪਈਆਂ ਹੋਈਆਂ ਹਨ। -ਪੀਟੀਆਈ
ਪੰਜਾਬ ‘ਚ 5 ਤੇ ਹਰਿਆਣਾ ‘ਚ 6 ਮੌਤਾਂ
ਚੰਡੀਗੜ੍ਹ (ਟਨਸ): ਕਰੋਨਾਵਾਇਰਸ ਕਾਰਨ ਪੰਜਾਬ ‘ਚ 5 ਅਤੇ ਹਰਿਆਣਾ ‘ਚ 6 ਜਣਿਆਂ ਦੀ ਮੌਤ ਹੋ ਗਈ ਹੈ। ਇਸ ਨਾਲ ਪੰਜਾਬ ‘ਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 16,193 ਤੇ ਹਰਿਆਣਾ ਵਿੱਚ 9556 ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਅੱਜ ਪੰਜਾਬ ਵਿੱਚ 119 ਪਾਜ਼ੇਟਿਵ ਕੇਸ ਪਾਏ ਗਏ ਹਨ ਜਦਕਿ 198 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਹੈ। ਇਸ ਸਮੇਂ ਸੂਬੇ ਵਿੱਚ 1494 ਐਕਟਿਵ ਕੇਸ ਹਨ। ਹਰਿਆਣਾ ਵਿੱਚ ਅੱਜ 28 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 59 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।









