ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 21 ਮਈ
ਡਿਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਅੱਜ ਜ਼ਿਲ੍ਹੇ ਦੇ ਪਿੰਡ ਬਾਗੜੀਆਂ ਅਤੇ ਚਨਾਰਥਲ ਕਲਾਂ ਦਾ ਦੌਰਾ ਕੀਤਾ ਅਤੇ ਪਿੰਡਾਂ ਦੇ ਪੰਚਾਂ, ਸਰਪੰਚਾਂ ਤੇ ਹੋਰ ਮੋਹਤਬਰਾਂ ਨੂੰ ਕਰੋਨਾ ਤੋਂ ਬਚਾਓ ਦਾ ਸੰਦੇਸ਼ ਦਿੱਤਾ। ਉਨ੍ਹਾਂ ਨਾਲ ਵਿਧਾਇਕ ਕੁਲਜੀਤ ਸਿੰਘ ਨਾਗਰਾ, ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ, ਜ਼ਿਲ੍ਹਾ ਪੁਲੀਸ ਮੁਖੀ ਅਮਨੀਤ ਕੌਂਡਲ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਡਿਵੀਜ਼ਨਲ ਕਮਿਸ਼ਨਰ ਗੈਂਦ ਨੇ ਲੋਕਾਂ ਕਿਹਾ ਕਿ ਜੇਕਰ ਕਰੋਨਾ ਦੀ ਤੀਜੀ ਲਹਿਰ ਆਈ ਤਾਂ ਉਹ ਬੱਚਿਆਂ ਲਈ ਖ਼ਤਰਨਾਕ ਹੋਵੇਗੀ, ਇਸ ਲਈ ਇਸ ਨੂੰ ਰੋਕਣ ਲਈ ਹੁਣ ਤੋਂ ਹੀ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਏ ਜਾਣ ਅਤੇ ਕਿਸੇ ਵੀ ਬਾਹਰੀ ਵਿਅਕਤੀ ਨੂੰ ਬਿਨਾਂ ਕਿਸੇ ਖਾਸ ਕੰਮ ਦੇ ਪਿੰਡ ਵਿੱਚ ਨਾ ਜਾਣ ਦਿੱਤਾ ਜਾਵੇ। ਉਨ੍ਹਾਂ ਨੇੇ ਪਿੰਡਾਂ ਵਿੱਚ ਸੌ ਫ਼ੀਸਦੀ ਕਰੋਨਾ ਟੀਕਾਕਰਨ ਪੂਰਾ ਕਰਕੇ ਸਰਕਾਰ ਵੱਲੋਂ ਐਲਾਨੀ 10 ਲੱਖ ਰੁਪਏ ਦੀ ਗ੍ਰਾਂਟ ਹਾਸਲ ਕਰਨ ਦੀ ਅਪੀਲ ਵੀ ਕੀਤੀ।
ਸ੍ਰੀ ਗੈਂਦ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਆਪਣੇ ਅੰਦਰ ਕਰੋਨਾ ਦੇ ਹਲਕੇ ਲੱਛਣ ਵੀ ਦਿਸਣ ਤਾਂ ਉਹ ਤੁਰੰਤ ਟੈਸਟ ਕਰਵਾਏ। ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਕਰੋਨਾ ਦੇ ਖਾਤਮੇ ਲਈ ਸਰਕਾਰ ਦੇ ਉਪਰਾਲਿਆਂ ‘ਚ ਪਿੰਡਾਂ ਦੇ ਲੋਕਾਂ ਦੇ ਸਾਥ ਦੀ ਲੋੜ ਹੈ। ਡੀਸੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਮੁੁੱਢਲੇ ਸਿਹਤ ਕੇਂਦਰ ਚਨਾਰਥਲ ਕਲਾਂ ਵੱਲੋਂ ਕਰੋਨਾ ਟੈਸਟ ਲਈ 11,800 ਸੈਂਪਲ ਲਏ ਗਏ ਜਿਨ੍ਹਾਂ ਵਿਚੋਂ 692 ਪਾਜ਼ੇਟਿਵ ਪਾਏ ਗਏ। ਪਾਜ਼ੇਟਿਵ ਵਿਚੋਂ 510 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ 180 ਮਰੀਜ਼ਾਂਂ ਨੂੰ ਘਰਾਂ ਵਿਚ ਇਕਾਂਤਵਾਸ ਕਰਕੇ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 10,200 ਲੋਕਾਂ ਦਾ ਕਰੋਨਾ ਟੀਕਾਕਰਨ ਕੀਤਾ ਜਾ ਚੁੱਕਾ ਹੈ।









